ਕਾਂਗਰਸ ਬੋਲੀ : ਬਦਲਾਅ ਦੇ ਨਾਂ ’ਤੇ ‘ਆਪ’ ਸਰਕਾਰ ਕਰ ਰਹੀ ਹੈ ਲੋਕਾਂ ਦੀ ਲੁੱਟ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਪੈਨਸ਼ਨ ਧਾਰਕਾਂ ਤੋਂ ਵੀ 200 ਰੁਪਏ ਪ੍ਰਤੀ ਮਹੀਨਾ ਟੈਕਸ ਦੇ ਰੂਪ ਵਿਚ ਵਸੂਲਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਕ ਵਾਰ ਫਿਰ ਤੋਂ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ ਅਤੇ ਕਾਂਗਰਸੀ ਵਿਧਾਇਕਾਂ ਨੇ ਤਾਂ ਪੰਜਾਬ ਦੀ ਵਿੱਤੀ ਸਥਿਤੀ ਨੂੰ ਗੰਭੀਰ ਕਰਾਰ ਦੇ ਦਿੱਤਾ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਭਗਵੰਤ ਮਾਨ ਸਰਕਾਰ ਆਪਣੀ ਅਸਲ ਯੋਜਨਾ ਨੂੰ ਜਨਤਕ ਕਰ ਦੇਵੇ ਅਤੇ ਬਦਲਾਅ ਦੇ ਨਾਂ ’ਤੇ ‘ਆਪ’ ਸਰਕਾਰ ਨਵੇਂ ਟੈਕਸਾਂ ਰਾਹੀਂ ਲੋਕਾਂ ਨੂੰ ਲੁੱਟਣਾ ਬੰਦ ਕਰੇ। ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਮੁੱਖ ਮੰਤਰੀ ’ਤੇ ਤੰਜ ਕਸਦਿਆਂ ਕਿਹਾ ਕਿ ਭੀਖ ਦਾ ਕਟੋਰਾ ਬਾਹਰ ਗਿਆ ਹੈ। ਸੂਬੇ ਲਈ ਕੋਈ ਆਮਦਨ ਨਹੀਂ ਅਤੇ ਖ਼ਜ਼ਾਨੇ ਨੂੰ ਰਾਜਸੀ ਵਿਅਕਤੀਆਂ ਵੱਲੋਂ ਜੇਬਾਂ ’ਚ ਪਾਇਆ ਜਾ ਰਿਹਾ ਹੈ ਜੋ ਸਪੱਸ਼ਟ ਰੂਪ ਨਾਲ ਪੰਜਾਬ ਸਰਕਾਰ ਦੀ ਗੰਭੀਰ ਵਿੱਤੀ ਸਥਿਤੀ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਹਰ ਨੌਕਰੀ ਪੇਸ਼ਾ ਵਿਅਕਤੀ ਤੋਂ ਹਰ ਮਹੀਨੇ 200 ਰੁਪਏ ਡਿਵੈਲਪਮੈਂਟ ਅਤੇ ਪ੍ਰੋਫੈਸ਼ਨਲ ਟੈਕਸ ਦੇ ਤੌਰ ’ਤੇ ਵਸੂਲੇ ਜਾ ਰਹੇ ਸਨ ਜੋ ਸਾਲ ਦੇ 2400 ਰੁਪਏ ਬਣਦੇ ਸਨ। ਦੁਕਾਨਦਾਰ ਅਤੇ ਪੈਨਸ਼ਨ ਲੈਣ ਵਾਲੇ ਵਿਅਕਤੀ ਇਸ ਕੈਟਾਗਰੀ ’ਚ ਨਹੀਂ ਆਉਂਦੇ ਸਨ੍ਰ ਪ੍ਰੰਤੂ ਪੰਜਾਬ ਸਰਕਾਰ ਹੁਣ ਪੈਨਸ਼ਨਰਾਂ ਤੋਂ ਵੀ ਇਹ ਟੈਕਸ ਵਸੂਲਣ ਜਾ ਰਹੀ ਹੈ। ਪੈਨਸ਼ਨ ਲੈਣ ਵਾਲੇ ਵਿਅਕਤੀਆਂ ਨੂੰ ਵੀ ਹੁਣ ਹਰ ਸਾਲ 2400 ਰੁਪਏ ਟੈਕਸ ਦੇ ਰੂਪ ਦੇਣੇ ਪਿਆ ਕਰਨਗੇ। ਖਾਸ ਗੱਲ ਇਹ ਹੈ ਕਿ ਟੈਕਸ ਪਹਿਲਾਂ ਹੀ ਪੈਨਸ਼ਨ ਵਿਚੋਂ ਕੱਟ ਲਿਆ ਜਾਵੇਗਾ।
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …