ਕਿਹਾ : ਜਲੀਲ ਕਰਨ ਤੋਂ ਇਲਾਵਾ ਭਿ੍ਰਸ਼ਟ ਤਹਿਸੀਲਦਾਰਾਂ ਖਿਲਾਫ ਕੀ ਹੋਈ ਕਾਰਵਾਈ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਅਤੇ ਵਿਰੋਧੀ ਧਿਰ ਦੇ ਆਗੂਆਂ ਦਰਮਿਆਨ ਆਏ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵਿਵਾਦ ਛਿੜਿਆ ਰਹਿੰਦਾ ਹੈ। ਹੁਣ ਲੰਘੇ ਦਿਨੀਂ ਭਗਵੰਤ ਮਾਨ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੀ, ਜਿਸ ਅਨੁਸਾਰ 48 ਤਹਿਸੀਲਦਾਰਾਂ, ਉਨ੍ਹਾਂ ਦੇ ਏਜੰਟਾਂ ਅਤੇ ਅਰਜੀ ਨਵੀਸਾਂ ’ਤੇ ਰਿਸ਼ਵਤ ਲੈਣ ਦੇ ਆਰੋਪ ਲੱਗੇ ਸਨ। ਜਿਸ ਨੂੰ ਲੈ ਕੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਸਵਾਲ ਚੁੱਕੇ ਹਨ। ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਕਰਾਰ ਵੱਲੋਂ ਕੀਤਾ ਜਾ ਰਿਹਾ ਨਾਟਕ ਸਮਝ ਤੋਂ ਬਾਹਰ ਹੈ। ਉਨ੍ਹਾਂ ਪੁੱਛਿਆ ਕਿ ਜੇਕਰ ਪੰਜਾਬ ਸਰਕਾਰ ਦੇ ਅਨੁਸਾਰ 48 ਤਹਿਸੀਲਦਾਰ, ਉਨ੍ਹਾਂ ਦੇ ਏਜੰਟ ਅਤੇ ਅਰਜੀ ਨਵੀਸ ਭਿ੍ਰਸ਼ਟ ਹਨ ਤਾਂ ਉਨ੍ਹਾਂ ਨੂੰ ਜਲੀਲ ਕਰਨ ਤੋਂ ਇਲਾਵਾ ਉਨ੍ਹਾਂ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ। ਖਹਿਰਾ ਨੇ ਭਗਵੰਤ ਮਾਨ ਸਰਕਾਰ ਵੱਲੋਂ ਜਾਰੀ ਕੀਤੀ ਗਈ ਭਿ੍ਰਸ਼ਟ ਤਹਿਸੀਲਦਾਰਾਂ ਦੀ ਸੂਚੀ ’ਚ ਇਕ ਉਸ ਤਹਿਸੀਲਦਾਰ ਦਾ ਨਾਮ ਹੋਣ ਦੀ ਵੀ ਸ਼ੰਕਾ ਪ੍ਰਗਟ ਕੀਤੀ ਜਿਸ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਭਿ੍ਰਸ਼ਟ ਅਤੇ ਚਰਿੱਤਰਹੀਣ ਹੋਣ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਮੰਤਰੀ ਲਾਲਚੰਦ ਕਟਾਰੂਚੱਕ ਅਤੇ ਜਗਰਾਉਂ ਤੋਂ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਖਿਲਾਫ਼ ਭਗਵੰਤ ਮਾਨ ਸਰਕਾਰ ਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ। ਧਿਆਨ ਰਹੇ ਕਿ ਲੰਘੇ ਦਿਨੀਂ ਪੰਜਾਬ ਸਰਕਾਰ ਨੇ 48 ਭਿ੍ਰਸ਼ਟ ਤਹਿਸੀਲਦਾਰਾਂ ਦੀ ਲਿਸਟ ਜਾਰੀ ਕੀਤੀ, ਜਿਸ ਅਨੁਸਾਰ ਭਿ੍ਰਸ਼ਟ ਤਹਿਸੀਲਦਾਰਾਂ ’ਤੇ ਆਪਣੇ ਏਜੰਟਾਂ ਰਾਹੀਂ ਰਿਸ਼ਵਤ ਲੈਣ ਦਾ ਆਰੋਪ ਲੱਗਿਆ ਸੀ।