ਕਿਹਾ : ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੀ ਦੇਰ ਰਾਤ ਅਮਰੀਕੀ ਸੰਸਦ ਨੂੰ ਦੂਜੀ ਵਾਰ ਸੰਬੋਧਨ ਕੀਤਾ। ਇਸ ਦੌਰਾਨ ਅਮਰੀਕੀ ਸਾਂਸਦਾਂ ਨੇ ਤਾੜੀਆਂ ਦੀ ਗੂੰਜ ’ਚ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਅਮਰੀਕੀ ਸੰਸਦ ਦਾ ਧੰਨਵਾਦ ਕੀਤਾ। ਉਨ੍ਹਾਂ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ’ਤੇ ਬੋਲਦਿਆਂ ਕਿਹਾ ਕਿ ਏ ਆਈ ਦਾ ਮਤਲਬ ਹੈ ਅਮਰੀਕਾ ਅਤੇ ਇੰਡੀਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ’ਤੇ ਮਾਰਟਿਨ ਲੂਥਰ ਕਿੰਗ ਅਤੇ ਗਾਂਧੀ ਦਾ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਭਾਰਤ ਲੋਕਤੰਤਰ ਦੀ ਜਨਨੀ ਹੈ ਅਤੇ ਭਾਰਤ ’ਚ 2500 ਪਾਰਟੀਆਂ ਹਨ। ਸਾਡੀਆਂ 22 ਦਫ਼ਤਰੀ ਭਾਸ਼ਾਵਾਂ ਹਨ, ਹਜ਼ਾਰਾਂ ਬੋਲੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ’ਚ ਹਰ 100 ਸੀਲ ’ਤੇ ਖਾਣ ਦਾ ਅਤੇ ਰਹਿਣ-ਸਹਿਣ ਦਾ ਤਰੀਕਾ ਬਦਲ ਜਾਂਦਾ ਹੈ। ਭਾਰਤ ’ਚ ਵੱਖ-ਵੱਖ ਜ਼ਿੰਦਗੀ ਜਿਊਣ ਦਾ ਕੁਦਰਤੀ ਤਰੀਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣੇਗਾ। ਉਨ੍ਹਾਂ ਕਿਹਾ ਕਿ ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨਾ ਮਾਣ ਅਤੇ ਸਨਮਾਨ ਵਾਲੀ ਗੱਲ ਹੈ ਅਤੇ ਮੈਂ ਇਸ ਸਨਮਾਨ ਦੇ ਲਈ ਭਾਰਤ ਦੀ 1.4 ਅਰਬ ਜਨਤਾ ਵੱਲੋਂ ਧੰਨਵਾਦ ਕਰਦਾ ਹਾਂ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਫਸਟ ਲੇਡੀ ਜਿਲ ਬਾਈਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਵ੍ਹਾਈਟ ਹਾਊਸ ’ਚ ਸਟੇਟ ਡਿਨਰ ਰੱਖਿਆ ਸੀ। ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਉਘੀਆਂ ਹਸਤੀਆਂ ਨੇ ਵੀ ਹਿੱਸਾ ਲਿਆ।