Breaking News
Home / ਦੁਨੀਆ / ਹਿਜ਼ਬੁਲ ਨੂੰ ਅੱਤਵਾਦੀ ਸੂਚੀ ‘ਚ ਪਾਇਆ

ਹਿਜ਼ਬੁਲ ਨੂੰ ਅੱਤਵਾਦੀ ਸੂਚੀ ‘ਚ ਪਾਇਆ

ਭਾਰਤ ਵਿਰੁੱਧ ਲੁਕਵੀਂ ਜੰਗ ‘ਚ ਪਾਕਿ ਨੂੰ ਵੱਡੀ ਹਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਵਿਦੇਸ਼ ਮੰਤਰਾਲੇ ਨੇ ਹਿਜ਼ਬੁਲ ਮੁਜਾਹਦੀਨ ਨੂੰ ਕੌਮਾਂਤਰੀ ਅੱਤਵਾਦੀ ਜਮਾਤ ਐਲਾਨ ਦਿੱਤਾ ਹੈ। ਮੰਤਰਾਲੇ ਨੇ ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ ਹੈ। ਹਿਜ਼ਬੁਲ ਮੁਜਾਹਦੀਨ ਦੇ ਸਰਗਣੇ ਸਈਦ ਸਲਾਹੁਦੀਨ ਨੂੰ ਦੋ ਮਹੀਨੇ ਪਹਿਲਾਂ ਹੀ ਅਮਰੀਕਾ ਕੌਮਾਂਤਰੀ ਅੱਤਵਾਦੀ ਐਲਾਨ ਚੁੱਕਾ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਭਾਰਤ ਵਿਰੁੱਧ ਲੁਕਵੀਂ ਜੰਗ ਦਾ ਮੋਰਚਾ ਖੋਲ੍ਹਣ ਲਈ 1989 ਵਿਚ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਹਿਜ਼ਬੁਲ ਮੁਜਾਹਦੀਨ ਦਾ ਗਠਨ ਕਰਵਾਇਆ ਸੀ। ਪਾਕਿਸਤਾਨ ਦੁਨੀਆ ਸਾਹਮਣੇ ਇਸ ਨੂੰ ਕਸ਼ਮੀਰ ਦੇ ਸਥਾਨਕ ਨੌਜਵਾਨਾਂ ਦੀ ਆਜ਼ਾਦੀ ਲਈ ਸੰਘਰਸ਼ ਦੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਇਹੀ ਨਹੀਂ ਇਸਦੀ ਓਟ ਵਿਚ ਸਲਾਹੁਦੀਨ ਤੇ ਹਿਜ਼ਬੁਲ ਮੁਜਾਹਦੀਨ ਨੂੰ ਪਾਕਿਸਤਾਨ ਖੁੱਲ੍ਹਾ ਸਮਰਥਨ ਵੀ ਦਿੰਦਾ ਰਿਹਾ ਹੈ। ਹਿਜ਼ਬੁਲ ਮੁਜਾਹਦੀਨ ਦੇ ਕੌਮਾਂਤਰੀ ਅੱਤਵਾਦੀ ਜਮਾਤ ਐਲਾਨੇ ਜਾਣ ਦੇ ਨਾਲ ਹੀ ਪਾਕਿਸਤਾਨ ਦੀ ਸਾਜਿਸ਼ ਢਹਿ-ਢੇਰੀ ਹੋ ਗਈ ਹੈ। ਇਸ ਤੋਂ ਬਾਅਦ ਪਾਕਿਸਤਾਨ ਕਸ਼ਮੀਰ ਵਿਚ ਸਰਗਰਮ ਕਿਸੇ ਵੀ ਅੱਤਵਾਦੀ ਨੂੰ ਅਜ਼ਾਦੀ ਘੁਲਾਟੀਆ ਬਣਾਉਣ ਦੀ ਸਥਿਤੀ ਵਿਚ ਨਹੀਂ ਹੋਵੇਗਾ। ਵਾਦੀ ਵਿਚ ਸਰਗਰਮ ਲਸ਼ਕਰ-ਏ-ਤੋਇਬਾ ਦੇ ਜੈਸ਼-ਏ-ਮੁਹੰਮਦ ਪਹਿਲਾਂ ਹੀ ਕੌਮਾਂਤਰੀ ਅੱਤਵਾਦੀ ਜਮਾਤਾਂ ਦੀ ਸੂਚੀ ਵਿਚ ਸ਼ਾਮਲ ਹਨ। ਹੁਣ ਉਸ ਵਿਚ ਹਿਜ਼ਬੁਲ ਮੁਜਾਹਦੀਨ ਦਾ ਨਾਂ ਵੀ ਆ ਗਿਆ ਹੈ। ਕੌਮਾਂਤਰੀ ਅੱਤਵਾਦੀ ਜਮਾਤ ਐਲਾਨੇ ਜਾਣ ਪਿੱਛੋਂ ਇਹੋ ਜਿਹੀਆਂ ਜਮਾਤਾਂ ਵਿਰੁੱਧ ਭਾਰਤੀ ਸੁਰੱਖਿਆ ਏਜੰਸੀਆਂ ਦੀ ਕਾਰਵਾਈ ‘ਤੇ ਮਨੁੱਖੀ ਅਧਿਕਾਰ ਜਮਾਤਾਂ ਉਂਗਲ ਨਹੀਂ ਉਠਾ ਸਕਣਗੀਆਂ। ਇਸ ਨਾਲ ਸੁਰੱਖਿਆ ਬਲਾਂ ਵਲੋਂ ਕਸ਼ਮੀਰ ਵਿਚ ਚਲਾਏ ਜਾ ਰਹੇ ‘ਅਪਰੇਸ਼ਨ ਆਲ ਆਊਟ’ ਨੂੰ ਤਾਕਤ ਮਿਲੇਗੀ।

 

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …