ਅਮਰੀਕੀ ਯੂਨੀਵਰਸਿਟੀ ‘ਚ 19 ਸਾਲਾ ਰੂਥ ਕਰ ਰਹੀ ਸੀ ਮੈਡੀਕਲ ਦੀ ਪੜ੍ਹਾਈ
ਨਿਊਯਾਰਕ : ਅਮਰੀਕਾ ਵਿਚ 19 ਸਾਲ ਦੀ ਭਾਰਤੀ ਮੂਲ ਦੀ ਵਿਦਿਆਰਥਣ ਰੂਥ ਜਾਰਜ ਦੀ ਜਬਰ ਜਨਾਹ ਪਿੱਛੋਂ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਉਹ ਸ਼ਿਕਾਗੋ ਦੀ ਇਲੀਨਾਇਸ ਯੂਨੀਵਰਸਿਟੀ ਤੋਂ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਰੂਥ ਦੀ ਲਾਸ਼ ਯੂਨੀਵਰਸਿਟੀ ਕੈਂਪਸ ਦੀ ਪਾਰਕਿੰਗ ਗੈਰੇਜ ਵਿਚ ਖੜ੍ਹੀ ਉਸ ਦੀ ਕਾਰ ਤੋਂ ਮਿਲੀ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਕੈਂਪਸ ਦੇ ਪੁਲਿਸ ਮੁਖੀ ਕੇਵਿਨ ਬੁਕਰ ਨੇ ਦੱਸਿਆ ਕਿ ਇਸ ਮਾਮਲੇ ਵਿਚ 26 ਸਾਲ ਦੇ ਡੋਨਾਲਡ ਥਰਮਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਉਸ ਦੇ ਖ਼ਿਲਾਫ਼ ਹੱਤਿਆ ਅਤੇ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਡੋਨਾਲਡ ਨੂੰ 2016 ‘ਚ ਲੁੱਟ ਦੇ ਇਕ ਮਾਮਲੇ ਵਿਚ ਛੇ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ ਕੁਝ ਦਿਨ ਪਹਿਲੇ ਹੀ ਪੈਰੋਲ ‘ਤੇ ਬਾਹਰ ਆਇਆ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਚੱਲਿਆ ਕਿ ਵਿਦਿਆਰਥਣ ਸ਼ਨਿਚਰਵਾਰ ਦੇਰ ਰਾਤ 1.35 ਵਜੇ ਗੈਰੇਜ ਵਿਚ ਦਾਖ਼ਲ ਹੋਈ ਸੀ। ਇਸ ਤੋਂ ਕੁਝ ਦੇਰ ਪਿੱਛੋਂ ਇਕ ਹੋਰ ਵਿਅਕਤੀ ਜਿਸ ਦਾ ਯੂਨੀਵਰਸਿਟੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਗੈਰੇਜ ਵਿਚ ਦਾਖ਼ਲ ਹੋਇਆ। ਬਾਅਦ ਵਿਚ ਇਸ ਵਿਅਕਤੀ ਦੀ ਪਛਾਣ ਡੋਨਾਲਡ ਵਜੋਂ ਹੋਈ। ਬੁਕਰ ਨੇ ਦੱਸਿਆ ਕਿ ਵਿਦਿਆਰਥਣ ਦਾ ਪਰਿਵਾਰ ਉਸ ਦਾ ਫੋਨ ਮਿਲਾ ਰਿਹਾ ਸੀ ਪ੍ਰੰਤੂ ਉਹ ਲੱਗ ਨਹੀਂ ਰਿਹਾ ਸੀ। ਇਸ ਪਿੱਛੋਂ ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ। ਛਾਣਬੀਣ ਦੌਰਾਨ ਮੌਕੇ ਤੋਂ ਵਿਦਿਆਰਥਣ ਦਾ ਫੋਨ ਬਰਾਮਦ ਹੋਇਆ। ਵਿਦਿਆਰਥਣ ਦੀ ਚਚੇਰੀ ਭੈਣ ਸੁਨੈਨਾ ਡੇਬੋਰਾ ਨੇ ਫੇਸਬੁੱਕ ‘ਤੇ ਲਿਖਿਆ, ‘ਪਿਆਰੀ ਰੂਥ ਬੇਬੀ…ਤੁਸੀਂ ਸਾਨੂੰ ਹਮੇਸ਼ਾ ਯਾਦ ਆਓਗੇ। ਅਸੀਂ ਵਿਸ਼ਵਾਸ ਨਹੀਂ ਕਰ ਪਾ ਰਹੇ ਹਾਂ ਕਿ ਹੁਣ ਤੁਸੀਂ ਸਾਡੇ ਵਿਚਕਾਰ ਨਹੀਂ ਹੋ…ਤੁਸੀਂ ਬਹੁਤ ਪਿਆਰੀ ਭੈਣ ਅਤੇ ਬੇਟੀ ਸੀ। ਈਸ਼ਵਰ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ੇ।’ ਇਲੀਨਾਇਸ ਯੂਨੀਵਰਸਿਟੀ ਦੇ ਕੁਲਪਤੀ ਮਾਈਕਲ ਏਮੀਰਿਡਿਸ ਨੇ ਕਿਹਾ ਕਿ ਇਸ ਘਟਨਾ ਤੋਂ ਅਸੀਂ ਸਾਰੇ ਦੁਖੀ ਹਾਂ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …