Breaking News
Home / ਦੁਨੀਆ / ਲੰਡਨ ‘ਚ ਅੱਤਵਾਦੀ ਹਮਲੇ ਦੌਰਾਨ 7 ਵਿਅਕਤੀਆਂ ਦੀ ਮੌਤ

ਲੰਡਨ ‘ਚ ਅੱਤਵਾਦੀ ਹਮਲੇ ਦੌਰਾਨ 7 ਵਿਅਕਤੀਆਂ ਦੀ ਮੌਤ

ਪੈਦਲ ਜਾ ਰਹੇ ਵਿਅਕਤੀਆਂ ‘ਤੇ ਚੜ੍ਹਾਈ ਵੈਨ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੀ ਰਾਜਧਾਨੀ ਵਿੱਚ ਚਾਕੂ ਨਾਲ ਲੈਸ ਤਿੰਨ ਹਮਲਾਵਰਾਂ ਜਿਨ੍ਹਾਂ ਨੇ ਨਕਲੀ ਆਤਮਘਾਤੀ ਜੈਕਟਾਂ ਪਾਈਆਂ ਹੋਈਆਂ ਸਨ ਨੇ ਨੇੜਲੀ ਮਾਰਕਿਟ ਵਿੱਚ ਲੋਕਾਂ ‘ਤੇ ਹਮਲਾ ਕਰਨ ਤੋਂ ਪਹਿਲਾਂ ਲੰਡਨ ਪੁਲ ‘ਤੇ ਪੈਦਲ ਜਾ ਰਹੇ ਲੋਕਾਂ ਨੂੰ ਵੈਨ ਨਾਲ ਦਰੜ ਦਿੱਤਾ। ਇਸ ਹਮਲੇ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਥੈਰੇਸਾ ਨੇ ਇਸ ਕਾਰਵਾਈ ਲਈ ਇਸਲਾਮਿਕ ਅੱਤਵਾਦ ਦੀ ‘ਗੰਦੀ ਵਿਚਾਰਧਾਰਾ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਰਾਤ 10 ਵਜੇ ਦੇ ਕਰੀਬ ਹੋਏ ਇਸ ਹਮਲੇ ਵਿੱਚ 48 ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚ ਚਾਰ ਫਰਾਂਸੀਸੀ ਹਨ। ਬਰਤਾਨੀਆ ਵਿੱਚ ਲੰਘੇ ਤਿੰਨ ਮਹੀਨਿਆਂ ਵਿੱਚ ਚੋਣਾਂ ਤੋਂ ਪਹਿਲਾਂ ਇਹ ਤੀਜਾ ਹਮਲਾ ਹੈ। ਪੁਲਿਸ ਅਤੇ ਇਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਤਿੰਨ ਹਮਲਾਵਰਾਂ ਨੇ ਸਫੇਦ ਰੰਗ ਦੀ ਵੈਨ ਲੋਕਾਂ ਨਾਲ ਭਰੇ ਲੰਡਨ ਪੁਲ ‘ਤੇ ਇਕ ਭੀੜ ‘ਤੇ ਚੜ੍ਹਾ ਦਿੱਤੀ ਅਤੇ ਮਗਰੋਂ ਵੈਨ ਤੋਂ ਉਤਰ ਕੇ ਨੇੜਲੀ ਬੋਰੋ ਮਾਰਕਿਟ ਵਿੱਚ ਬਾਰ ਅਤੇ ਰੈਸਟੋਰੈਂਟ ਵਿਚਲੇ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਹ ‘ਇਹ ਅੱਲਾਹ ਲਈ ਹੈ’ ਦਾ ਨਾਅਰਾ ਲਾ ਰਹੇ ਸੀ। ਜ਼ਖ਼ਮੀ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਘਟਨਾ ਦਾ ਪਤਾ ਚੱਲਦੇ ਹੀ ਹਥਿਆਰਬੰਦ ਪੁਲਿਸ ਤੁਰਤ ਮੌਕੇ ‘ਤੇ ਪੁੱਜੀ ਅਤੇ ਅੱਠ ਮਿੰਟਾਂ ਹੀ ਤਿੰਨੇ ਹਮਲਾਵਰਾਂ ਨੂੰ ਮਾਰ ਮੁਕਾਇਆ। ਮੈਟ ਪੁਲਿਸ ਦੇ ਸਹਾਇਕ ਕਮਿਸ਼ਨਰ ਮਾਰਕ ਰੋਅਲੀ ਨੇ ਦੱਸਿਆ ਕਿ ਹਮਲਾਵਰਾਂ ਨੇ ਆਤਮਘਾਤੀ ਜੈਕਟਾਂ ਪਾਈਆਂ ਹੋਈਆਂ ਸਨ ਜੋ ਜਾਂਚ ਬਾਅਦ ਨਕਲੀ ਪਾਈਆਂ ਗਈਆਂ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ઠਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਕਿਸੇ ਅੱਤਵਾਦੀ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 12 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਲੰਡਨ ਦੇ ਗੁਰਦੁਆਰੇ ਪੀੜਤਾਂ ਲਈ ਬਣੇ ਸਹਾਰਾ
ਲੰਡਨ : ਸ਼ਹਿਰ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਵੱਖ-ਵੱਖ ਥਾਈਂ ਫਸੇ ਹੋਏ ਪੀੜਤਾਂ ਲਈ ਲੰਡਨ ਦੇ ਗੁਰਦਵਾਰਿਆਂ ਨੇ ਦਰਵਾਜ਼ੇ ਖੋਲ੍ਹ ਦਿੱਤੇ। ਗੁਰਦਵਾਰਿਆਂ ਵਿਚ ਪੀੜਤਾਂ ਨੂੰ ਖਾਣਾ ਅਤੇ ਰਿਹਾਇਸ਼ ਦਿੱਤੀ ਜਾ ਰਹੀ ਹੈ। ઠਜਿਉਂ ਹੀ ਹਮਲੇ ਦੀ ਖ਼ਬਰ ਆਈ ਤਾਂ ਸਿੱਖਾਂ ਨੇ ਟਵਿਟਰ ‘ਤੇ ਲਿਖ ਕੇ ਕਿਹਾ ਕਿ ਉਨ੍ਹਾਂ ਦੇ ਗੁਰਦਵਾਰੇ ਪੀੜਤਾਂ ਲਈ ਖੁੱਲ੍ਹੇ ਹਨ ਤੇ ਪੀੜਤ ਤੁਰੰਤ ਗੁਰਦਵਾਰਿਆਂ ਵਿਚ ਪਹੁੰਚ ਕੇ ਆਸਰਾ ਲੈਣ। ਸਿੱਖਾਂ ਨੇ ਨੇੜਲੇ ਗੁਰਦਵਾਰਿਆਂ ਦੇ ਨਕਸ਼ੇ ਵੀ ਟਵਿਟਰ ‘ਤੇ ਪਾ ਦਿੱਤੇ ਤਾਂ ਕਿ ਪੀੜਤਾਂ ਨੂੰ ਰਾਹ ਦਾ ਪਤਾ ਲੱਗ ਸਕੇ।ઠਗਲਾਸਗੋ ਗੁਰਦਵਾਰੇ ਨੇ ਟਵਿਟਰ ‘ਤੇ ਲਿਖਿਆ, ‘ਲੰਡਨ ਵਿਚ ਗੁਰਦਵਾਰੇ, ਹਮਲੇ ਤੋਂ ਪ੍ਰਭਾਵਤ ਲੋਕਾਂ ਲਈ ਖੁੱਲ੍ਹੇ ਹਨ। ਲੋਕ ਤੁਰੰਤ ਉਥੇ ਪਹੁੰਚਣ। ਕੁੱਝ ਲੋਕਾਂ ਨੇ ਫ਼ੇਸਬੁਕ ‘ਤੇ ਵੀ ਸੁਨੇਹੇ ਪਾਏ ਤਾਂਕਿ ਲੰਡਨ ਬ੍ਰਿਜ ਤੇ ਹੋਰ ਥਾਵਾਂ ਵਿਚ ਫਸੇ ਲੋਕਾਂ ਨੂੰ ਫ਼ੌਰੀ ਮਦਦ ਮਿਲ ਸਕੇ।
ਹਮਲੇ ਦਾ ਮਾਸਟਰ ਮਾਈਂਡ ਪਾਕਿਸਤਾਨੀ ਹੋਣ ਦਾ ਸ਼ੱਕ
ਲੰਡਨ : ਇਸਲਾਮਿਕ ਸਟੇਟ ਵੱਲੋਂ ਲੰਡਨ ਵਿੱਚ ਹਮਲੇ ਦੀ ਜ਼ਿੰਮੇਵਾਰੀ ਲੈਣ ਮਗਰੋਂ ਪੁਲਿਸ ਨੇ ਛਾਪਿਆਂ ਦੀ ਮੁਹਿੰਮ ਚਲਾਈ, ਜਿਸ ਦੌਰਾਨ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੱਤ ਵਿਅਕਤੀਆਂ ਦੀ ਜਾਨ ਲੈਣ ਵਾਲੇ ਇਸ ਹਮਲੇ ਵਿੱਚ ਪਾਕਿਸਤਾਨੀ ਮੂਲ ਦਾ ਵਿਅਕਤੀ ਵੀ ਸ਼ਾਮਲ ਸੀ। ਜਾਣਕਾਰੀ ਅਨੁਸਾਰ ਅਬਜ਼ ਨਾਂ ਦਾ ਇਹ ਵਿਅਕਤੀ ਹਮਲਾਵਰਾਂ ਦਾ ਆਗੂ ਸੀ। ਅਬਜ਼ (27) ਪੂਰਬੀ ਲੰਡਨ ਦੇ ਬਾਰਕਿੰਗ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਕਾਰਵਾਈ ਮਗਰੋਂ ਉਸ ਦੀ ਲਾਸ਼ ਮੌਕੇ ਉਤੇ ਪਈ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …