Breaking News
Home / ਦੁਨੀਆ / ਨਵਾਜ਼ ਸ਼ਰੀਫ਼ ਦੇ ਪੁੱਤਰਾਂ ਹਸਨ ਤੇ ਹੁਸੈਨ ਦਾ ਨਾਮ ਕਾਲੀ ਸੂਚੀ ‘ਚ ਸ਼ਾਮਲ

ਨਵਾਜ਼ ਸ਼ਰੀਫ਼ ਦੇ ਪੁੱਤਰਾਂ ਹਸਨ ਤੇ ਹੁਸੈਨ ਦਾ ਨਾਮ ਕਾਲੀ ਸੂਚੀ ‘ਚ ਸ਼ਾਮਲ

ਇਸਲਾਮਾਬਾਦ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਨਵਾਜ਼ ਸ਼ਰੀਫ਼ ਦੇ ਪੁੱਤਰਾਂ ਹਸਨ ਅਤੇ ਹੁਸੈਨ ਨੂੰ ਅਧਿਕਾਰੀਆਂ ਨੇ ਕਾਲੀ ਸੂਚੀ ਵਿਚ ਪਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਹਾਂ ਦੇ ਪਾਕਿਸਤਾਨੀ ਪਾਸਪੋਰਟਾਂ ‘ਤੇ ਸਫ਼ਰ ਕਰਨ ਖਿਲਾਫ਼ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਲੰਡਨ ਵਿਚ ਰਹਿੰਦੇ ਸ਼ਰੀਫ਼ ਦੇ ਦੋਵੇਂ ਪੁੱਤਰਾਂ ਨੂੰ ਅਦਾਲਤ ਨੇ ਭਗੌੜਾ ਐਲਾਨਿਆ ਹੋਇਆ ਹੈ। ਉਨ੍ਹਾਂ ਖਿਲਾਫ਼ ਪਿਤਾ ਦੇ ਨਾਲ ਭ੍ਰਿਸ਼ਟਾਚਾਰ ਦੇ ਤਿੰਨ ਕੇਸ ਦਰਜ ਹਨ। ਭ੍ਰਿਸ਼ਟਾਚਾਰ ਵਿਰੋਧੀ ਕੌਮੀ ਜਵਾਬਦੇਹੀ ਬਿਊਰੋ ਨੇ ਹਸਨ ਅਤੇ ਹੁਸੈਨ ਦੇ ਨਾਮ ਐਗਜ਼ਿਟ ਕੰਟਰੋਲ ਲਿਸਟ ਵਿਚ ਰੱਖਣ ਦੀ ਬੇਨਤੀ ਕੀਤੀ ਸੀ ਪਰ ਕੰਮ ਚਲਾਊ ਕੈਬਨਿਟ ਨੇ ਇਸ ਬਾਬਤ ਕੋਈ ਫ਼ੈਸਲਾ ਨਹੀਂ ਲਿਆ ਸੀ। ਰਿਪੋਰਟ ਮੁਤਾਬਕ ਬਿਊਰੋ ਨੇ ਇਮੀਗਰੇਸ਼ਨ ਅਤੇ ਪਾਸਪੋਰਟ ਡਾਇਰੈਕਟੋਰੇਟ ਕੋਲ ਇਕ ਹੋਰ ਬੇਨਤੀ ਕੀਤੀ ਜਿਸ ਮਗਰੋਂ ਉਨ੍ਹਾਂ ਦੇ ਪਾਸਪੋਰਟ ਬਲਾਕ ਕਰ ਦਿੱਤੇ ਗਏ ਅਤੇ ਨਾਵਾਂ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਗਿਆ। ਪਿਛਲੇ ਹਫ਼ਤੇ ਸੰਘੀ ਜਾਂਚ ਏਜੰਸੀ ਨੇ ਇੰਟਰਪੋਲ ਕੋਲ ਪਹੁੰਚ ਕਰਕੇ ਹਸਨ ਅਤੇ ਹੁਸੈਨ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ।
ਪਟੀਸ਼ਨ ਦੀ ਸੁਣਵਾਈ ਤੋਂ ਜੱਜ ਹਟਿਆ :ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਅਤੇ ਜਵਾਈ ਦੀ ਸਜ਼ਾ ਖਿਲਾਫ਼ ਦਾਖ਼ਲ ਪਟੀਸ਼ਨ ‘ਤੇ ਸੁਣਵਾਈ ਤੋਂ ਲਾਹੌਰ ਹਾਈ ਕੋਰਟ ਦੇ ਜਸਟਿਸ ਸ਼ਮਸ ਮਹਿਮੂਦ ਮਿਰਜ਼ਾ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਹਟ ਗਏ ਹਨ। ਹਾਈ ਕੋਰਟ ਦੇ ਚੀਫ਼ ਜਸਟਿਸ ਨੇ 4 ਅਗਸਤ ਨੂੰ ਜਸਟਿਸ ਸ਼ਮਸ ਦੀ ਅਗਵਾਈ ਹੇਠ ਤਿੰਨ ਮੈਂਬਰੀ ਬੈਂਚ ਬਣਾਈ ਸੀ।

Check Also

ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ

ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …