16.1 C
Toronto
Thursday, April 16, 2026
spot_img
Homeਭਾਰਤਅਮਰੀਕਾ 'ਚ ਵੀਜ਼ਾ ਖਤਮ ਹੋਣ ਪਿੱਛੋਂ

ਅਮਰੀਕਾ ‘ਚ ਵੀਜ਼ਾ ਖਤਮ ਹੋਣ ਪਿੱਛੋਂ

ਰੁਕੇ ਰਹੇ 21 ਹਜ਼ਾਰ ਭਾਰਤੀ
ਗੈਰਕਾਨੂੰਨੀ ਤੌਰ ‘ਤੇ ਰੁਕਣ ਵਾਲੇ ਲੋਕਾਂ ਦੇ ਮਾਮਲਿਆਂ ਵਾਲੇ 10 ਦੇਸ਼ਾਂ ‘ਚ ਭਾਰਤ ਵੀ ਸ਼ਾਮਲ
ਵਾਸ਼ਿੰਗਟਨ/ਬਿਊਰੋ ਨਿਊਜ਼ : ਤਾਜ਼ਾ ਸਰਕਾਰੀ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 2017 ਵਿੱਚ 21 ਹਜ਼ਾਰ ਤੋਂ ਵੱਧ ਭਾਰਤੀ ਆਪਣੇ ਵੀਜ਼ੇ ਦੀ ਮਿਆਦ ਤੋਂ ਬਾਅਦ ਵੀ ਅਮਰੀਕਾ ਵਿੱਚ ਟਿਕੇ ਹੋਏ ਸਨ। ਹਾਲਾਂਕਿ ਅਮਰੀਕਾ ਵਿੱਚ ਵੀਜ਼ੇ ਦੀ ਮਿਆਦ ਤੋਂ ਬਾਅਦ ਵੀ ਟਿਕੇ ਰਹਿਣ ਵਾਲੇ ਭਾਰਤੀਆਂ ਦੀ ਦਰ ਹੋਰਨਾਂ ਮੁਲਕਾਂ ਦੇ ਨਾਗਰਿਕਾਂ ਮੁਕਾਬਲੇ ਕੋਈ ਬਹੁਤੀ ਨਹੀਂ ਪਰ ਇਨ੍ਹਾਂ ਦੀ ਤਾਦਾਦ ਕਰ ਕੇ ਹੀ ਭਾਰਤ ਅਜਿਹੇ ਮੋਹਰੀ ਮੁਲਕਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਜਿਨ੍ਹਾਂ ਦੇ ਨਾਗਰਿਕ ਅਮਰੀਕਾ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਰਹਿਣ ਨੂੰ ਤਰਜੀਹ ਦਿੰਦੇ ਹਨ। ਭਾਰਤ ਉਨ੍ਹਾਂ ਸਿਖਰਲੇ 10 ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੋਂ ਦੇ ਨਾਗਰਿਕ ਕਾਨੂੰਨੀ ਤੌਰ ‘ਤੇ ਅਮਰੀਕਾ ਆਉਂਦੇ ਹਨ ਤੇ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਗੈਰ ਕਾਨੂੰਨੀ ਤੌਰ ‘ਤੇ ਇੱਥੇ ਰੁਕੇ ਰਹਿੰਦੇ ਹਨ।
ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੀ ਜਾਰੀ ਕੀਤੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2017 ਵਿੱਚ 10.7 ਲੱਖ ਤੋਂ ਵੱਧ ਭਾਰਤੀ ਬੀ-1 ਤੇ ਬੀ-2 ਵੀਜ਼ਿਆਂ ‘ਤੇ ਅਮਰੀਕਾ ਆਏ ਸਨ। ਇਸ ਵੰਨਗੀ ਦੇ ਵੀਜ਼ੇ ਕਾਰੋਬਾਰ ਜਾਂ ਘੁੰਮਣ ਫਿਰਨ ਦੇ ਮਕਸਦ ਨਾਲ ਆਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ। ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ 14204 ਮਿਆਦ ਖਤਮ ਹੋਣ ਤੋਂ ਬਾਅਦ ਵੀ ਅਮਰੀਕਾ ਵਿੱਚ ਰਹਿ ਰਹੇ ਸਨ। ਉਂਜ ਇਨ੍ਹਾਂ ਵਿਚੋਂ 1708 ਭਾਰਤੀ ਬਾਅਦ ਵਿੱਚ ਰਵਾਨਾ ਹੋ ਗਏ ਸਨ ਜਦਕਿ 12498 ਭਾਰਤੀਆਂ ਦਾ ਕੋਈ ਅਤਾ ਪਤਾ ਨਹੀਂ ਸੀ। ਸਮਝਿਆ ਜਾਂਦਾ ਹੈ ਕਿ ਉਹ ਅਜੇ ਵੀ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹਿ ਹਨ। 2016 ਵਿੱਚ 10 ਲੱਖ ਤੋਂ ਵੱਧ ਭਾਰਤੀਆਂ ਨੇ ਬੀ-1 ਤੇ ਬੀ-2 ਵੀਜ਼ਿਆਂ ‘ਤੇ ਅਮਰੀਕਾ ਆਏ ਸਨ । ਇਨ੍ਹਾਂ ਵਿੱਚੋਂ 17763 ਭਾਰਤੀਆਂ ਨੇ ਓਵਰਸਟੇਅ ਕੀਤੀ ਸੀ। ਫਿਰ 2040 ਭਾਰਤੀ ਆਪਣੇ ਵੀਜ਼ਿਆਂ ਦੀ ਮਿਆਦ ਪੁੱਗਣ ਤੋਂ ਬਾਅਦ ਰਵਾਨਾ ਹੋ ਗਏ ਸਨ ਜਦਕਿ 15723 ਭਾਰਤੀਆਂ ਦਾ ਕੋਈ ਅਤਾ ਪਤਾ ਨਹੀਂ ਲੱਗ ਸਕਿਆ। ਰਿਪੋਰਟ ਮੁਤਾਬਕ 2017 ਵਿੱਚ 127,435 ਭਾਰਤੀ ਵਿਦਿਆਰਥੀ ਅਤੇ ਰਿਸਰਚ ਸਕਾਲਰ ਐਫ, ਜੇ ਅਤੇ ਐਮ ਵੰਨਗੀ ਦੇ ਵੀਜ਼ਿਆਂ ‘ਤੇ ਅਮਰੀਕਾ ਆਏ ਸਨ। ਇਨ੍ਹਾਂ ਵਿਚੋਂ 4400 ਭਾਰਤੀਆਂ ਨੇ ਓਵਰਸਟੇਅ ਕੀਤੀ ਸੀ ਜਦਕਿ ਅੰਕੜਿਆਂ ਮੁਤਾਬਕ 1567 ਭਾਰਤੀ ਮਗਰੋਂ ਰਵਾਨਾ ਹੋ ਗਏ ਸਨ ਪਰ 2833 ਭਾਰਤੀ ਅਜੇ ਵੀ ਅਮਰੀਕਾ ਵਿੱਚ ਟਿਕੇ ਹੋਏ ਸਨ। ਗ਼ੈਰ-ਆਵਾਸੀਆਂ ਦੀਆਂ ਹੋਰਨਾਂ ਵੰਨਗੀਆਂ ਵਿੱਚੋਂ 4.5 ਲੱਖ ਭਾਰਤੀਆਂ ਦੇ ਅਮਰੀਕਾ ਵਿਚੋਂ ਰਵਾਨਾ ਹੋਣ ਦੀ ਆਸ ਕੀਤੀ ਜਾਂਦੀ ਸੀ ਜਿਨ੍ਹਾਂ ਵਿੱਚੋਂ 9568 ਨੇ ਓਵਰਸਟੇਅ ਕੀਤੀ ਸੀ ਜਦਕਿ 2956 ਨੇ ਵੀਜ਼ਾ ਮਿਆਦ ਪੁੱਗਣ ਤੋਂ ਬਾਅਦ ਚਾਲੇ ਪਾ ਦਿੱਤੇ ਸਨ ਪਰ 6612 ਬਾਰੇ ਅਜੇ ਵੀ ਅਮਰੀਕਾ ਵਿੱਚ ਟਿਕੇ ਹੋਣ ਦਾ ਸ਼ੱਕ ਹੈ।

RELATED ARTICLES
POPULAR POSTS