Breaking News
Home / ਭਾਰਤ / ਜਾਮੀਆ ਯੂਨੀਵਰਸਿਟੀ ‘ਚ ਪੁਲਿਸ ਦੀ ਜ਼ਾਲਮਾਨਾ ਕਾਰਵਾਈ ਦੀ ਸਖਤ ਨਿੰਦਾ

ਜਾਮੀਆ ਯੂਨੀਵਰਸਿਟੀ ‘ਚ ਪੁਲਿਸ ਦੀ ਜ਼ਾਲਮਾਨਾ ਕਾਰਵਾਈ ਦੀ ਸਖਤ ਨਿੰਦਾ

ਵਿਰੋਧੀ ਧਿਰਾਂ ਨੇ ਜਾਮੀਆ ਮਾਮਲੇ ਦੀ ਨਿਆਂਇਕ ਜਾਂਚ ਮੰਗੀ
ਦੇਸ਼ ਦਾ ਮਾਹੌਲ ‘ਖ਼ਰਾਬ’ : ਪ੍ਰਿਯੰਕਾ
ਨਵੀਂ ਦਿੱਲੀ : ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਸੋਮਵਾਰ ਨੂੰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਖਿਲਾਫ ਪੁਲਿਸ ਦੀ ‘ਜ਼ਾਲਮਾਨਾ’ ਕਾਰਵਾਈ ਦੀ ਨਿਖੇਧੀ ਕੀਤੀ। ਉਨ੍ਹਾਂ ਕੈਂਪਸ ਵਿਚ ਵਿਦਿਆਰਥੀਆਂ ਦੀ ਕੁੱਟਮਾਰ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ। ਇੱਥੇ ਕੀਤੀ ਮੀਡੀਆ ਕਾਨਫਰੰਸ ਦੌਰਾਨ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਤੇ ਕਪਿਲ ਸਿੱਬਲ, ਸੀਪੀਐੱਮ ਆਗੂ ਸੀਤਾਰਾਮ ਯੇਚੁਰੀ, ਸੀਪੀਆਈ ਦੇ ਡੀ. ਰਾਜਾ, ਆਰਜੇਡੀ ਦੇ ਮਨੋਜ ਝਾਅ, ਸਪਾ ਦੇ ਜਾਵੇਦ ਅਲੀ ਖ਼ਾਨ ਤੇ ਸ਼ਰਦ ਯਾਦਵ ਨੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਅਗਵਾਈ ‘ਚ ਸੋਮਵਾਰ ਨੂੰ ਕਈ ਪਾਰਟੀ ਆਗੂਆਂ ਨੇ ਇੰਡੀਆ ਗੇਟ ‘ਤੇ ਧਰਨਾ ਦਿੱਤਾ ਤੇ ਜਾਮੀਆ ਮਿਲੀਆ ਇਸਲਾਮੀਆ ਤੇ ਮੁਲਕ ਭਰ ਦੇ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟਾਈ। ਇਸ ਮੌਕੇ ਕਾਂਗਰਸ ਜਨਰਲ ਸਕੱਤਰ ਦੇ ਨਾਲ ਪਾਰਟੀ ਆਗੂ ਅਹਿਮਦ ਪਟੇਲ, ਏ.ਕੇ ਐਂਟਨੀ, ਗੁਲਾਮ ਨਬੀ ਆਜ਼ਾਦ ਤੇ ਰਣਦੀਪ ਸਿੰਘ ਸੁਰਜੇਵਾਲਾ ਵੀ ਹਾਜ਼ਰ ਸਨ। ਪ੍ਰਿਯੰਕਾ ਨੇ ਜਾਮੀਆ ਦੇ ਵਿਦਿਆਰਥੀਆਂ ਖਿਲਾਫ ਦਿੱਲੀ ਪੁਲਿਸ ਦੀ ਕਾਰਵਾਈ ਦੀ ਨਿਖੇਧੀ ਕੀਤੀ। ਉਨ੍ਹਾਂ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁਲਕ ਦਾ ਮਾਹੌਲ ‘ਖ਼ਰਾਬ’ ਹੋ ਗਿਆ ਹੈ। ਪੁਲਿਸ ‘ਵਰਸਿਟੀਆਂ ‘ਚ ਵੜ ਕੇ ਵਿਦਿਆਰਥੀਆਂ ਨੂੰ ਕੁੱਟ ਰਹੀ ਹੈ। ਸਰਕਾਰ ਸੰਵਿਧਾਨ ਨਾਲ ਛੇੜਖਾਨੀ ਕਰ ਰਹੀ ਹੈ ਤੇ ਪਾਰਟੀ ਇਸ ਖਿਲਾਫ ਲੜੇਗੀ। ਕਾਂਗਰਸੀ ਆਗੂ ਕਰੀਬ ਦੋ ਘੰਟੇ ਧਰਨਾ ਲਾ ਕੇ ਬੈਠੇ ਰਹੇ। ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਨਾਗਰਿਕਤਾ ਐਕਟ ਸੰਵਿਧਾਨ ਨੂੰ ਤਬਾਹ ਕਰ ਦੇਵੇਗਾ ਤੇ ਵਿਦਿਆਰਥੀਆਂ ‘ਤੇ ਹਮਲਾ ਭਾਰਤ ਦੀ ਰੂਹ ‘ਤੇ ਹਮਲਾ ਹੈ।
ਜਾਮੀਆ ਦੀ ਉਪ ਕੁਲਪਤੀ ਵੱਲੋਂ ਵਿਦਿਆਰਥੀਆਂ ਦੀ ਹਮਾਇਤ
ਜਾਮੀਆ ਦੀ ਉਪ ਕੁਲਪਤੀ ਨਜਮਾ ਅਖ਼ਤਰ ਨੇ ਵੀ ਵਿਦਿਆਰਥੀਆਂ ਦੀ ਹਮਾਇਤ ਕੀਤੀ ਹੈ ਤੇ ਕਿਹਾ ਕਿ ਪੁਲਿਸ ਬਿਨਾਂ ਪ੍ਰਵਾਨਗੀ ਅੰਦਰ ਦਾਖ਼ਲ ਹੋਈ। ਅਖ਼ਤਰ ਨੇ ਕਿਹਾ ਕਿ ਉਹ ਐੱਫਆਈਆਰ ਦਰਜ ਕਰਵਾਉਣਗੇ ਤੇ ਉਨ੍ਹਾਂ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਉਪ ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ‘ਚ ਪੁਲਿਸ ਦੀ ਮੌਜੂਦਗੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਕਿਸੇ ਸਿਆਸੀ ਸ਼ਖ਼ਸੀਅਤ ਨੂੰ ‘ਵਰਸਿਟੀ ਦੇ ਦੌਰੇ ਦੀ ਇਜਾਜ਼ਤ ਦੇਵੇਗੀ। ਉਨ੍ਹਾਂ ਕਿਹਾ ਕਿ ਸਿਰਫ਼ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨਾਲ ਹੀ ਰਾਬਤਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਬਿਨਾਂ ਮਨਜ਼ੂਰੀ ਕੈਂਪਸ ਵਿਚ ਗਈ ਤੇ ਵਿਦਿਆਰਥੀਆਂ ਨੂੰ ਡਰਾਇਆ।
ਨਾਗਰਿਕਤਾ ਸੋਧ ਕਾਨੂੰਨ ‘ਤੇ ਹਿੰਸਕ ਪ੍ਰਦਰਸ਼ਨ ਮੰਦਭਾਗਾ ਤੇ ਦੁਖਦਾਈ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ‘ਤੇ ਹੋ ਰਹੇ ਵਿਰੋਧ ਪ੍ਰਦਰਸ਼ਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ, ”ਨਾਗਰਿਕਤਾ ਸੋਧ ਕਾਨੂੰਨ ‘ਤੇ ਹਿੰਸਕ ਵਿਰੋਧ-ਪ੍ਰਦਰਸ਼ਨ ਮੰਦਭਾਗਾ ਅਤੇ ਦੁਖਦਾਈ ਹੈ। ਚਰਚਾ ਅਤੇ ਬਹਿਸ ਲੋਕਤੰਤਰ ਦਾ ਹਿੱਸਾ ਹੈ। ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਠੀਕ ਨਹੀਂ ਹੈ।” ਇੱਕ ਹੋਰ ਟਵੀਟ ‘ਚ ਉਨ੍ਹਾਂ ਕਿਹਾ ਕਿ ਇਹ ਸ਼ਾਂਤੀ, ਏਕਤਾ ਅਤੇ ਭਾਈਚਾਰਾ ਬਣਾਈ ਰੱਖਣ ਦਾ ਸਮਾਂ ਹੈ। ਸਾਰਿਆਂ ਨੂੰ ਇਹ ਅਪੀਲ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਅਤੇ ਝੂਠ ਤੋਂ ਦੂਰ ਰਹਿਣ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਉਹ ਇਸ ਗੱਲ ਦਾ ਭਰੋਸਾ ਦਿੰਦੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਨਾਲ ਕਿਸੇ ਧਰਮ ਦਾ ਕੋਈ ਭਾਰਤੀ ਪ੍ਰਭਾਵਿਤ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਉਨ੍ਹਾਂ ਦੇ ਭਾਈਵਾਲਾਂ ‘ਤੇ ਦੋਸ਼ ਲਾਇਆ ਹੈ ਕਿ ਉਹ ਨਾਗਰਿਕਤਾ ਕਾਨੂੰਨ ‘ਤੇ ਰੌਲਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਮੁਲਕ ਦੇ ਕਈ ਹਿੱਸਿਆਂ ‘ਚ ਇਸ ਮੁੱਦੇ ‘ਤੇ ਅੱਗਜ਼ਨੀ ਅਤੇ ਅਸ਼ਾਂਤੀ ਦਾ ਮਾਹੌਲ ਪੈਦਾ ਕਰ ਰਹੀ ਹੈ। ਕਿਸੇ ਪਾਰਟੀ ਜਾਂ ਫਿਰਕੇ ਦਾ ਨਾਮ ਲਏ ਬਿਨਾਂ ਮੋਦੀ ਨੇ ਕਿਹਾ ਕਿ ਜਿਹੜੇ ਅੱਗ ਭੜਕਾ ਰਹੇ ਹਨ, ਉਨ੍ਹਾਂ ਨੂੰ ਕੱਪੜਿਆਂ ਨਾਲ ਪਛਾਣਿਆ ਜਾ ਸਕਦਾ ਹੈ।
ਜਾਮੀਆ ਦੇ ਵਿਦਿਆਰਥੀ ‘ਕੁੱਟਮਾਰ’ ਖਿਲਾਫ ਸੜਕਾਂ ‘ਤੇ ਨਿਕਲੇ
ਨਵੀਂ ਦਿੱਲੀ : ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇਕ ਗਰੁੱਪ ਸਖ਼ਤ ਠੰਢ ‘ਚ ‘ਵਰਸਿਟੀ ਦੇ ਬਾਹਰ ਸੜਕ ‘ਤੇ ਰੋਸ ਪ੍ਰਗਟਾਉਣ ਲਈ ਨਿਕਲਿਆ ਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ। ਕੁਝ ਵਿਦਿਆਰਥੀ ਰੋਸ ਮੁਜ਼ਾਹਰੇ ਵਿਚ ਨੰਗੇ ਧੜ੍ਹ ਸ਼ਾਮਲ ਹੋਏ। ਇਸ ਪ੍ਰਦਰਸ਼ਨ ਵਿਚ ਉਨ੍ਹਾਂ ਦੇ ਨਾਲ ਆਮ ਲੋਕ ਵੀ ਜੁੜਦੇ ਗਏ। ਮੁਜ਼ਾਹਰਾਕਾਰੀਆਂ ਵਿਚ ਕਈ ਸੂਬਿਆਂ ਦੀਆਂ ਵਿਦਿਆਰਥਣਾਂ ਵੀ ਸ਼ਾਮਲ ਸਨ। ਵਿਦਿਆਰਥੀਆਂ ਨੇ ਪੁਲਿਸ ਵੱਲੋਂ ‘ਵਰਸਿਟੀ ਵਿਚ ਕੀਤੀ ਕਾਰਵਾਈ ਦੀ ਸੀਬੀਆਈ ਜਾਂਚ ਮੰਗੀ ਹੈ। ਵਿਦਿਆਰਥੀਆਂ ਨੇ ਤਿਰੰਗਾ ਫੜਿਆ ਹੋਇਆ ਸੀ ਤੇ ਤਾੜੀਆਂ ਮਾਰ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਉਨ੍ਹਾਂ ਇਕ ਸੁਰ ਵਿਚ ਕਿਹਾ ਕਿ ਇਹ ਸਰਕਾਰ ‘ਘੱਟ ਗਿਣਤੀਆਂ, ਵਿਦਿਆਰਥੀ ਤੇ ਗਰੀਬ ਵਿਰੋਧੀ ਹੈ। ਉਹ ਚੁੱਪ ਨਹੀਂ ਬੈਠਣਗੇ।’ ਕੁਝ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਕੈਂਪਸ ‘ਚ ਦੋ ਮਸਜਿਦਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਮਾਮ ਤੇ ਨੇਤਰਹੀਣ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ। ਇਕ ਹੋਰ ਵਿਦਿਆਰਥੀ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ‘ਅੱਤਵਾਦੀ’ ਕਿਹਾ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਕੈਂਪਸ ਦੇ ਹਰ ਕੋਨੇ ‘ਚ ਜਾ ਵਿਦਿਆਰਥੀਆਂ ਨੂੰ ਕੁੱਟਿਆ।
ਵਿਦਿਆਰਥੀਆਂ ਉੱਤੇ ਪੁਲਸੀਆ ਕਹਿਰ ਖਿਲਾਫ ਪੰਜਾਬ ਯੂਨੀਵਰਸਿਟੀ ਵਿਚ ਵੀ ਮੁਜ਼ਾਹਰਾ
ਚੰਡੀਗੜ੍ਹ : ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨਵੀਂ ਦਿੱਲੀ ਵਿਚ ਵਿਦਿਆਰਥੀਆਂ ਵੱਲੋਂ ਨਾਗਰਿਕਤਾ ਸੋਧ ਬਿੱਲ ਖਿਲਾਫ ਕੀਤੇ ਜਾ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕੀਤੀ ਗਈ ਕੁੱਟਮਾਰ ਖਿਲਾਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟਸ ਸੈਂਟਰ ਵਿਚ ਖੱਬੇਪੱਖੀ ਜਥੇਬੰਦੀਆਂ ਐੱਸ.ਐੱਫ.ਐੱਸ, ਏ.ਆਈ. ਐੱਸ.ਏ. (ਆਈਸਾ), ਸੱਥ, ਪੀ.ਐੱਸ.ਯੂ. (ਲਲਕਾਰ), ਐੱਸ.ਐੱਫ.ਆਈ, ਏ.ਆਈ. ਐੱਸ.ਐੱਫ, ਆਈ.ਐੱਸ.ਏ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਅਤੇ ਏ.ਐੱਫ. ਐੱਸ.ਐੱਸ. ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮਗਰੋਂ ਵਿਦਿਆਰਥੀਆਂ ਨੇ ਕੈਂਪਸ ਵਿਚ ਰੋਸ ਮਾਰਚ ਕੀਤਾ ਅਤੇ ਸੈਕਟਰ 14 ਦੇ ਬਾਜ਼ਾਰ ਵਿਚ ਜਾ ਕੇ ਆਰਐੱਸਐੱਸ ਅਤੇ ਭਾਜਪਾ ਦਾ ਪੁਤਲਾ ਫੂਕਿਆ। ਇਸ ਮੌਕੇ ਵਿਦਿਆਰਥੀ ਆਗੂ ਪ੍ਰੋ. ਮਨਜੀਤ ਸਿੰਘ ਸਾਬਕਾ ਪੂਟਾ ਪ੍ਰਧਾਨ, ਹਰਮਨ, ਅਮਨਦੀਪ, ਪ੍ਰਿਯਾ, ਕਨੂਪ੍ਰਿਯਾ, ਮਹਿਤਾਬ ਸਿੰਘ ਤੇ ਜਰਨੈਲ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਬੀਤੇ ਦਿਨ ਨਵੀਂ ਦਿੱਲੀ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਪੁਲਸੀਆ ਕਹਿਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬਿੱਲ ਭਾਜਪਾ ਅਤੇ ਆਰ.ਐੱਸ.ਐੱਸ. ਦਾ ਫਿਰਕੂ ਏਜੰਡਾ ਹੈ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਦੀ ਕੇਂਦਰੀ ਕਾਰਜਕਾਰਨੀ ਮੈਂਬਰ ਕੁਦਰਤਜੋਤ ਕੌਰ ਨੇ ਕਿਹਾ ਕਿ ਜੋ ਦਿੱਲੀ ‘ਚ ਵਾਪਰਿਆ ਉਹ ਉਨ੍ਹਾਂ ਆਗੂਆਂ ਦੀ ਸ਼ਰਾਰਤ ਸੀ ਜੋ ਵਿਦਿਆਰਥੀਆਂ ਰਾਹੀਂ ਸਮਾਜ ਵਿਚ ਨਫ਼ਰਤ ਫੈਲਾਉਂਦੇ ਹਨ। ਜਥੇਬੰਦੀ ਦੀ ਪੀਯੂ ਇਕਾਈ ਦੇ ਪ੍ਰਧਾਨ ਹਰੀਸ਼ ਗੁੱਜਰ ਅਤੇ ਜਨਰਲ ਸਕੱਤਰ ਪ੍ਰਿਯਾ ਸ਼ਰਮਾ ਨੇ ਕਿਹਾ ਕਿ ਉਕਤ ਵਿਰੋਧ ਖੱਬੇਪੱਖੀਆਂ ਵੱਲੋਂ ਕੀਤਾ ਗਿਆ ਗਲਤ ਪ੍ਰਚਾਰ ਹੈ

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …