ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਦੇ ਸਾਰੇ ਹਵਾਈ ਅੱਡਿਆਂ ਤੋਂ ਉਡਾਣਾਂ ਹੋਈਆਂ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਅੱਜ ਸੋਮਵਾਰ ਨੂੰ 9 ਸੂਬਿਆਂ ਦੇ 32 ਹਵਾਈ ਅੱਡੇ ਖੋਲ੍ਹ ਦਿੱਤੇ ਗਏ ਹਨ। ਏਅਰ ਲਾਈਨਜ਼ ਕੰਪਨੀਆਂ ਵਲੋਂ ਯਾਤਰੀਆਂ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਧਿਆਨ ਰਹੇ ਕਿ ਲੰਘੀ 9 ਮਈ ਤੋਂ ਇਨ੍ਹਾਂ ਹਵਾਈ ਅੱਡਿਆਂ ਤੋਂ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਏਅਰ ਪੋਰਟ ਅਥਾਰਿਟੀ ਆਫ ਇੰਡੀਆ ਨੇ ਪ੍ਰੈਸ ਰਿਲੀਜ਼ ਦੇ ਜਰੀਏ ਹਵਾਈ ਅੱਡੇ ਖੋਲ੍ਹਣ ਸਬੰਧੀ ਜਾਣਕਾਰੀ ਦਿੱਤੀ ਹੈ। ਯਾਤਰੀਆਂ ਨੂੰ ਫਲਾਈਟਾਂ ਦੀ ਜਾਣਕਾਰੀ ਦੇ ਲਈ ਏਅਰ ਲਾਈਨਜ਼ ਕੰਪਨੀਆਂ ਦੀਆਂ ਵੈਬਸਾਈਟਾਂ ਦੇਖਣ ਲਈ ਕਿਹਾ ਗਿਆ ਹੈ। ਇਸਦੇ ਚੱਲਦਿਆਂ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਵੀ ਸਾਰੇ ਹਵਾਈ ਅੱਡੇ ਖੋਲ੍ਹ ਦਿੱਤੇ ਗਏ ਹਨ। ਧਿਆਨ ਰਹੇ ਕਿ ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ 7 ਮਈ ਨੂੰ ਪਾਕਿਸਤਾਨ ’ਤੇ ਏਅਰ ਸਟਰਾਈਕ ਕੀਤੀ ਸੀ ਅਤੇ ਪਾਕਿਸਤਾਨ ਨੇ ਵੀ ਭਾਰਤ ਦੇ ਸਰਹੱਦੀ ਇਲਾਕਿਆਂ ’ਚ ਮਿਜ਼ਾਈਲਾਂ ਸੁੱਟੀਆਂ ਸਨ। ਇਸਦੇ ਚੱਲਦਿਆਂ ਸਿਵਲ ਏਵੀਏਸ਼ਨ ਮੰਤਰਾਲੇ ਨੇ 10 ਮਈ ਨੂੰ 9 ਸੂਬਿਆਂ ਦੇ 32 ਹਵਾਈ ਅੱਡਿਆਂ ਨੂੰ ਬੰਦ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤਾ ਸੀ। ਹੁਣ ਜੰਗਬੰਦੀ ਹੋਣ ਤੋਂ ਬਾਅਦ ਇਨ੍ਹਾਂ ਸਾਰੇ ਹਵਾਈ ਅੱਡਿਆਂ ਤੋਂ ਉਡਾਣਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ।