ਐਫਪੀਓ ਰੱਦ ਹੋਣ ਤੋਂ ਬਾਅਦ ਗਰੁੱਪ ਦੇ ਸ਼ੇਅਰ 10 ਫੀਸਦੀ ਤੱਕ ਡਿੱਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਤੋਂ ਅਡਾਨੀ ਇੰਟਰਪ੍ਰਾਈਜ਼ਿਜ਼ ਲਿਮਟਿਡ ਨੂੰ ਦਿੱਤੇ ਗਏ ਕਰਜ਼ੇ ਬਾਰੇ ਜਾਣਕਾਰੀ ਮੰਗੀ ਹੈ। ਅਡਾਨੀ ਗਰੁੱਪ ਦੇ ਫੁਲੀ ਸਬਸਕਰਾਈਬਡ ਐਫਪੀਓ ਰੱਦ ਹੋਣ ਤੋਂ ਬਾਅਦ ਸੇਅਰਾਂ ’ਚ 10 ਫੀਸਦੀ ਤੱਕ ਦੀ ਗਿਰਾਵਟ ਦੇਖੀ ਜਾ ਰਹੀ ਹੈ। ਉਧਰ ਸੰਸਦ ਦੇ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ’ਚ ਇਸ ਮਾਮਲੇ ਦੀ ਜਾਂਚ ਦੀ ਮੰਗ ਨੂੰ ਲੈ ਕੇ ਅੱਜ ਭਾਰੀ ਹੰਗਾਮਾ ਹੋਇਆ, ਜਿਸ ਦੇ ਚਲਦਿਆਂ ਦੋਵੇਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਧਿਆਨ ਰਹੇ ਕਿ ਲੰਘੀ ਦੇਰ ਰਾਤ ਅਡਾਨੀ ਗਰੁੱਪ ਨੇ 20 ਹਜ਼ਾਰ ਕਰੋੜ ਰੁਪਏ ਦੇ ਫੁਲੀ ਸਬਸਕਰਾਈਬਡ ਐਫਪੀਓ ਨੂੰ ਰੱਦ ਕਰ ਦਿੱਤਾ ਸੀ। ਕੰਪਨੀ ਨੇ ਕਿਹਾ ਸੀ ਕਿ ਇਨਵੈਸਟਰਜ਼ ਦਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਲੰਘੇ ਬੁੱਧਵਾਰ ਨੂੰ ਅਡਾਨੀ ਇੰਟਰਪ੍ਰਾਈਜ਼ਿਜ਼ ਦੇ ਸ਼ੇਅਰ 26.70 ਫੀਸਦੀ ਡਿੱਗ ਕੇ 2,179.75 ’ਤੇ ਬੰਦ ਹੋਇਆ ਸੀ, ਜਿਸ ਕਾਰਨ ਅਡਾਨੀ ਗਰੁੱਪ ਨੇ ਐਫਪੀਓ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਹੈ। ਗੌਤਮ ਅਡਾਨੀ ਨੇ ਐਫਪੀਓ ਰੱਦ ਕਰਨ ਤੋਂ ਬਾਅਦ ਇਕ ਵੀਡੀਓ ਮੈਸੇਜ ਦਿੱਤਾ, ਜਿਸ ’ਚ ਉਨ੍ਹਾਂ ਸਾਰੇ ਇਨਵੈਸਟਰਜ਼ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਿਛਲੇ ਹਫ਼ਤੇ ਸਟਾਕ ’ਚ ਹੋਏ ਉਤਰਾ-ਚੜ੍ਹਾਅ ਦੇ ਬਾਵਜੂਦ ਕੰਪਨੀ ਦੇ ਬਿਜਨਸ ਅਤੇ ਉਸਦੀ ਮੈਨੇਜਮੈਂਟ ’ਚ ਤੁਹਾਡਾ ਭਰੋਸਾ ਸਾਨੂੰ ਹੌਸਲਾ ਦਿੰਦਾ ਹੈ।