Breaking News
Home / ਭਾਰਤ / ਪੰਜਾਬ ਸਰਕਾਰ ਵਲੋਂ ਸਿੱਖ ਭਾਈਚਾਰੇ ਨੂੰ ਮੁਆਵਜ਼ੇ ਦੇ ਪ੍ਰਸਤਾਵ ਤੋਂ ਮੇਘਲਿਆ ਸਰਕਾਰ ਨਾਖੁਸ਼

ਪੰਜਾਬ ਸਰਕਾਰ ਵਲੋਂ ਸਿੱਖ ਭਾਈਚਾਰੇ ਨੂੰ ਮੁਆਵਜ਼ੇ ਦੇ ਪ੍ਰਸਤਾਵ ਤੋਂ ਮੇਘਲਿਆ ਸਰਕਾਰ ਨਾਖੁਸ਼

ਕੋਨਾਰਡ ਸੰਗਮਾ ਛੇਤੀ ਹੀ ਕੈਪਟਨ ਅਮਰਿੰਦਰ ਨਾਲ ਕਰਨਗੇ ਗੱਲਬਾਤ
ਸ਼ਿਲਾਂਗ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਸ਼ਿਲਾਂਗ ਵਿਚ ਰਹਿੰਦੇ ਸਿੱਖ ਭਾਈਚਾਰੇ ਨੂੰ 60 ਲੱਖ ਰੁਪਏ ਮੁਆਵਜ਼ਾ ਦੇਣ ਦੇ ਫ਼ੈਸਲੇ ‘ਤੇ ਮੇਘਾਲਿਆ ਸਰਕਾਰ ਨੇ ‘ਨਾਖ਼ੁਸ਼ੀ’ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਇੱਥੇ ਹੋਏ ਫ਼ਸਾਦ ਦੌਰਾਨ ਭਾਈਚਾਰੇ ਦਾ ਮਾਲੀ ਨੁਕਸਾਨ ਹੋਇਆ ਸੀ। ਮੇਘਾਲਿਆ ਦੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹੈਮਲੈੱਟਸੋਨ ਦੌਹਲਿੰਗ ਨੇ ਪੰਜਾਬ ਸਰਕਾਰ ਨੂੰ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਫ਼ੈਸਲਾ ਮਸਲੇ ਨੂੰ ਹੋਰ ਵਿਗਾੜੇਗਾ ਜਦਕਿ ਮੇਘਾਲਿਆ ਸਰਕਾਰ ਸਹਿਮਤੀ ਨਾਲ ਹੱਲ ਦੇ ਯਤਨ ਕਰ ਰਹੀ ਹੈ। ਪੰਜਾਬ ਸਰਕਾਰ ਨੇ ਇਸੇ ਹਫ਼ਤੇ ਦੇ ਸ਼ੁਰੂ ਵਿਚ ਇਹ ਰਾਸ਼ੀ ਪ੍ਰਵਾਨ ਕੀਤੀ ਸੀ। ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਾਲੀ ਮਦਦ ਵਿਚੋਂ 50 ਲੱਖ ਰੁਪਏ ਖਾਲਸਾ ਮਿਡਲ ਸਕੂਲ ਦੀ ਖ਼ਸਤਾ ਹਾਲ ਇਮਾਰਤ ਲਈ ਰੱਖੇ ਗਏ ਹਨ। ਬਾਕੀ ਰਾਸ਼ੀ ਉਨ੍ਹਾਂ ਸਿੱਖਾਂ ਲਈ ਰੱਖੀ ਗਈ ਹੈ, ਜਿਨ੍ਹਾਂ ਦੀਆਂ ਦੁਕਾਨਾਂ ਤੇ ਟਰੱਕ ਫਸਾਦ ਦੌਰਾਨ ਨੁਕਸਾਨੇ ਗਏ ਹਨ। ਦੌਹਲਿੰਗ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਜੋ ਮਸਲੇ ਦੇ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਸਮੱਸਿਆ ਦੇ ਹੱਲ ਲਈ ਯਤਨ ਕਰ ਰਹੀ ਹੈ। ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਫ਼ੈਸਲਾ ਲੋਕਾਂ ਨੂੰ ਗੁਮਰਾਹ ਕਰਨ ਵਾਲਾ ਹੈ ਕਿਉਂਕਿ ਗੜਬੜੀ ਦੌਰਾਨ ਸਕੂਲ ਜਾਂ ਗੁਰਦੁਆਰੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਪੁਲਿਸ ਦਾ ਸਥਿਤੀ ਉੱਤੇ ਪੂਰਾ ਕਾਬੂ ਹੈ ਤੇ ਪੰਜਾਬੀ ਲੇਨ ਦੇ ਇਸ ਮਸਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਨਰਾਡ ਸੰਗਮਾ ਇਸ ਸਬੰਧੀ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ।

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …