ਦਿੱਲੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ਤੋਂ ਉਮੀਦਵਾਰ ਐਲਾਨੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੀ ਚੌਥੀ ਅਤੇ ਆਖਰੀ ਲਿਸਟ ਵੀ ਆ ਗਈ ਹੈ। ਇਸ ਲਿਸਟ ਵਿਚ 38 ਉਮੀਦਵਾਰਾਂ ਦੇ ਨਾਮ ਹਨ। ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਚੋਣ ਲੜਨਗੇ ਅਤੇ ਮੁੱਖ ਮੰਤਰੀ ਆਤਿਸ਼ੀ ਨੂੰ ਕਾਲਕਾਜੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸੌਰਭ ਭਾਰਦਵਾਜ ਗੇ੍ਰਟਰ ਕੈਲਾਸ਼ ਅਤੇ ਸਤੇਂਦਰ ਜੈਨ ਸ਼ਕੂਰ ਬਸਤੀ ਤੋਂ ਚੋਣ ਲੜਨਗੇ। ‘ਆਪ’ ਨੇ 21 ਨਵੰਬਰ ਤੋਂ 15 ਦਸੰਬਰ ਦੇ ਵਿਚਕਾਰ ਯਾਨੀ ਕਿ 25 ਦਿਨਾਂ ਵਿਚ 4 ਲਿਸਟਾਂ ’ਚ ਸਾਰੇ 70 ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਵਾਰ 26 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਹੈ ਅਤੇ 4 ਵਿਧਾਇਕਾਂ ਦੇ ਹਲਕੇ ਬਦਲੇ ਗਏ ਹਨ। ਇਸੇ ਦੌਰਾਨ ਮਨੀਸ਼ ਸਿਸੋਦੀਆ ਦੀ ਸੀਟ ਪਟਪੜਗੰਜ ਤੋਂ ਜੰਗਪੁਰਾ, ਰਾਖੀ ਬਿਡਲਾਣ ਦੀ ਮੰਗੋਲਪੁਰੀ ਤੋਂ ਮਾਦੀਪੁਰ, ਪ੍ਰਵੀਨ ਕੁਮਾਰ ਦੀ ਜੰਗਪੁਰਾ ਤੋਂ ਜਨਕਪੁਰੀ ਅਤੇ ਦੁਰਗੇਸ਼ ਪਾਠਕ ਦੀ ਕਰਾਵਲ ਨਗਰ ਤੋਂ ਰਾਜੇਂਦਰ ਨਗਰ ਸੀਟ ਬਦਲੀ ਗਈ ਹੈ। ਜ਼ਿਕਰਯੋਗ ਹੈ ਕਿ 2020 ਵਿਚ ਰਾਘਵ ਚੱਢਾ ਰਾਜੇਂਦਰ ਨਗਰ ਤੋਂ ਵਿਧਾਇਕ ਬਣੇ ਸਨ ਅਤੇ 2022 ਵਿਚ ਉਨ੍ਹਾਂ ਦੇ ਰਾਜ ਸਭਾ ਵਿਚ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।