ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ ’ਤੇ ਮਨੀਪੁਰ ਨਾਲ ਧੋਖਾ ਕਰਨ ਦਾ ਲਗਾਇਆ ਆਰੋਪ
ਕਿਹਾ : ਵਿਰੋਧੀ ਪਾਰਟੀਆਂ ਮਨੀਪੁਰ ਹਿੰਸਾ ’ਤੇ ਚਰਚਾ ਹੀ ਨਹੀਂ ਕਰਨਾ ਚਾਹੁੰਦੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਨੀਵਾਰ ਨੂੰ ਕਿਹਾ ਕਿ ਮਨੀਪੁਰ ਹਿੰਸਾ ’ਤੇ ਅਸੀਂ ਸੰਸਦ ’ਚ ਸ਼ੁਰੂ ਤੋਂ ਹੀ ਚਰਚਾ ਕਰਨ ਦੇ ਪੱਖ ਵਿਚ ਸੀ। ਪ੍ਰੰਤੂ ਵਿਰੋਧੀ ਧਿਰ ਵਾਲੇ ਸਿਰਫ਼ ਰਾਜਨੀਤੀ ਕਰਨਾ ਚਾਹੁੰਦੇ ਸਨ ਅਤੇ ਉਹ ਬੇਭਰੋਸਗੀ ਮਤਾ ਲਿਆਏ ਪ੍ਰੰਤੂ ਵੋਟਿੰਗ ਤੋਂ ਭੱਜ ਗਏ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਮਨੀਪੁਰ ਦੇ ਨਾਲ ਧੋਖਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਪੱਛਮੀ ਬੰਗਾਲ ਦੇ ਹਾਵੜਾ ’ਚ ਹੋ ਰਹੇ ਭਾਜਪਾ ਦੇ ਪੰਚਾਇਤੀ ਰਾਜ ਪ੍ਰੀਸ਼ਦ ਪ੍ਰੋਗਰਾਮ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਮੂਲੀਅਤ ਕਰਦੇ ਸਮੇਂ ਕਹੀ। ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਅਤੇ ਮਨੀਪੁਰ ਹਿੰਸਾ ’ਤੇ ਵਿਰੋਧੀ ਧਿਰ ਦੇ ਰਵੱਈਏ ਅਤੇ ਆਪਣੇ 9 ਸਾਲ ਦੇ ਕਾਰਜਕਾਲ ਸਬੰਧੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੀਆਂ ਪਾਰਟੀ ਨੂੰ ਕਿਹਾ ਸੀ ਕਿ ਉਹ ਮਨੀਪੁਰ ਮੁੱਦੇ ’ਤੇ ਚਰਚਾ ਕਰਨਾ ਚਾਹੁੰਦੇ ਹਨ। ਪ੍ਰੰਤੂ ਵਿਰੋਧੀ ਪਾਰਟੀਆਂ ਨੇ ਮਨੀਪੁਰ ਮੁੱਦੇ ’ਤੇ ਚਰਚਾ ਨਹੀਂ ਹੋਣ ਦਿੱਤੀ ਕਿਉਂਕਿ ਉਹ ਜਾਣਦੇ ਸਨ ਕਿ ਮਨੀਪੁਰ ਦਾ ਸੱਚ ਸਭ ਤੋਂ ਜ਼ਿਆਦਾ ਵਿਰੋਧੀ ਪਾਰਟੀਆਂ ਨੂੰ ਹੀ ਚੁਭੇਗਾ। ਵਿਰੋਧੀ ਪਾਰਟੀਆਂ ਦੇਸ਼ ਦੇ ਲੋਕਾਂ ਬਾਰੇ ਨਹੀਂ ਸੋਚਦੇ ਬਲਕਿ ਉਹ ਆਪਣੀ ਰਾਜਨੀਤੀ ਨਾਲ ਮਤਲਬ ਰੱਖਦੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਸੰਸਦ ਅੰਦਰ ਬੇਭਰੋਸਗੀ ਮਤੇ ਨੂੰ ਹਰਾਇਆ ਅਤੇ ਪੂਰੇ ਦੇਸ਼ ’ਚ ਨਕਾਰਾਤਮਕ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਸਦਨ ਦੀ ਕਾਰਵਾਈ ਨੂੰ ਵਿਚਾਲੇ ਹੀ ਛੱਡ ਕੇ ਚਲੇ ਗਏ। ਪੰ੍ਰਤੂ ਸੱਚ ਤਾਂ ਇਹ ਹੈ ਕਿ ਉਹ ਬੇਭਰੋਸਗੀ ਮਤੇ ’ਤੇ ਵੋਟਿੰਗ ਕਰਨ ਤੋਂ ਡਰ ਗਏ ਸਨ ਕਿਉਂਕਿ ਜੇਕਰ ਵੋਟਿੰਗ ਹੁੰਦੀ ਤਾਂ ਹੰਕਾਰੀ ‘ਇੰਡੀਆ’ ਗੱਠਜੋੜ ਦੀ ਪੋਲ ਖੁੱਲ੍ਹ ਜਾਣੀ ਸੀ।