ਯਾਤਰਾ ਮਾਰਗ ’ਚ ਬਰਫ਼ ਦੇ ਤੋਦੇ ਬਣ ਰਹੇ ਨੇ ਰੁਕਾਵਟ, ਫੌਜ ਰਸਤਾ ਸਾਫ ਕਰਨ ’ਚ ਜੁਟੀ
ਚਮੋਲੀ/ਬਿਊਰ ਨਿਊਜ਼ : ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹਣ ’ਚ ਹੁਣ ਸਿਰਫ਼ ਸੱਤ ਦਿਨ ਬਾਕੀ ਹਨ ਪ੍ਰੰਤੂ ਹੇਮਕੁੰਟ ਸਾਹਿਬ ’ਚ ਹੁਣ ਵੀ ਅੱਠ ਫੁੱਟ ਤੋਂ ਜ਼ਿਆਦਾ ਬਰਫ਼ ਜੰਮੀ ਹੈ। ਹਾਲਾਂਕਿ ਫ਼ੌਜ ਦੇ ਜਵਾਨਾਂ ਤੇ ਸੇਵਾਦਾਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਬਰਫ਼ ਹਟਾ ਕੇ ਰਾਹ ਪੱਧਰਾ ਕੀਤਾ ਗਿਆ ਹੈ ਪਰ ਇਸ ਦਰਮਿਆਨ ਜੇਕਰ ਬਰਫ਼ਬਾਰੀ ਹੋਈ ਤਾਂ ਮੁਸੀਬਤ ਵੱਧ ਸਕਦੀ ਹੈ। ਇਸ ਤੋਂ ਇਲਾਵਾ ਅਟਲਾਕੋਟੀ ’ਚ ਅੱਠ ਫੁੱਟ ਉੱਚਾ ਬਰਫ਼ ਦਾ ਤੋਦਾ ਵੀ ਰਾਹ ’ਚ ਰੁਕਾਵਟ ਬਣ ਰਿਹਾ ਹੈ ਜਿਸ ਨੂੰ ਦੋ ਦਿਨਾਂ ’ਚ ਕੱਟਣ ਦਾ ਟੀਚਾ ਮਿੱਥਿਆ ਗਿਆ ਹੈ। ਉੱਧਰ ਮੁੱਖ ਸਕੱਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਯਾਤਰਾ ਦੀਆਂ ਤਿਆਰੀਆਂ ਸਬੰਧੀ ਫੀਡਬੈਕ ਲਈ ਹੈ। ਇਸ ਤੋਂ ਇਲਾਵਾ ਯਾਤਰਾ ਦਾ ਸੰਚਾਲਨ ਕਰਨ ਵਾਲੇ ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਵੀ ਪ੍ਰਸ਼ਾਸਨ ਨੂੰ ਯਾਤਰਾ ਤਿਆਰੀਆਂ ਸਮੇਂ ’ਤੇ ਪੂਰੀ ਕਰਨ ਦਾ ਭਰੋਸਾ ਦਿੱਤਾ ਹੈ। ਹੇਮਕੁੰਟ ਸਾਹਿਬ ’ਚ ਹੈਲੀ ਸੇਵਾ ਦੇਣ ਵਾਲੀ ਡੈੱਕਨ ਕੰਪਨੀ ਵੀ ਤਿਆਰੀਆਂ ’ਚ ਲੱਗ ਗਈ ਹੈ। ਕੰਪਨੀ ਦਾ ਹੈਲੀਕਾਪਟਰ ਗੋਬਿੰਦਘਾਟ ਤੋਂ ਘਾਂਘਰੀਆ ਤੱਕ ਉਡਾਣ ਭਰਦਾ ਹੈ। ਪਿਛਲੇ ਸਾਲ ਗੋਬਿੰਦਘਾਟ ਤੋਂ ਘਾਂਘਰੀਆ ਤੱਕ ਇਕ ਪਾਸੇ ਦਾ ਕਿਰਾਇਆ 2975 ਰੁਪਏ ਸੀ। ਇਸ ਵਾਰ ਕੰਪਨੀ ਨੇ ਕਿਰਾਇਆ ਵਧਾਉਣ ਸਬੰਧੀ ਸਰਕਾਰ ਨੂੰ ਪੱਤਰ ਲਿਖਿਆ ਹੈ। ਅਜਿਹੇ ’ਚ ਇਸ ਵਾਰ ਕਿਰਾਇਆ ਵਧਣ ਦੀ ਸੰਭਾਵਨਾ ਹੈ।