5.2 C
Toronto
Thursday, November 13, 2025
spot_img
Homeਭਾਰਤਮੱਧ ਪ੍ਰਦੇਸ਼ 'ਚ ਚੀਤਿਆਂ ਦੀ ਆਮਦ ਕਾਰਨ ਕਈ ਪਿੰਡਾਂ 'ਚ ਸਹਿਮ

ਮੱਧ ਪ੍ਰਦੇਸ਼ ‘ਚ ਚੀਤਿਆਂ ਦੀ ਆਮਦ ਕਾਰਨ ਕਈ ਪਿੰਡਾਂ ‘ਚ ਸਹਿਮ

ਕਿਸਾਨਾਂ ਨੂੰ ਜ਼ਮੀਨ ਖੁੱਸਣ ਦਾ ਖਦਸ਼ਾ, ਪ੍ਰਾਹੁਣਚਾਰੀ ਦਾ ਧੰਦਾ ਅਮੀਰਾਂ ਨੂੰ ਮਿਲਣ ਦੇ ਚਰਚੇ; ਸਥਾਨਕ ਕਾਰੋਬਾਰ ‘ਤੇ ਅਸਰ ਪੈਣ ਦਾ ਦਾਅਵਾ
ਸ਼ਿਓਪੁਰ (ਮੱਧ ਪ੍ਰਦੇਸ਼)/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਕੂਨੋ ਨੈਸ਼ਨਲ ਪਾਰਕ ‘ਚ ਚੀਤਿਆਂ ਦੀ ਆਮਦ ਨਾਲ ਕਈ ਪਿੰਡਾਂ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਨੂੰ ਜ਼ਮੀਨ ਖੁੱਸਣ ਦਾ ਡਰ ਵੀ ਸਤਾਉਣ ਲੱਗ ਪਿਆ ਹੈ। ਉਂਜ ਕੁਝ ਲੋਕਾਂ ਨੂੰ ਉਮੀਦ ਹੈ ਕਿ ਕੂਨੋ ਨੈਸ਼ਨਲ ਪਾਰਕ ਚੀਤਿਆਂ ਕਾਰਨ ਮਸ਼ਹੂਰ ਹੋ ਜਾਵੇਗਾ ਜਿਸ ਨਾਲ ਸੈਲਾਨੀਆਂ ਦੀ ਗਿਣਤੀ ਵਧੇਗੀ ਅਤੇ ਰੁਜ਼ਗਾਰ ਦੇ ਮੌਕੇ ਵਧਣਗੇ। ਸ਼ਿਓਪੁਰ-ਸ਼ਿਵਪੁਰੀ ਸੜਕ ‘ਤੇ ਚਾਹ ਦਾ ਖੋਖਾ ਚਲਾ ਰਹੇ ਰਾਧੇਸ਼ਿਆਮ ਯਾਦਵ ਨੇ ਕਿਹਾ, ”ਜੇਕਰ ਪਾਰਕ ਲਈ ਚਾਰ-ਪੰਜ ਪਿੰਡਾਂ ਦਾ ਉਜਾੜਾ ਕਰ ਦਿੱਤਾ ਗਿਆ ਤਾਂ ਮੇਰੇ ਛੋਟੇ ਜਿਹੇ ਖੋਖੇ ਦਾ ਕੀ ਬਣੇਗਾ। ਪਿਛਲੇ 15 ਸਾਲਾਂ ਤੋਂ ਕੂਨੋ ਪਾਰਕ ਲਈ 25 ਪਿੰਡਾਂ ਦੀ ਜ਼ਮੀਨ ਖੁੱਸਣ ਕਾਰਨ ਅਸੀਂ ਪਹਿਲਾਂ ਹੀ ਆਰਥਿਕ ਤੰਗੀ ਝੱਲ ਰਹੇ ਹਾਂ।” ਕਿਸਾਨ ਰਾਮ ਕੁਮਾਰ ਗੁੱਜਰ ਨੇ ਖ਼ਦਸ਼ਾ ਪ੍ਰਗਟਾਇਆ ਕਿ ਨੇੜੇ ਬਣ ਰਹੇ ਡੈਮ ਕਾਰਨ ਸੇਸਾਈਪੁਰਾ ਦੇ ਲੋਕਾਂ ਦੀ ਰੋਜ਼ੀ-ਰੋਟੀ ਖੁੱਸ ਸਕਦੀ ਹੈ।
ਉਸਨੇ ਮੀਡੀਆ ਨੂੰ ਦੱਸਿਆ ਕਿ ਪਹਿਲਾਂ ਨੈਸ਼ਨਲ ਪਾਰਕ ਲਈ ਪਿੰਡਾਂ ਦਾ ਉਜਾੜਾ ਕੀਤਾ ਗਿਆ ਸੀ ਅਤੇ ਹੁਣ ਕੂਨੋ ਦਰਿਆ ਦੇ ਕੰਢੇ ‘ਤੇ ਡੈਮ ਪ੍ਰਾਜੈਕਟ ਕਾਰਨ ਕਰੀਬ 50 ਪਿੰਡਾਂ ਨੂੰ ਨੁਕਸਾਨ ਝਲਣਾ ਪੈ ਸਕਦਾ ਹੈ। ਜਦੋਂ ਇਹ ਪੁੱਛਿਆ ਗਿਆ ਕਿ ਚੀਤਿਆਂ ਦੀ ਆਮਦ ਨਾਲ ਸੈਲਾਨੀ ਵਧਣਗੇ ਤਾਂ ਉਸ ਨੇ ਦਾਅਵਾ ਕੀਤਾ ਕਿ ਪ੍ਰਾਹੁਣਚਾਰੀ ਦਾ ਧੰਦਾ ‘ਬਾਹਰੀ ਅਮੀਰਾਂ’ ਵੱਲੋਂ ਚਲਾਇਆ ਜਾਵੇਗਾ ਅਤੇ ਸਥਾਨਕ ਲੋਕਾਂ ਨੂੰ ਹੋਟਲਾਂ ਅਤੇ ਰੈਸਟੋਰੈਂਟਾਂ ‘ਚ ਮਾਮੂਲੀ ਕੰਮ ਮਿਲਣਗੇ। ਕੱਪੜਿਆਂ ਦੀ ਦੁਕਾਨ ਕਰਦੇ ਧਰਮੇਂਦਰ ਕੁਮਾਰ ਓਝਾ ਨੇ ਖ਼ਦਸ਼ਾ ਪ੍ਰਗਟਾਇਆ ਕਿ ਚੀਤੇ ਪਿੰਡਾਂ ‘ਚ ਦਾਖ਼ਲ ਹੋ ਸਕਦੇ ਹਨ। ਉਸ ਨੇ ਕਿਹਾ ਕਿ ਬਾਹਰੀ ਲੋਕ ਹੋਟਲ ਅਤੇ ਰੈਸਟੋਰੈਂਟ ਖ਼ਰੀਦ ਰਹੇ ਹਨ ਅਤੇ ਇਸ ਨਾਲ ਉਨ੍ਹਾਂ ਦੇ ਕਾਰੋਬਾਰਾਂ ‘ਤੇ ਅਸਰ ਪੈ ਰਿਹਾ ਹੈ। ਉਂਜ ਉਸ ਨੇ ਪ੍ਰਾਜੈਕਟ ਰਾਹੀਂ ਇਲਾਕੇ ਦਾ ਵਿਕਾਸ ਹੋਣ ਦੀ ਸੰਭਾਵਨਾ ਜਤਾਈ ਹੈ।

RELATED ARTICLES
POPULAR POSTS