Breaking News
Home / ਭਾਰਤ / ਆਪਣੇ ਦਮ ‘ਤੇ ਲੜਾਂਗੇ 2024 ਦੀਆਂ ਚੋਣਾਂ : ਕੇਜਰੀਵਾਲ

ਆਪਣੇ ਦਮ ‘ਤੇ ਲੜਾਂਗੇ 2024 ਦੀਆਂ ਚੋਣਾਂ : ਕੇਜਰੀਵਾਲ

ਆਮ ਆਦਮੀ ਪਾਰਟੀ ਦਾ ਕੌਮੀ ਸੰਮੇਲਨ ਦਿੱਲੀ ‘ਚ ਹੋਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ਼ਾਰਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਹੋਰਨਾਂ ਵਿਰੋਧੀ ਪਾਰਟੀਆਂ ਨਾਲ ਗੱਠਜੋੜ ਦੀ ਥਾਂ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਦਮ ‘ਤੇ ਲੜੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ‘ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਦੇ ਨਾਂ ‘ਤੇ ਆਮ ਆਦਮੀ ਪਾਰਟੀ ਨੂੰ ‘ਮਧੋਲਣ’ ਦੀਆਂ ਕੋਸ਼ਿਸ਼ਾਂ ਕਰਨ ਦਾ ਆਰੋਪ ਲਾਇਆ ਹੈ। ‘ਆਪ’ ਸੁਪਰੀਮੋ ਨੇ ਕਿਹਾ ਕਿ ਭਾਜਪਾ ਅਗਾਮੀ ਗੁਜਰਾਤ ਚੋਣਾਂ ਵਿੱਚ ਹਾਰ ਤੋਂ ਖ਼ੌਫਜ਼ਦਾ ਹੈ। ਕੇਜਰੀਵਾਲ ਨਵੀਂ ਦਿੱਲੀ ਵਿਖੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਦੇ ਵੇਲੋਡੋਰਮ ਵਿੱਚ ‘ਆਪ’ ਦੇ ਚੁਣੇ ਹੋਏ ਪ੍ਰਤੀਨਿਧਾਂ ਦੇ ਪਲੇਠੇ ਕੌਮੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ‘ਆਪ’ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਦ੍ਰਿੜਤਾ ਨਾਲ ਲੜਨ ਦਾ ਅਹਿਦ ਲਿਆ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਭਾਰਤ ਨੂੰ ਨੰਬਰ ਇੱਕ ਬਣਾਉਣ ਤੇ ਭਾਜਪਾ ਦੇ ‘ਅਪਰੇਸ਼ਨ ਲੋਟਸ’ ਨੂੰ ਨਾਕਾਮ ਕਰਨ ਸਬੰਧੀ ਦੋ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਪਾਰਟੀ ਨੁਮਾਇੰਦਿਆਂ ਨੇ ਪ੍ਰਵਾਨਗੀ ਦਿੱਤੀ।
ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਉਨ੍ਹਾਂ ਦੀ ਪਾਰਟੀ ਦੇ ਮੰਤਰੀਆਂ ਤੇ ਆਗੂਆਂ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਝੂਠੇ ਕੇਸਾਂ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਭਾਜਪਾ ਨੂੰ ‘ਗੁਜਰਾਤ ਵਿੱਚ ‘ਆਪ’ ਦੀ ਵਧਦੀ ਮਕਬੂਲੀਅਤ ਹਜ਼ਮ ਨਹੀਂ ਹੋ ਰਹੀ ਹੈ।’ ਪਾਰਟੀ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਭਾਜਪਾ ਅਗਾਮੀ ਗੁਜਰਾਤ ਅਸੈਂਬਲੀ ਚੋਣਾਂ ਤੋਂ ਪਹਿਲਾਂ ‘ਆਪ’ ਦੇ ਵਧਦੇ ਆਧਾਰ ਤੋਂ ਇਸ ਕਦਰ ਪ੍ਰੇਸ਼ਾਨ ਹੈ ਕਿ ‘ਪ੍ਰਧਾਨ ਮੰਤਰੀ ਦੇ ਸਲਾਹਕਾਰ ਹਿਰੇਨ ਜੋਸ਼ੀ ਨੇ ਕਈ ਟੀਵੀ ਚੈਨਲਾਂ ਦੇ ਮਾਲਕਾਂ ਤੇ ਉਨ੍ਹਾਂ ਦੇ ਸੰਪਾਦਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ‘ਆਪ’ ਪਾਰਟੀ ਨੂੰ ਗੁਜਰਾਤ ਵਿੱਚ ਕਵਰੇਜ ਨਾ ਦੇਣ। ਜੋਸ਼ੀ ਨੇ ਨਤੀਜੇ ਭੁਗਤਣ ਦੀ ਵੀ ਗੱਲ ਆਖੀ ਹੈ।” ਮੁੱਖ ਮੰਤਰੀ ਨੇ ਕਿਹਾ, ”ਇਹ ਸਭ ਬੰਦ ਕਰ ਦਿਓ। ਜੇਕਰ ਇਨ੍ਹਾਂ ਸੰਪਾਦਕਾਂ ਨੇ ਜੋਸ਼ੀ ਦੇ ਸੁਨੇਹਿਆਂ ਵਾਲੇ ਸਕਰੀਨਸ਼ੌਟ ਸ਼ਾਂਝੇ ਕਰ ਦਿੱਤੇ ਤਾਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਲਾਹਕਾਰ ਦੇਸ਼ ਨੂੰ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ।” ਉਨ੍ਹਾਂ ਕਿਹਾ, ”ਅਸੀਂ ਗੁਜਰਾਤ ਵਿੱਚ ਸਰਕਾਰ ਬਣਾਵਾਂਗੇ।”
ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ‘ਤੇ ਸੀਬੀਆਈ/ਈਡੀ ਦੀ ਦੁਰਵਰਤੋਂ ਦੇ ਦੋਸ਼ ਵੀ ਲਾਏ। ‘ਰਿਓੜੀ ਸਭਿਆਚਾਰ’ ਬਾਰੇ ਟਿੱਪਣੀਆਂ ਲਈ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਫ੍ਰੀਬੀਜ਼ (ਮੁਫ਼ਤ ਸੌਗਾਤਾਂ) ਨੂੰ ਇਸ ਆਧਾਰ ‘ਤੇ ਭੰਡਿਆ ਜਾ ਰਿਹੈ ਕਿ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਨਾਲ ਦੇਸ਼ ਦੇ ਅਰਥਚਾਰੇ ਦਾ ਭੱਠਾ ਬੈਠ ਜਾਵੇਗਾ।” ਉਨ੍ਹਾਂ ਕਿਹਾ, ”ਸਿਰਫ਼ ਇਕ ਬੇਈਮਾਨ (ਵਿਅਕਤੀ), ਭ੍ਰਿਸ਼ਟ ਤੇ ਗ਼ੱਦਾਰ ਹੀ ਕਹਿ ਸਕਦਾ ਹੈ ਕਿ ਫ੍ਰੀਬੀਜ਼ ਦੇਸ਼ ਲਈ ਚੰਗੀਆਂ ਨਹੀਂ ਹਨ। ਜੇਕਰ ਕੋਈ ਸਿਆਸਤਦਾਨ ਕਹਿੰਦਾ ਹੈ ਕਿ ਫ੍ਰੀਬੀਜ਼ ਨਾਲ ਦੇਸ਼ ਦਾ ਅਰਥਚਾਰਾ ਤਬਾਹ ਹੋ ਜਾਵੇਗਾ ਤਾਂ ਮੰਨ ਲੈਣਾ ਕਿ ਉਸ ਦੇ ਇਰਾਦੇ ਠੀਕ ਨਹੀਂ ਹਨ।”
ਭਗਵੰਤ ਮਾਨ ਦੀ ਗੈਰ-ਹਾਜ਼ਰੀ ਰੜਕੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨੀ ਤੋਂ ਵਾਪਸੀ ‘ਚ 24 ਘੰਟੇ ਦੀ ਦੇਰੀ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਕਰਵਾਏ ਕੌਮੀ ਸੰਮੇਲਨ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਤੌਰ ‘ਤੇ ਸ਼ਾਮਲ ਹੋਣ ਹੋਣ ਦੀ ਬਜਾਏ ਵੀਡੀਓ ਕਾਲ ਰਾਹੀਂ ਹਾਜ਼ਰੀ ਭਰੀ ਹੈ। ਦਿੱਲੀ ‘ਚ ਹੋਏ ‘ਆਪ’ ਦੇ ਕੌਮੀ ਸੰਮੇਲਨ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ, ਵਿਧਾਇਕ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਹਾਜ਼ਰ ਹੋਏ ਸਨ, ਪਰ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ‘ਤੇ ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਨੇ ਜਰਮਨੀ ਤੋਂ ਵੀਡੀਓ ਕਾਲ ਰਾਹੀਂ ਪਾਰਟੀ ਆਗੂਆਂ ਨੂੰ ਸੰਬੋਧਨ ਕੀਤਾ। ਪਾਰਟੀ ਦੇ ਕੌਮੀ ਸੰਮੇਲਨ ਵਿੱਚ ਭਗਵੰਤ ਮਾਨ ਦੀ ਗੈਰ-ਹਾਜ਼ਰੀ ਤੇ ਮੰਚ ‘ਤੇ ਹੋਰਨਾਂ ਕੈਬਨਿਟ ਮੰਤਰੀਆਂ ਨੂੰ ਵਿਸ਼ੇਸ਼ ਥਾਂ ਮਿਲਣ ਕਾਰਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ।
ਰਾਘਵ ਚੱਢਾ ਗੁਜਰਾਤ ‘ਚ ‘ਆਪ’ ਦੇ ਸਹਿ-ਇੰਚਾਰਜ ਨਿਯੁਕਤ
ਅਹਿਮਦਾਬਾਦ : ਆਮ ਆਦਮੀ ਪਾਰਟੀ ਨੇ ਆਪਣੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਸੂਬਾਈ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ‘ਆਪ’ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਗੁਜਰਾਤ ਦਾ ਇੰਚਾਰਜ ਲਾਇਆ ਸੀ।
‘ਆਪਰੇਸ਼ਨ ਲੋਟਸ’ ਪਿਛਲੇ ਲੋਕਾਂ ਦਾ ਪਰਦਾਫਾਸ਼ ਕਰਾਂਗੇ: ਚੀਮਾ
ਨਵੀਂ ਦਿੱਲੀ : ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀਆਂ,ਵਿਧਾਇਕਾਂ ਤੇ ਪਾਰਟੀ ਦੇ ਚੁਣੇ ਹੋਏ ਹੋਰ ਨੁਮਾਇੰਦਿਆਂ ਨੇ ਦਿੱਲੀ ਵਿੱਚ ‘ਆਪ’ ਦੇ ਪਲੇਠੇ ਕੌਮੀ ਸੰਮੇਲਨ ਵਿੱਚ ਭਰਵੀਂ ਹਾਜ਼ਰੀ ਲਗਵਾਈ ਤੇ ਮੁੱਦਿਆਂ ਉੱਤੇ ਡਟੇ ਰਹਿਣ ਦਾ ਅਹਿਦ ਲਿਆ। ਮੰਚ ਉਪਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਬੈਠੇ ਤੇ ਮੰਤਰੀਆਂ ਨੇ ਭਾਸ਼ਣ ਦਿੱਤੇ। ਚੀਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ‘ਆਪਰੇਸ਼ਨ ਲੋਟਸ’ ਤਹਿਤ ਪੰਜਾਬ ਦੇ 10 ਵਿਧਾਇਕਾਂ ਨਾਲ ਰਾਬਤਾ ਕੀਤਾ ਗਿਆ, ਪਰ ਭਾਜਪਾ ਦੀ ਕੋਸ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ ਤੇ ਅਜਿਹੇ ਲੋਕਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਉਨ੍ਹਾਂ ਭਾਜਪਾ ਨੂੰ ਦੇਸ਼ ਲਈ ਖ਼ਤਰਾ ਕਰਾਰ ਦਿੱਤਾ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਤੋਂ ਅੱਕੇ ਲੋਕਾਂ ਨੇ 2014 ‘ਚ ਭਾਜਪਾ ਨੂੰ ਇਸ ਉਮੀਦ ਨਾਲ ਚੁਣਿਆ ਕਿ ਦੇਸ਼ ਵਿੱਚ ਸੁਧਾਰ ਹੋਵੇਗਾ, ਪਰ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ।

 

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …