ਕਾਂਗਰਸ ਆਗੂ ਨੇ ਰਾਮੇਸ਼ਵਰ ਨੂੰ ‘ਭਾਰਤ ਭਾਗਯ ਵਿਧਾਤਾ’ ਦੱਸਿਆ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉਸ ਸਬਜ਼ੀ ਵਿਕਰੇਤਾ ਨਾਲ ਮੁਲਾਕਾਤ ਕੀਤੀ ਜੋ ਟਮਾਟਰ ਦੀਆਂ ਕੀਮਤਾਂ ਵਧਣ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੱਲ ਕਰਦਿਆਂ ਭਾਵੁਕ ਹੋ ਗਿਆ ਸੀ। ਉਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਰਾਹੁਲ ਨੇ ਰਾਮੇਸ਼ਵਰ ਨੂੰ ਇੱਕ ਜ਼ਿੰਮੇਵਾਰ ਇਨਸਾਨ ਤੇ ‘ਭਾਰਤ ਭਾਗਯ ਵਿਧਾਤਾ’ ਕਰਾਰ ਦਿੱਤਾ। ਕਾਂਗਰਸ ਆਗੂ ਨੇ ਰਾਮੇਸ਼ਵਰ ਨਾਲ ਖਾਣਾ ਵੀ ਖਾਧਾ। ਰਾਮੇਸ਼ਵਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਰਾਹੁਲ ਨੇ ਇਸ ਮੁਲਾਕਾਤ ਦੀ ਤਸਵੀਰ ‘ਐਕਸ’ ‘ਤੇ ਸਾਂਝੀ ਕਰਦਿਆਂ ਕਿਹਾ, ‘ਰਾਮੇਸ਼ਵਰ ਜੀ ਇੱਕ ਜ਼ਿੰਮੇਵਾਰ ਇਨਸਾਨ ਹਨ। ਉਨ੍ਹਾਂ ‘ਚ ਕਰੋੜਾਂ ਭਾਰਤੀਆਂ ਦੇ ਸਹਿਜ ਸੁਭਾਅ ਦੀ ਝਲਕ ਦਿਖਾਈ ਦਿੰਦੀ ਹੈ। ਮਾੜੇ ਹਾਲਾਤ ਦੇ ਬਾਵਜੂਦ ਹੱਸਦੇ ਹੋਏ ਮਜ਼ਬੂਤੀ ਨਾਲ ਅੱਗੇ ਵਧਣ ਵਾਲੇ ਹੀ ਸਹੀ ਮਾਇਨਿਆਂ ‘ਚ ‘ਭਾਰਤ ਭਾਗਯ ਵਿਧਾਤਾ’ ਹਨ।’ ਜ਼ਿਕਰਯੋਗ ਹੈ ਕਿ ਰਾਮੇਸ਼ਵਰ ਦਿੱਲੀ ‘ਚ ਸਬਜ਼ੀ ਵੇਚਦਾ ਹੈ। ਇੱਕ ਨਿਊਜ਼ ਪੋਰਟਲ ‘ਤੇ ਟਮਾਟਰ ਦੀਆਂ ਵਧਦੀਆਂ ਕੀਮਤਾਂ ਬਾਰੇ ਗੱਲਬਾਤ ਦੌਰਾਨ ਰਾਮੇਸ਼ਵਰ ਦੀਆਂ ਅੱਖਾਂ ਭਰ ਆਈਆਂ ਸਨ।
ਭਾਰਤ ਤਾਂ ਹੀ ਕਾਮਯਾਬ ਹੋਵੇਗਾ ਜਦੋਂ ਮਹਿਲਾਵਾਂ ਨੂੰ ਬਰਾਬਰੀ ਮਿਲੇਗੀ : ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਅਸਲ ਵਿੱਚ ਤਾਂ ਹੀ ਸਫ਼ਲ ਹੋਵੇਗਾ ਜਦੋਂ ਮਹਿਲਾਵਾਂ ਨੂੰ ਸਮਾਜ ‘ਚ ਬਰਾਬਰ ਸਥਾਨ ਮਿਲੇਗਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਰਾਜਨੀਤੀ ‘ਚ ਆਪਣੀ ਢੁੱਕਵੀਂ ਥਾਂ ਹਾਸਲ ਕਰਨੀ ਚਾਹੀਦੀ ਹੈ ਅਤੇ ਭਾਰਤ ਦੇ ਭਵਿੱਖ ਨੂੰ ਰੂਪ ਦੇਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਂ ‘ਤੇ ‘ਇੰਦਰਾ ਫੈਲੋਸ਼ਿਪ’ ਲਈ ਅਰਜ਼ੀ ਦੇਣ ਸਬੰਧੀ ਇੱਕ ਲਿੰਕ ਵੀ ਸਾਂਝਾ ਕੀਤਾ। ‘ਇੰਦਰਾ ਫੈਲੋਸ਼ਿਪ’ ਭਾਰਤੀ ਯੂਥ ਕਾਂਗਰਸ ਦੀ ਪਹਿਲ ਹੈ। ਉਨ੍ਹਾਂ ਟਵੀਟ ਕੀਤਾ, ‘ਭਾਰਤ ਅਸਲ ਵਿੱਚ ਤਾਂ ਹੀ ਸਫ਼ਲ ਹੋਵੇਗਾ ਜਦੋਂ ਔਰਤਾਂ ਨੂੰ ਸਾਡੇ ਸਮਾਜ ਵਿੱਚ ਬਰਾਬਰੀ ਦਾ ਸਥਾਨ ਮਿਲੇਗਾ। ‘ਇੰਦਰਾ ਫੈਲੋਸ਼ਿਪ’ ਔਰਤਾਂ ਨੂੰ ਮਜ਼ਬੂਤ ਕਰਨ ਤੇ ਸਿਆਸਤ ‘ਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਨੂੰ ਸਿਆਸਤ ‘ਚ ਆਪਣਾ ਢੁੱਕਵਾਂ ਸਥਾਨ ਹਾਸਲ ਕਰਨਾ ਚਾਹੀਦਾ ਹੈ ਤੇ ਭਾਰਤ ਦੇ ਭਵਿੱਖ ਨੂੰ ਰੂਪ ਦੇਣਾ ਚਾਹੀਦਾ ਹੈ।’