ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਭਾਜਪਾ ਮੱਧ ਪ੍ਰਦੇਸ਼ ਦੇ 39 ਅਤੇ ਛੱਤੀਸਗੜ੍ਹ ਦੇ 21 ਉਮੀਦਵਾਰਾਂ ਦਾ ਕੀਤਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਅੱਜ ਮੱਧ ਪ੍ਰਦੇਸ਼ ਲਈ 39 ਅਤੇ ਛੱਤੀਸਗੜ੍ਹ ਲਈ 21 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਜਦਕਿ ਛੱਤੀਸਗੜ੍ਹ ਦੀ ਪਾਟਨ ਸੀਟ ਤੋਂ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਖਿਲਾਫ਼ ਉਨ੍ਹਾਂ ਰਿਸ਼ਤੇਦਾਰ ਵਿਜੇ ਬਘੇਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਵਿਜੇ ਬਘੇਲ ਦੁਰਗ ਤੋਂ ਪਾਰਟੀ ਦੇ ਸੰਸਦ ਮੈਂਬਰ ਹਨ। ਧਿਆਨ ਰਹੇ ਕਿ ਦਿੱਲੀ ‘ਚ ਲੰਘੇ ਦਿਨੀਂ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਚੋਣ ਕਮੇਟੀ ਦੇ ਮੈਂਬਰ ਸ਼ਾਮਲ ਹੋਏ ਸਨ। ਇਸ ਮੀਟਿੰਗ ਦੌਰਾਨ ਹੀ ਇਸ ਗੱਲ ‘ਤੇ ਚਰਚਾ ਹੋਈ ਸੀ ਕਮਜ਼ੋਰ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਜਾਵੇਗਾ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਨੇ ਆਪਣੇ 39 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਇਹ ਸਾਰੀਆਂ ਸੀਟਾਂ ਉਹ ਹਨ ਜਿਨ੍ਹਾਂ ‘ਤੇ ਮੌਜੂਦਾ ਸਮੇਂ ‘ਚ ਕਾਂਗਰਸ ਪਾਰਟੀ ਦਾ ਕਬਜ਼ਾ ਹੈ ਅਤੇ ਜ਼ਿਆਦਾਤਰ ਸੀਟਾਂ ‘ਤੇ ਉਹ ਹਨ ਜਿੱਥੇ ਭਾਰਤੀ ਜਨਤਾ ਪਾਰਟੀ ਲਗਾਤਾਰ ਦੋ ਵਾਰ ਚੋਣ ਹਾਰ ਚੁੱਕੀ ਹੈ।