2.1 C
Toronto
Wednesday, November 12, 2025
spot_img
Homeਭਾਰਤਕਾਲੇ ਖੇਤੀ ਕਾਨੂੰਨਾਂ ਖਿਲਾਫ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ

ਕਾਲੇ ਖੇਤੀ ਕਾਨੂੰਨਾਂ ਖਿਲਾਫ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ

ਕਈ ਸੂਬਿਆਂ ਵਿਚ ਆਮ ਜ਼ਿੰਦਗੀ ਲੀਹੋਂ ਲੱਥੀ, ਰੇਲ ਤੇ ਸੜਕ ਮਾਰਗਾਂ ‘ਤੇ ਆਵਾਜਾਈ ਠੱਪ
ਨਵੀਂ ਦਿੱਲੀ : ਕਿਸਾਨਾਂ ਵੱਲੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਦਿੱਤੇ ‘ਭਾਰਤ ਬੰਦ’ ਦੇ ਸੱਦੇ ਨੂੰ 8 ਦਸੰਬਰ ਨੂੰ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਬੰਦ ਕਰਕੇ ਦੇਸ਼ ਦੇ ਕਈ ਹਿੱਸਿਆਂ ਵਿਚ ਆਮ ਜ਼ਿੰਦਗੀ ਲੀਹੋਂ ਲਹਿ ਗਈ। ਰਾਜਸਥਾਨ ਦੇ ਜੈਪੁਰ ਵਿੱਚ ਸੱਤਾਧਾਰੀ ਕਾਂਗਰਸ ਤੇ ਭਾਜਪਾ ਵਰਕਰਾਂ ਦਰਮਿਆਨ ਹੋਈ ਮਾਮੂਲੀ ਤਕਰਾਰ ਤੇ ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਘੇਰਨ ਜਾਂਦੇ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਤੋਂ ਛੁੱਟ ਕਿਸੇ ਵੱਡੀ ਹਿੰਸਕ ਝੜਪ ਤੋਂ ਬਚਾਅ ਰਿਹਾ। ਦੁਕਾਨਾਂ ਤੇ ਹੋਰ ਵਪਾਰਕ ਕਾਰੋਬਾਰ ਬੰਦ ਰਹੇ ਤੇ ਸੜਕਾਂ ‘ਤੇ ਆਵਾਜਾਈ ਵੀ ਅਸਰਅੰਦਾਜ਼ ਹੋਈ। ਕਿਸਾਨਾਂ ਤੇ ਉਨ੍ਹਾਂ ਦੀ ਹਮਾਇਤ ਵਿਚ ਨਿੱਤਰੇ ਲੋਕਾਂ ਨੇ ਅਹਿਮ ਸੜਕਾਂ ਤੇ ਰੇਲ ਮਾਰਗਾਂ ‘ਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮੁਕੰਮਲ ਚੱਕਾ ਜਾਮ ਰੱਖਿਆ। ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਦੇਸ਼ਵਿਆਪੀ ਬੰਦ ਦਾ ਅਸਰ 25 ਰਾਜਾਂ ਵਿੱਚ ਦਸ ਹਜ਼ਾਰ ਦੇ ਕਰੀਬ ਵੱਖ-ਵੱਖ ਥਾਵਾਂ ‘ਤੇ ਨਜ਼ਰ ਆਇਆ। ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਛੋਟ ਦਿੱਤੀ ਗਈ ਜਦੋਂਕਿ ਬੈਂਕਾਂ ਨੇ ਪੂਰੇ ਦੇਸ਼ ਵਿੱਚ ਆਮ ਵਾਂਗ ਕੰਮਕਾਜ ਜਾਰੀ ਰੱਖਿਆ। ਕਿਸਾਨ ਪ੍ਰਦਰਸ਼ਨਾਂ ਦੇ ਕੇਂਦਰ ਬਿੰਦੂ ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਇਲਾਵਾ ਉੜੀਸਾ, ਮਹਾਰਾਸ਼ਟਰ, ਬਿਹਾਰ ਤੇ ਝਾਰਖੰਡ ਵਿੱਚ ਵੀ ਬੰਦ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ। ਕਰੋਨਾ ਵਾਇਰਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕ ਸੜਕਾਂ ‘ਤੇ ਉੱਤਰੇ, ਹਾਲਾਂਕਿ ਇਸ ਦੌਰਾਨ ਸੂਬਿਆਂ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪ੍ਰਦਰਸ਼ਨਕਾਰੀਆਂ ਨੇ ਥਾਂ-ਥਾਂ ਧਰਨੇ ਲਾ ਕੇ ਮੁਜ਼ਾਹਰੇ ਕੀਤੇ। ਇਸ ਦੌਰਾਨ ਦਿੱਲੀ ਨੂੰ ਵੱਖ-ਵੱਖ ਥਾਵਾਂ ਤੋਂ ਘੇਰੀ ਬੈਠੇ ਕਿਸਾਨ ਦੇ ਧਰਨਿਆਂ ਵਿੱਚ ਵੀ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ। ਦਿੱਲੀ ਦੀ ਟਿੱਕਰੀ ਸਰਹੱਦ ‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲੱਗੇ। ਪ੍ਰਦਰਸ਼ਨਕਾਰੀਆਂ ਨੇ ਪੱਛਮੀ ਬੰਗਾਲ, ਬਿਹਾਰ ਤੇ ਉੜੀਸਾ ਵਿੱਚ ਕਈ ਥਾਈਂ ਰੇਲ ਮਾਰਗਾਂ ਨੂੰ ਬਲਾਕ ਕੀਤਾ। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ‘ਮੰਡੀਆਂ’ ਬੰਦ ਤੇ ਦੁਕਾਨਾਂ ਖੁੱਲ੍ਹੀਆਂ ਰਹੀਆਂ। ਇਸ ਦੌਰਾਨ ਸੱਤਾਧਾਰੀ ਕਾਂਗਰਸ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋਣ ਦੀ ਵੀ ਰਿਪੋਰਟ ਹੈ। ਪੰਜਾਬ ਤੇ ਹਰਿਆਣਾ ਵਿੱਚ ਵੀ ਦੁਕਾਨਾਂ ਤੇ ਕਾਰੋਬਾਰੀ ਅਦਾਰਿਆਂ ਤੋਂ ਇਲਾਵਾ ਪੈਟਰੋਲ ਪੰਪ ਮੁਕੰਮਲ ਰੂਪ ਵਿੱਚ ਬੰਦ ਰਹੇ। ਪੰਜਾਬ ਦੀਆਂ ਤਿੰਨੋਂ ਪ੍ਰਮੁੱਖ ਪਾਰਟੀਆਂ ਸੱਤਾਧਾਰੀ ਕਾਂਗਰਸ, ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਨੇ ਖੁੱਲ੍ਹ ਕੇ ‘ਭਾਰਤ ਬੰਦ’ ਦੇ ਸੱਦੇ ਨੂੰ ਹਮਾਇਤ ਦਿੱਤੀ।
ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਕਾਂਗਰਸ ਤੇ ਖੱਬੀਆਂ ਪਾਰਟੀਆਂ ਨਾਲ ਮਿਲ ਕੇ ‘ਭਾਰਤ ਬੰਦ’ ਦੀ ਹਮਾਇਤ ਕੀਤੀ, ਹਾਲਾਂਕਿ ਟੀਐੱਮਸੀ ਨੇ ਇਸ ਨੂੰ ਅਮਲ ਵਿੱਚ ਲਿਆਉਣ ਤੋਂ ਹੱਥ ਪਿਛਾਂਹ ਖਿੱਚੀ ਰੱਖੇ। ਕਾਂਗਰਸ ਤੇ ਖੱਬੇਪੱਖੀ ਪਾਰਟੀ ਵਰਕਰਾਂ ਨੇ ਸੂਬੇ ਭਰ ਦੇ ਰੇਲਵੇ ਟਰੈਕਾਂ ਤੇ ਸੜਕਾਂ ਨੂੰ ਜਾਮ ਕੀਤਾ। ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਹਨਨ ਮੁੱਲ੍ਹਾ ਨੇ ਬੰਦ ਨੂੰ ਕਿਸਾਨਾਂ ਦੀ ਤਾਕਤ ਦਾ ਮੁਜ਼ਾਹਰਾ ਕਰਾਰ ਦਿੱਤਾ ਹੈ।
ਪੰਜਾਬ ‘ਚ ਪੂਰੀ ਤਰ੍ਹਾਂ ਚੱਕਾ ਜਾਮ
ਪੰਜਾਬ ਦੇ ਸਾਰੇ ਵਰਗਾਂ ਨੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ‘ਭਾਰਤ ਬੰਦ’ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਭਰਿਆ ਹੈ। ਸਮੁੱਚੇ ਸ਼ਹਿਰਾਂ ਵਿੱਚ ਬਾਜ਼ਾਰ ਬੰਦ ਰੱਖ ਕੇ ਲੋਕਾਂ ਨੇ ਕਿਸਾਨੀ ਮੰਗਾਂ ਦੀ ਹਮਾਇਤ ਕੀਤੀ। ਦੁਪਹਿਰ 11 ਵਜੇ ਤੋਂ ਲੈ ਕੇ 3 ਵਜੇ ਤੱਕ ਸੜਕਾਂ ‘ਤੇ ਵੀ ‘ਚੱਕਾ ਜਾਮ’ ਰਿਹਾ। ਸੂਬੇ ਦੇ ਕਈ ਸ਼ਹਿਰਾਂ ਵਿੱਚ ਤਾਂ ਹਾਲਾਤ ਕਰਫਿਊ ਵਰਗੇ ਜਾਪਦੇ ਸਨ। ਤਿੰਨਾਂ ਖਿੱਤਿਆਂ ਮਾਲਵਾ, ਮਾਝਾ ਤੇ ਦੋਆਬੇ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਲੋਕਾਂ ਨੇ ਸੜਕਾਂ ‘ਤੇ ਨਿੱਕਲ ਕੇ ਮੋਦੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਕਿਸਾਨ ਜਥੇਬੰਦੀਆਂ ਦੇ ਬੰਦ ਨੂੰ ਦੁਕਾਨਦਾਰਾਂ, ਮਜ਼ਦੂਰਾਂ, ਟਰਾਂਸਪੋਰਟਰਾਂ, ਮੁਲਾਜ਼ਮ ਜਥੇਬੰਦੀਆਂ ਨੇ ਤਾਂ ਖੁੱਲ੍ਹਾ ਸਮਰਥਨ ਦਿੱਤਾ ਹੀ ਸਗੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ), ਅਕਾਲੀ ਦਲ (ਅ) ਆਦਿ ਸਿਆਸੀ ਧਿਰਾਂ ਦੇ ਆਗੂਆਂ ਨੇ ਵੀ ਇਕੱਠਾਂ ਵਿਚ ਹਾਜ਼ਰੀ ਲਵਾਈ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਲੋਕ ਵਿਰੋਧੀ ਖੇਤੀ ਕਾਨੂੰਨ, ਬਿਜਲੀ ਐਕਟ 2020 ਰੱਦ ਕਰਨ ਸਮੇਤ ਚੱਲ ਰਹੇ ਅੰਦੋਲਨ ਦੀਆਂ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਓਨੀ ਦੇਰ ਸੰਘਰਸ਼ ਜਾਰੀ ਰਹੇਗਾ।
ਅਮਰਿੰਦਰ ਨੇ ਕਿਸਾਨਾਂ ਨੂੰ ਸ਼ਾਂਤਮਈ ਭਾਰਤ ਬੰਦ ਲਈ ਦਿੱਤੀ ਵਧਾਈ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਜਿਹੇ ਅਨਸਰਾਂ ਤੋਂ ਸਾਵਧਾਨ ਕੀਤਾ, ਜੋ ਉਨ੍ਹਾਂ ਦੇ ਅੰਦੋਲਨ ਦਾ ਲਾਭ ਉਠਾਉਣ ਅਤੇ ਸੂਬੇ ਦਾ ਸ਼ਾਂਤਮਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਭਾਰਤ ਬੰਦ ਦੌਰਾਨ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ ਇਸੇ ਤਰ੍ਹਾਂ ਅਮਨ-ਅਮਾਨ ਬਰਕਰਾਰ ਰੱਖਿਆ ਹੋਇਆ ਹੈ। ਫੇਸਬੁੱਕ ਲਾਈਵ ਸੰਦੇਸ਼ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬ ਵਿਚ ਬੰਦ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਰਿਹਾ।
ਹਰਿਆਣਾ ‘ਚ ਮਿਲਿਆ ਵੱਡਾ ਹੁੰਗਾਰਾ
ਚੰਡੀਗੜ੍ਹ : ‘ਭਾਰਤ ਬੰਦ’ ਦੇ ਸੱਦੇ ਨੂੰ ਭਾਜਪਾ ਦੀ ਅਗਵਾਈ ਵਾਲੇ ਹਰਿਆਣਾ ਵਿਚ ਵੀ ਭਰਵਾਂ ਹੰਗਾਰਾ ਮਿਲਿਆ ਹੈ। ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿਚ ਕਿਸਾਨ ਜਥੇਬੰਦੀਆਂ ਤੇ ਖਾਪ ਪੰਚਾਇਤਾਂ ਨੇ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ। ਵਿਰੋਧੀ ਧਿਰ ਕਾਂਗਰਸ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਰਕਰਾਂ ਨੇ ਵੀ ਬੰਦ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਬੰਦ ਨੂੰ ਕਾਮਯਾਬ ਕੀਤਾ। ਦੂਜੇ ਪਾਸੇ ਸੂਬੇ ਵਿੱਚ ਕਿਸੇ ਕਿਸਮ ਦੀ ਹਿੰਸਕ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਨੀਮ ਫੌਜੀ ਦਸਤਿਆਂ ਦੀਆਂ ਕਈ ਕੰਪਨੀਆਂ ਤਾਇਨਾਤ ਸਨ।

RELATED ARTICLES
POPULAR POSTS