ਭਾਰਤੀ ਫੌਜ ਨੇ ਦੋ ਅੱਤਵਾਦੀ ਵੀ ਮਾਰ ਮੁਕਾਏ
ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੇ ਜਵਾਨ ਹਰ ਰੋਜ਼ ਪੰਜ-ਛੇ ਅੱਤਵਾਦੀਆਂ ਨੂੰ ਮਾਰ ਰਹੇ ਹਨ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਬਡਗਾਮ ਵਿਚ ਅੱਤਵਾਦੀਆਂ ਵਲੋਂ ਘਾਤ ਲਾ ਕੇ ਕੀਤੇ ਹਮਲੇ ਵਿਚ ਭਾਰਤੀ ਫੌਜ ਦਾ ਇਕ ਜੇਸੀਓ ਰਾਜ ਕੁਮਾਰ ਸ਼ਹੀਦ ਹੋ ਗਿਆ। ਅੱਤਵਾਦੀ ਦੌੜਨ ਵਿਚ ਕਾਮਯਾਬ ਹੋ ਗਏ। ਅੱਤਵਾਦੀਆਂ ਨੂੰ ਫੜਨ ਲਈ ਸੁਰੱਖਿਆ ਬਲਾਂ ਨੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਹੈ। ਸ਼ਹੀਦ ਜੇਸੀਓ 1990 ਵਿਚ ਭਰਤੀ ਹੋਇਆ ਸੀ ਅਤੇ ਉਹ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਸੀ। ਦੂਜੇ ਪਾਸੇ ਸੁਰੱਖਿਆ ਬਲਾਂ ਨੇ ਅੱਜ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਪਹਿਲੇ ਮੁਕਾਬਲੇ ਵਿਚ ਕਸ਼ਮੀਰ ਦੇ ਬਾਰਾਮੂਲਾ ਵਿਚ ਜੈਸ਼-ਏ-ਮੁਹੰਮਦ ਦਾ ਅਪਰੇਸ਼ਨ ਕਮਾਂਡਰ ਖਾਲਿਦ ਮਾਰਿਆ ਗਿਆ। ਇਸ ਤੋਂ ਬਾਅਦ ਸ਼ੋਪੀਆ ਦੇ ਗਾਤੀਪੋਰਾ ਪਿੰਡ ਵਿਚ ਹਿਜਬੁਲ ਮੁਜਾਹਦੀਨ ਦੇ ਅੱਤਵਾਦੀ ਨੂੰ ਸੁਰੱਖਿਆ ਬਲਾਂ ਨੇ ਮਾਰਿਆ ਹੈ। ਉਧਰ ਦੂਜੇ ਪਾਸੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੈਂਗਲੁਰੂ ਵਿਚ ਕਿਹਾ ਹੈ ਕਿ ਭਾਰਤੀ ਫੌਜ ਦੇ ਜਵਾਨ ਸਰਹੱਦ ‘ਤੇ ਹਰ ਰੋਜ਼ ਪੰਜ-ਛੇ ਅੱਤਵਾਦੀਆਂ ਨੂੰ ਮਾਰ ਰਹੇ ਹਨ।