ਗੁਬਾਰਾ ਫਟਣ ਕਾਰਨ ਕਈ ਵਿਅਕਤੀਆਂ ਨੂੰ ਪਹੁੰਚਿਆ ਅੱਗ ਦਾ ਸੇਕ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਸੈਕਟਰ-34 ਸਥਿਤ ਪ੍ਰਦਰਸ਼ਨੀ ਮੈਦਾਨ ਵਿਚ ਐਤਵਾਰ ਸ਼ਾਮ ਇਕ ਪ੍ਰੋਗਰਾਮ ਦੌਰਾਨ ਨਾਈਟ੍ਰੋਜਨ ਗੈਸ ਨਾਲ ਭਰਿਆ ਗੁਬਾਰਾ ਫਟ ਗਿਆ, ਜਿਸ ਕਾਰਨ ਕਰੀਬ 17 ਵਿਅਕਤੀਆਂ ਨੂੰ ਅੱਗ ਦਾ ਸੇਕ ਪਹੁੰਚਿਆ ਅਤੇ ਭੱਜਦੌੜ ਮਚ ਗਈ। ਸਾਰੇ ਜ਼ਖਮੀਆਂ ਨੂੰ ਤੁਰੰਤ ਸੈਕਟਰ-32 ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਜ਼ਖਮੀਆਂ ਵਿਚੋਂ ਕਈਆਂ ਦੇ ਮੂੰਹ ਅਤੇ ਹੱਥਾਂ ਨੂੰ 20 ਫੀਸਦੀ ਤੱਕ ਸੇਕ ਲੱਗਿਆ ਹੈ। ਸਾਰੇ ਜ਼ਖ਼ਮੀਆਂ ਨੂੰ ਦੇਰ ਰਾਤ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਭਗਤੀ ਪਾਠਸ਼ਾਲਾ ਦੌਰਾਨ ਹੋਇਆ। ਇਸ ਦੌਰਾਨ ਛੱਡੇ ਗਏ ਨਾਈਟ੍ਰੋਜਨ ਨਾਲ ਭਰੇ ਗੁਬਾਰੇ ਬਿਜਲੀ ਦੀਆਂ ਤਾਰਾਂ ਵਿਚ ਫਸ ਕੇ ਫਟ ਗਏ ਅਤੇ ਉਨ੍ਹਾਂ ਵਿਚ ਅੱਗ ਲੱਗ ਗਈ, ਜਿਸ ਕਾਰਨ ਹੇਠਾਂ ਖੜ੍ਹੇ ਵਿਅਕਤੀਆਂ ‘ਤੇ ਅੱਗ ਦੇ ਚਿੰਗਾੜੇ ਡਿੱਗਣੇ ਸ਼ੁਰੂ ਹੋਏ।