-4.8 C
Toronto
Friday, December 12, 2025
spot_img
Homeਭਾਰਤਅਰੁਣਾਂਚਲ 'ਚ ਮਿਲਿਆ ਲਾਪਤਾ ਹੋਏ ਫੌਜੀ ਜਹਾਜ਼ ਦਾ ਮਲਬਾ

ਅਰੁਣਾਂਚਲ ‘ਚ ਮਿਲਿਆ ਲਾਪਤਾ ਹੋਏ ਫੌਜੀ ਜਹਾਜ਼ ਦਾ ਮਲਬਾ

ਸਮਾਣਾ ਦਾ ਮੋਹਿਤ ਗਰਗ ਵੀ ਇਸ ਜਹਾਜ਼ ‘ਚ ਸੀ ਸਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਦੇ ਲਾਪਤਾ ਜਹਾਜ਼ ਏ.ਐਨ.-32 ਦਾ ਮਲਬਾ ਮਿਲ ਗਿਆ। ਮਲਬਾ ਅਰੁਣਾਂਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਵਿਚੋਂ ਮਿਲਿਆ ਹੈ। ਹਾਦਸੇ ਦੇ ਸਮੇਂ ਇਸ ਜਹਾਜ਼ ਵਿਚ 13 ਵਿਅਕਤੀ ਸਵਾਰ ਸਨ। ਹਵਾਈ ਫੌਜ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਪੁਸ਼ਟੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ।
ਅਰੁਣਾਂਚਲ ਪ੍ਰਦੇਸ਼ ਦੇ ਟਾਟੋ ਇਲਾਕੇ ਦੇ ਉਤਰ ਪੂਰਬ ਵਿਚ ਲੀਪੋ ਤੋਂ 16 ਕਿਲੋਮੀਟਰ ਉਤਰ ਵਾਲੇ ਪਾਸੇ 12 ਹਜ਼ਾਰ ਫੁੱਟ ਦੀ ਉਚਾਈ ‘ਤੇ ਲਾਪਤਾ ਜਹਾਜ਼ ਦਾ ਮਲਬਾ ਦੇਖਿਆ ਗਿਆ। ਇਸ ਲਾਪਤਾ ਜਹਾਜ਼ ਵਿਚ ਸਮਾਣਾ ਦਾ ਫਲਾਈਟ ਲੈਫਟੀਨੈਂਟ ਮੋਹਿਤ ਗਰਗ ਵੀ ਸੀ। ਧਿਆਨ ਰਹੇ ਕਿ ਲੰਘੀ 3 ਜੂਨ ਨੂੰ ਲਾਪਤਾ ਹੋਏ ਜਹਾਜ਼ ਨੂੰ ਲੱਭਣ ਲਈ ਹਵਾਈ ਫੌਜ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।
ਸਿਆਂਗ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੀਵ ਤਕੁਕ ਨੇ ਕਿਹਾ ਕਿ ਜਹਾਜ਼ ਦਾ ਮਲਬਾ ਪਾਰੀ ਦੀਆਂ ਪਹਾੜੀਆਂ ਵਿੱਚੋਂ ਮਿਲਿਆ ਹੈ ਜੋ ਅਰੁਣਾਂਚਲ ਪ੍ਰਦੇਸ਼ ਦੇ ਪੇਯੁਮ ਸਰਕਲ ਦੇ ਗਾਟੇ ਪਿੰਡ ਦੇ ਨਜ਼ਦੀਕ ਹਨ। ਸੜਕ ਨਾ ਹੋਣ ਕਾਰਨ ਇਥੋਂ ਤਕ ਪਹੁੰਚਣਾ ਮੁਸ਼ਕਲ ਹੈ। ਏਅਰ ਫੋਰਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਲਾਪਤਾ ਜਹਾਜ਼ ਦੀ ਤਲਾਸ਼ ਕਰ ਰਹੇ ਐਮ ਆਈ 17 ਹੈਲੀਕਾਪਟਰ ਨੇ ਲੀਪੋ ਦੇ 16 ਕਿਲੋਮੀਟਰ ਉੱਤਰ ਵਿੱਚ 12000 ਫੁੱਟ ਦੀ ਉੱਚਾਈ ‘ਤੇ ਜਹਾਜ਼ ਦਾ ਮਲਬਾ ਦੇਖਿਆ। ਜਹਾਜ਼ ਉਤੇ ਸਵਾਰ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰੂਸ ਵਿੱਚ ਬਣੇ ਏਐਨ-32 ਹਵਾਈ ਜਹਾਜ਼ ਦਾ ਤਿੰਨ ਜੂਨ ਨੂੰ ਜੋਰਹਾਟ ਤੋਂ ਮੇਨਚੁਕਾ ਲਈ ਉਡਾਣ ਭਰਨ ਦੇ ਬਾਅਦ ਹੀ ਸੰਪਰਕ ਟੁੱਟ ਗਿਆ ਸੀ। ਜਹਾਜ਼ ‘ਤੇ ਅਮਲੇ ਦੇ 8 ਮੈਂਬਰ ਅਤੇ ਪੰਜ ਯਾਤਰੂ ਸਵਾਰ ਸਨ। ਏਐਨ-32 ਦੋ ਇੰਜਣ ਵਾਲਾ ਟਰਬੋਪ੍ਰੋਪ ਟਰਾਂਸਪੋਰਟ ਹਵਾਈ ਜਹਾਜ਼ ਹੈ।
ਭਾਰਤੀ ਏਅਰ ਫੋਰਸ ਵੱਡੀ ਗਿਣਤੀ ਵਿੱਚ ਅਜਿਹੇ ਜਹਾਜ਼ਾਂ ਦੀ ਵਰਤੋਂ ਕਰ ਰਿਹਾ ਹੈ। ਏਅਰ ਫੋਰਸ ਨੇ ਲਾਪਤਾ ਜਹਾਜ਼ ਦੀ ਤਲਾਸ਼ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਸੀ ਪਰ ਖਰਾਬ ਮੌਸਮ ਕਾਰਨ ਤਲਾਸ਼ ਦਾ ਕੰਮ ਪ੍ਰਭਾਵਿਤ ਹੋਇਆ।
ਹਵਾਈ ਫੌਜ ਦੇ ਲਾਪਤਾ ਹੋਏ ਜਹਾਜ਼ ‘ਚ ਸਵਾਰ 13 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ ਵਿਚ ਹਾਦਸੇ ਦਾ ਸ਼ਿਕਾਰ ਹੋਏ ਹਵਾਈ ਫ਼ੌਜ ਦੇ ਏ.ਐਨ.-32 ਜਹਾਜ਼ ਵਿਚ ਸਵਾਰ 13 ਯਾਤਰੀਆਂ ਵਿਚੋਂ ਇਕ ਵੀ ਜ਼ਿੰਦਾ ਨਹੀਂ ਬਚ ਸਕਿਆ। ਦੁਰਘਟਨਾ ਸਥਾਨ ‘ਤੇ ਪਹੁੰਚੀ ਟੀਮ ਨੇ ਜਹਾਜ਼ ਵਿਚ ਸਵਾਰ ਸਾਰੇ ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਲਾਪਤਾ ਜਹਾਜ਼ ਵਿਚ ਸਮਾਣਾ ਦਾ ਫਲਾਈਟ ਲੈਫਟੀਨੈਂਟ ਮੋਹਿਤ ਗਰਗ ਵੀ ਸੀ। ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫ਼ੌਜ ਦੀ ਸਰਚ ਟੀਮ ਅੱਜ ਸਵੇਰੇ ਦੁਰਘਟਨਾ ਸਥਾਨ ‘ਤੇ ਪਹੁੰਚੀ ਸੀ। ਇੰਡੀਅਨ ਏਅਰ ਫੋਰਸ ਨੇ ਜਹਾਜ਼ ਵਿਚ ਸਵਾਰ ਸਾਰੇ 13 ਵਿਅਕਤੀਆਂ ਦੇ ਪਰਿਵਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਭਾਰਤੀ ਹਵਾਈ ਫ਼ੌਜ ਨੇ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਸਾਰੇ ਯਾਤਰੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਧਿਆਨ ਰਹੇ ਕਿ ਇਹ ਜਹਾਜ਼ ਤਿੰਨ ਜੂਨ ਨੂੰ ਲਾਪਤਾ ਹੋ ਗਿਆ ਸੀ ਅਤੇ ਜਿਸ ਦਾ ਮਲਬਾ 11 ਜੂਨ ਨੂੰ ਮਿਲਿਆ ਸੀ।

RELATED ARTICLES
POPULAR POSTS