ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਿਹਾੜ ਜੇਲ੍ਹ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਨਿਖੇਧੀ ਕੀਤੀ ਹੈ। ਜਾਖੜ ਨੇ ਚੰਡੀਗੜ੍ਹ ਦੇ ਸੈਕਟਰ-37 ਵਿੱਚ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦਾ ਵਕੀਲ ਦੱਸਣ ਵਾਲੇ ਭਗਵੰਤ ਮਾਨ ਕਿਸਾਨਾਂ ਨੂੰ ਸੰਘਰਸ਼ ਦੌਰਾਨ ਅੱਧ ਵਿਚਾਲੇ ਛੱਡ ਤਿਹਾੜ ਜੇਲ੍ਹ ਦੀਆਂ ਗੇੜੀਆਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿਹਾੜ ਜੇਲ੍ਹ ਦੀਆਂ ਮੁਲਾਕਾਤਾਂ ਛੱਡ ਕੇ ਕਿਸਾਨਾਂ ਦਾ ਵਕੀਲ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸੂਬੇ ਦੇ ਕਿਸਾਨ ਪਿਛਲੇ 13 ਦਿਨਾਂ ਤੋਂ ਸ਼ੰਭੂ ਦੇ ਰੇਲਵੇ ਟਰੈਕ ‘ਤੇ ਬੈਠੇ ਹਨ, ਜਦਕਿ ਦੂਜੇ ਪਾਸੇ ਪੰਜਾਬ ਦੇ ਵਪਾਰੀਆਂ ਦਾ ਦਿੱਲੀ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ ਅਤੇ ਸਾਰਾ ਵਪਾਰ ਠੱਪ ਪਿਆ ਹੈ। ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਤੇ ‘ਆਪ’ ਦੀਆਂ ਗੁਮਰਾਹਕੁਨ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ।