Breaking News
Home / ਭਾਰਤ / ਪੰਜਾਬ ਵਿਚ ਖੁਦਕੁਸ਼ੀਆਂ ਦਾ ਰੁਝਾਨ ਵਧਿਆ

ਪੰਜਾਬ ਵਿਚ ਖੁਦਕੁਸ਼ੀਆਂ ਦਾ ਰੁਝਾਨ ਵਧਿਆ

2018 ਦੇ ਮੁਕਾਬਲੇ ਪਿਛਲੇ ਸਾਲ 37.5 ਫ਼ੀਸਦੀ ਵਧੀਆਂ ਖੁਦਕੁਸ਼ੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਵਿਚ ਖ਼ੁਦਕੁਸ਼ੀਆਂ ਦੀ ਦਰ ਭਾਵੇਂ ਰਾਸ਼ਟਰੀ ਔਸਤ ਤੋਂ ਘੱਟ ਹੋਣ ਕਾਰਨ ਅੰਕੜਿਆਂ ਪੱਖੋਂ ਸੰਤੋਸ਼ਜਨਤਕ ਜਾਪਦੀ ਹੋਵੇ ਪਰ ਜੇਕਰ ਇਨ੍ਹਾਂ ਅੰਕੜਿਆਂ ਦੀ ਤੁਲਨਾ ਪੰਜਾਬ ਦੇ ਹੀ ਪਿਛਲੇ ਸਾਲ ਦੇ ਅੰਕੜਿਆਂ ਨਾਲ ਕਰੀਏ ਤਾਂ ਇਸ ਵਿਚ 37.5 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਜੁਰਮਾਂ ਦੇ ਰਿਕਾਰਡ ਬਾਰੇ ਰਾਸ਼ਟਰੀ ਬਿਓਰੋ (ਐੱਨ.ਸੀ.ਆਰ.ਬੀ) ਵਲੋਂ ਜਾਰੀ ਕੀਤੇ ਹਾਲੀਆ ਅੰਕੜਿਆਂ ਮੁਤਾਬਿਕ ਸਾਲ 2018 ਵਿਚ ਪੰਜਾਬ ਵਿਚ ਹੋਈਆਂ ਕੁੱਲ 1714 ਖ਼ੁਦਕੁਸ਼ੀਆਂ ਦੇ ਮੁਕਾਬਲੇ ਸਾਲ 2019 ਵਿਚ ਖ਼ੁਦਕੁਸ਼ੀ ਦੇ 2537 ਮਾਮਲੇ ਦਰਜ ਕੀਤੇ ਗਏ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 37.5 ਫ਼ੀਸਦੀ ਵੱਧ ਹਨ।
ਪੰਜਾਬ ਵਿਚ ਬਿਮਾਰੀ ਕਾਰਨ ਹੋਈਆਂ ਸਭ ਤੋਂ ਵੱਧ ਖ਼ੁਦਕੁਸ਼ੀਆਂ
ਐੱਨ.ਸੀ.ਆਰ.ਬੀ. ਵਲੋਂ ਜਾਰੀ ਅੰਕੜਿਆਂ ਦੀ ਹੋਰ ਕੀਤੀ ਘੋਖ ਮੁਤਾਬਿਕ ਸਭ ਤੋਂ ਵੱਧ ਖ਼ੁਦਕੁਸ਼ੀਆਂ ਬਿਮਾਰੀ ਕਾਰਨ ਆ ਗਈਆਂ ਹਨ। ਖ਼ੁਦਕੁਸ਼ੀ ਦੇ ਕੁੱਲ 654 ਮਾਮਲਿਆਂ ਵਿਚ 654 ਲੋਕਾਂ ਨੇ ਬਿਮਾਰੀ ਕਾਰਨ ਮੌਤ ਦਾ ਰਾਹ ਅਖ਼ਤਿਆਰ ਕਰਨਾ ਵਧੇਰੇ ਮੁਨਾਸਿਬ ਸਮਝਿਆ, ਜੋ ਕਿ ਕੁੱਲ ਮਾਮਲਿਆਂ ਦਾ 27.7 ਫ਼ੀਸਦੀ ਹੈ। ਸਿਰਫ਼ ਸੂਬਾ ਪੱਧਰ ‘ਤੇ ਹੀ ਬਿਮਾਰੀ ਖ਼ੁਦਕੁਸ਼ੀਆਂ ਦਾ ਮੁੱਖ ਕਾਰਨ ਨਹੀਂ ਹੈ। ਰਾਸ਼ਟਰੀ ਪੱਧਰ ‘ਤੇ ਰਾਜਾਂ ਦੀ ਤੁਲਨਾ ਕੀਤੇ ਜਾਣ ਤੇ ਬਿਮਾਰੀ ਕਾਰਨ ਕੀਤੀਆਂ ਖ਼ੁਦਕੁਸ਼ੀਆਂ ਵਿਚ ਪੰਜਾਬ 6ਵੇਂ ਨੰਬਰ ‘ਤੇ ਹੈ। ਪਹਿਲੇ ਨੰਬਰ ‘ਤੇ ਆਏ ਸਿੱਕਮ ਵਿਚ ਕੁੱਲ ਖ਼ੁਦਕੁਸ਼ੀਆਂ ਵਿਚੋਂ 45.5 ਫ਼ੀਸਦੀ ਦਾ ਕਾਰਨ ਬਿਮਾਰੀ ਹੈ, ਜਿਸ ਤੋਂ ਬਾਅਦ ਅੰਡੇਮਾਨ ਅਤੇ ਨਿਕੋਬਾਰ ਵਿਚ 33.7 ਫ਼ੀਸਦੀ ਆਂਧਰਾ ਪ੍ਰਦੇਸ਼ ਵਿਚ 28.5 ਫ਼ੀਸਦੀ, ਕਰਨਾਟਕ ‘ਚ 28 ਫ਼ੀਸਦੀ, ਗੋਆ ਵਿਚ 27.8 ਲੋਕਾਂ ਨੇ ਬਿਮਾਰੀ ਕਾਰਨ ਆਪਣੀ ਜਾਨ ਗਵਾਈ ਹੈ।
ਮਰਦਾਂ ਵਿਚ ਔਰਤਾਂ ਨਾਲੋਂ ਵੱਧ ਹੈ ਖ਼ੁਦਕੁਸ਼ੀ ਦਾ ਰੁਝਾਨ
ਆਮ ਤੌਰ ‘ਤੇ ਮਰਦਾਂ ਨੂੰ ਜ਼ਿੰਦਗੀ ਦੇ ਸੰਘਰਸ਼ਾਂ ਨਾਲ ਡਟ ਕੇ ਮੁਕਾਬਲਾ ਕਰਨ ਲਈ ਜਾਣਿਆ ਜਾਂਦਾ ਹੈ ਪਰ ਐੱਨ.ਸੀ.ਆਰ.ਬੀ ਦੇ ਅੰਕੜਿਆਂ ਦੀ ਨਜ਼ਰਸਾਨੀ ਕਰੀਏ ਤਾਂ ਇਹ ਗੱਲ ਭਰਮ ਵਾਂਗ ਹੀ ਨਜ਼ਰ ਆਉਂਦੀ ਹੈ। ਸਿਰਫ਼ ਵਿਆਹ ਸਬੰਧੀ ਵਿਵਾਦਾਂ ਵਿਚ ਮਰਦਾਂ ਅਤੇ ਔਰਤਾਂ ਵਿਚ ਖ਼ੁਦਕੁਸ਼ੀ ਕਰਨ ਦਾ ਰੁਝਾਨ ਤਕਰੀਬਨ ਬਰਾਬਰ ਨਜ਼ਰ ਆਉਂਦਾ ਹੈ। ਵਿਆਹ ਨਾਲ ਸਬੰਧਿਤ ਮਸਲਿਆਂ ਜਿਵੇਂ ਦਾਜ, ਤਲਾਕ, ਪਤੀ-ਪਤਨੀ ਦੇ ਕਿਸੇ ਹੋਰ ਨਾਲ ਸਬੰਧਾਂ ਆਦਿ ਵਿਚ ਸਾਲ 2019 ‘ਚ ਕੁੱਲ 229 ਲੋਕਾਂ ਨੇ ਖ਼ੁਦਕੁਸ਼ੀ ਕੀਤੀ। ਇਸ ਵਿਚ 116 ਮਰਦ ਅਤੇ 113 ਔਰਤਾਂ ਸ਼ਾਮਿਲ ਸੀ। ਇਸ ਤੋਂ ਇਲਾਵਾ ਖ਼ੁਦਕੁਸ਼ੀ ਦੇ ਬਾਕੀ ਸਾਰੇ ਕਾਰਨਾਂ ਬਿਮਾਰੀ, ਪਰਿਵਾਰਕ ਸਮੱਸਿਆਵਾਂ, ਕਰਜ਼ਾ, ਗ਼ਰੀਬੀ ਆਦਿ ਵਿਚ ਔਰਤਾਂ ਦੇ ਮੁਕਾਬਲੇ ਮਰਦਾਂ ਨੇ ਛੇਤੀ ਹਿੰਮਤ ਛੱਡਦਿਆਂ ਖ਼ੁਦਕੁਸ਼ੀ ਕਰਨ ਦਾ ਬਦਲ ਚੁਣਿਆ, ਜਦਕਿ ਔਰਤਾਂ ਵਲੋਂ ਇਹ ਤਾਦਾਦ ਕਈ ਵਾਰ ਮਰਦਾਂ ਦੇ ਮੁਕਾਬਲੇ 10 ਗੁਣਾਂ ਤੋਂ ਵੀ ਹੇਠਾਂ ਰਹੀ। ਬਿਮਾਰੀ ਕਾਰਨ 139 ਔਰਤਾਂ ਦੇ ਮੁਕਾਬਲੇ ਵਿਚ 514 ਮਰਦਾਂ ਨੇ ਖ਼ੁਦਕੁਸ਼ੀ ਕੀਤੀ। ਕਰਜ਼ੇ ਕਾਰਨ ਮੌਤ ਦਾ ਲੜ ਫੜਨ ਵਾਲੇ ਲੋਕਾਂ ਦੀ ਇਸ 161 ਦੀ ਗਿਣਤੀ ਵਿਚੋਂ ਸਿਰਫ਼ ਔਰਤਾਂ ਨੇ ਸਿਰਫ਼ ਨੁਮਾਇੰਦਗੀ ਦੀ ਤਰ੍ਹਾਂ ਹੀ ਦਰਜ ਕਰਵਾਈ ਹੈ। 11 ਔਰਤਾਂ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਪਣੀ ਜਾਨ ਗੁਆਈ, ਜਦਕਿ ਮਰਦਾਂ ਦੀ ਗਿਣਤੀ ਉਸ ਤੋਂ 10 ਗੁਣਾ ਜ਼ਿਆਦਾ (150) ਸੀ। ਪਰਿਵਾਰਕ ਸਮੱਸਿਆਵਾਂ ਕਾਰਨ ਪਿਛਲੇ ਸਾਲ ਆਪਣੀ ਜਾਨ ਦੇਣ ਵਾਲੇ 83 ਮਰਦਾਂ ਦੇ ਮੁਕਾਬਲੇ 130 ਔਰਤਾਂ ਨੇ ਖ਼ੁਦਕੁਸ਼ੀ ਕੀਤੀ।
ਪਰਿਵਾਰਕ ਸਮੱਸਿਆਵਾਂ ਤੇ ਵਿਆਹ ਵੀ ਹੈ ਹੋਰ ਅਹਿਮ ਕਾਰਨ
ਬਿਮਾਰੀ ਤੋਂ ਇਲਾਵਾ ਜਿਨ੍ਹਾਂ ਹੋਰ ਕਾਰਨਾਂ ਕਾਰਨ ਪੰਜਾਬ ਵਿਚ ਲੋਕਾਂ ਨੇ ਆਪਣੀ ਜਾਨ ਆਪ ਗੁਆਈ ਹੈ। ਉਹ ਪਰਿਵਾਰਕ ਕਲੇਸ਼ ਅਤੇ ਵਿਆਹ ਨਾਲ ਸਬੰਧਿਤ ਸਮੱਸਿਆਵਾਂ ਹਨ। ਕੁੱਲ ਖ਼ੁਦਕੁਸ਼ੀਆਂ ਵਿਚੋਂ 513 ਭਾਵ ਤਕਰੀਬਨ 21 ਫ਼ੀਸਦੀ ਪਰਿਵਾਰਕ ਕਲੇਸ਼ਾਂ ਕਾਰਨ ਅਤੇ ਵਿਆਹ ਨਾਲ ਸਬੰਧਿਤ ਸਮੱਸਿਆਵਾਂ ਕਾਰਨ 229 ਭਾਵ 9 ਫ਼ੀਸਦੀ ਲੋਕਾਂ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਤੋਂ ਇਲਾਵਾ ਕਰਜ਼ੇ ਕਾਰਨ 161, ਗ਼ਰੀਬੀ ਕਾਰਨ 119, ਨਸ਼ਿਆਂ ਕਾਰਨ 102 ਅਤੇ ਸਮਾਜਿਕ ਅਣਖ ਦੇ ਨਾਮ ‘ਤੇ 42 ਲੋਕਾਂ ਨੇ ਆਪ-ਆਪਣੀ ਜ਼ਿੰਦਗੀ ਖ਼ਤਮ ਕਰ ਦਿੱਤੀ। ਇਸ ਤੋਂ ਇਲਾਵਾ ਬੇਰੁਜ਼ਗਾਰੀ, ਜਾਇਦਾਦ, ਪਿਆਰ ਅਤੇ ਪੇਸ਼ੇਵਾਰਾਨਾ ਦਿੱਕਤਾਂ ਵੀ ਖ਼ੁਦਕੁਸ਼ੀ ਦਾ ਕਾਰਨ ਬਣੀਆਂ।
ਪੰਜਾਬ ਦੀ ਸਥਿਤੀ ਕਾਫ਼ੀ ਬਿਹਤਰ
ਪੰਜਾਬ ਵਿਚ ਖ਼ੁਦਕੁਸ਼ੀਆਂ ਦੇ ਮਾਮਲੇ ਨੂੰ ਜੇਕਰ ਰਾਸ਼ਟਰੀ ਪੱਧਰ ‘ਤੇ ਵੇਖੀਏ ਤਾਂ ਪੰਜਾਬ ਦੀ ਸਥਿਤੀ ਥੋੜ੍ਹੀ ਬਿਹਤਰ ਨਜ਼ਰ ਆਵੇਗੀ। ਰਾਜ ਪੱਧਰ ‘ਤੇ ਜੇਕਰ 10 ਲੱਖ ਆਬਾਦੀ ਪਿੱਛੇ ਖ਼ੁਦਕੁਸ਼ੀਆਂ ਦੀ ਗਿਣਤੀ ਦੀ ਦਰ ਵੇਖੀਏ ਤਾਂ ਸਾਲ 2019 ਵਿਚ ਅੰਡੇਮਾਨ ਨਿਕੋਬਾਰ ‘ਚ ਸਭ ਤੋਂ ਵੱਧ 45.5 ਫ਼ੀਸਦੀ ਖ਼ੁਦਕੁਸ਼ੀ ਦਰਜ ਕੀਤੀ ਗਈ, ਜਿਸ ਤੋਂ ਸਿੱਕਮ 33.1 ਫ਼ੀਸਦੀ ਨਾਲ ਦੂਜੇ, ਪੂਡੂਚੇਰੀ 32.5 ਫ਼ੀਸਦੀ ਨਾਲ ਤੀਜੇ, ਛੱਤੀਸਗੜ੍ਹ 26.4 ਫ਼ੀਸਦੀ ਨਾਲ ਚੌਥੇ ਅਤੇ ਕੇਰਲ 24.3 ਫ਼ੀਸਦੀ ਨਾਲ ਪੰਜਵੇਂ ਨੰਬਰ ‘ਤੇ ਹੈ। ਪੰਜਾਬ ਦਾ ਸਥਾਨ ਇਸ ਸੂਚੀ ਵਿਚ ਕਾਫ਼ੀ ਹੇਠਾਂ 22ਵੇਂ ਨੰਬਰ ‘ਤੇ ਹੈ ਅਤੇ ਇਹ ਦਰ ਵੀ 10.4 ਫ਼ੀਸਦੀ ਦੀ ਰਾਸ਼ਟਰੀ ਔਸਤ ਦਰ ਤੋਂ ਵੀ ਹੇਠਾਂ ਭਾਵ 7.9 ਫ਼ੀਸਦੀ ਹੈ।

Check Also

ਰਾਹੁਲ ਗਾਂਧੀ ਅਚਾਨਕ ਪਹੁੰਚੇ ਹਰਿਆਣਾ ਦੇ ਪਿੰਡ ਘੋਘੜੀਪੁਰ

    ਅਮਰੀਕਾ ’ਚ ਹਾਦਸੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਰਾਹੁਲ ਕਰਨਾਲ/ਬਿਊੂਰੋ …