Breaking News
Home / ਪੰਜਾਬ / ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

ਕੈਪਟਨ ਨੇ ਕੇਂਦਰ ਤੋਂ ਵਿਸ਼ੇਸ਼ ਪੈਕੇਜ ਮੰਗਿਆ
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੰਕਟ ਵਿਚ ਘਿਰੇ ਤੇ ਕਰਜ਼ੇ ‘ਚ ਡੁੱਬੇ ਸੂਬੇ ਦੇ ਕਿਸਾਨਾਂ ਦੇ ਯਕਮੁਸ਼ਤ ਕਰਜ਼ਾ ਮੁਆਫ਼ੀ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਅਪੀਲ ਸੰਸਦ ਭਵਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤੀ।ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਮੀਟਿੰਗ ਨੂੰ ਇਕ ਸ਼ਿਸ਼ਟਾਚਾਰ ਮਿਲਣੀ ਦੱਸਿਆ ਜਿਸ ਵਿਚ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਮੁੱਦੇ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਕੇਂਦਰ ਕੋਲੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ ਪਰ ਫਿਰ ਵੀ ਉਨ੍ਹਾਂ ਦੀ ਸਰਕਾਰ ਸੂਬੇ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਵਚਨਬੱਧ ਹੈ ਅਤੇ ਇਸ ਵਾਸਤੇ ਸਰਕਾਰ ਵਲੋਂ ਪਹਿਲਾਂ ਹੀ ਸਮਾਂਬੱਧ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਸੂਬਾ ਮੰਤਰੀ ਮੰਡਲ ਨੇ ਅਪਣੀ ਪਹਿਲੀ ਮੀਟਿੰਗ ਵਿਚ ਕਾਂਗਰਸ ਦੇ ਚੋਣ ਮੈਨੀਫ਼ੈਸਟੋ ਮੁਤਾਬਕ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿਤੇ ਹਨ। ਹਾਲ ਹੀ ਵਿੱਚ ਸੂਬੇ ਵਿਚ ਕਿਸਾਨ ਖ਼ੁਦਕੁਸ਼ੀਆਂ ਦੀ ਭਰਮਾਰ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਰਜ਼ੇ ਦੀ ਜਕੜ ਵਿਚੋਂ ਪੰਜਾਬ ਦੇ ਕਿਸਾਨਾਂ ਨੂੰ ਬਾਹਰ ਕੱਢਣ ਲਈ ਮੋਦੀ ਨੂੰ ਵਿਸ਼ੇਸ਼ ਪੈਕੇਜ ਐਲਾਨਣ ਦੀ ਬੇਨਤੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਕਿਸਾਨਾਂ ‘ਤੇ ਵਧ ਰਹੇ ਕਰਜ਼ੇ ਦੇ ਬੋਝ ਨੇ ਸੂਬੇ ਵਿਚ ਖੇਤੀਬਾੜੀ ਖੇਤਰ ਨੂੰ ਢਾਹ ਲਾਈ ਹੈ। ਇਸ ਨੇ ਨਾ ਸਿਰਫ਼ ਦੇਸ਼ ਦੀ ਖ਼ੁਰਾਕ ਸੁਰੱਖਿਆ ਨੂੰ ਖਤਰੇ ਵਿਚ ਪਾਇਆ ਹੈ ਸਗੋਂ ਇਸ ਨੇ ਇਸ ਨਾਜ਼ੁਕ ਸਰਹੱਦੀ ਸੂਬੇ ਦੀਆਂ ਸਮਾਜਕ ਤੰਦਾਂ ਨੂੰ ਵੀ ਸੱਟ ਮਾਰੀ ਹੈ।ઠਉਨ੍ਹਾਂ ਕਿਹਾ ਕਿ ਅਨਾਜ ਉਤਪਾਦਨ ‘ਚ ਪੰਜਾਬ ਨੇ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਦੇਸ਼ ਦੇ ਅਨਾਜ ਭੰਡਾਰ ਨੂੰ ਸੁਰੱਖਿਅਤ ਬਣਾਇਆ ਹੈ। ਪ੍ਰਧਾਨ ਮੰਤਰੀ ਨੂੰ ਦਿਤੇ ਇਕ ਪੱਤਰ ਵਿਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ‘ਤੇ ਕੁੱਲ ਖੇਤੀ ਕਰਜ਼ਾ 80,000 ਕਰੋੜ ਰੁਪਏ ਤੋਂ ਵੱਧ ਹੈ ਜਿਸ ਵਿਚ ਸਹਿਕਾਰੀ ਸੈਕਟਰ ਦਾ 12,500 ਕਰੋੜ ਰੁਪਏ ਦਾ ਵੀ ਫ਼ਸਲੀ ਕਰਜ਼ਾ ਸ਼ਾਮਲ ਹੈ। ਪੰਜਾਬ ਵਿਚ ਫ਼ਸਲੀ ਕਰਜ਼ੇ ਸਣੇ ਪ੍ਰਤੀ ਕਿਸਾਨੀ ਪਰਵਾਰ ‘ਤੇ ਔਸਤਨ ਅੱਠ ਲੱਖ ਰੁਪਏ ਦਾ ਕਰਜ਼ਾ ਹੈ। ਸੂਬੇ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ‘ਤੇ ਪ੍ਰਤੀ ਹੈਕਟੇਅਰ ਕਰਜ਼ਾ ਭਾਰਤ ਵਿਚ ਸੱਭ ਤੋਂ ਵੱਧ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜ਼ਾਹਰ ਕਰਦਿਆਂ ਆਖਿਆ ਕਿ ਸਥਿਤੀ ਏਨੀ ਬਦਤਰ ਹੋ ਚੁੱਕੀ ਹੈ ਕਿ ਕੁੱਝ ਕਿਸਾਨ ਆਪਣਾ ਕਰਜ਼ਾ ਨਾ ਮੋੜ ਸਕਣ ਦੇ ਨਿਕਲਣ ਵਾਲੇ ਸਮਾਜਕ ਤੇ ਨੈਤਿਕ ਸਿੱਟਿਆਂ ਤੋਂ ਬਚਣ ਲਈ ਖ਼ੁਦਕੁਸ਼ੀ ਕਰ ਚੁੱਕੇ ਹਨ।

ਕੈਪਟਨ ਅਮਰਿੰਦਰ ਨੇ ਹੋਰ ਮੰਤਰੀ ਬਣਾਉਣ
ਦੇ ਦਿੱਤੇ ਸੰਕੇਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਜੂਨ ਵਿੱਚ ਹੋਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਹੋ ਸਕਦਾ ਹੈ। ਇਸ ਗੱਲ ਦੇ ਸੰਕੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਹਨ। ਕੈਪਟਨ ਅਮਰਿੰਦਰ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਕੈਬਨਿਟ ਚੁਣਨ ਦੇ ਪੂਰਨ ਅਧਿਕਾਰ ਦਿੱਤੇ ਹਨ।  ਉਹ ਤਜਰਬੇਕਾਰ ਤੇ ਯੋਗ ਵਿਧਾਇਕਾਂ ਨੂੰ ਇਹ ਜ਼ਿੰਮੇਵਾਰੀ ਦੇਣਗੇ। ਕੈਪਟਨ ਅਮਰਿੰਦਰ ਅਨੁਸਾਰ ਸਰਕਾਰੇ-ਦਰਬਾਰੇ ਵੀ ਪੇਸ਼ਾਵਰ ਤੇ ਤਜਰਬੇ ਵਾਲੇ ਅਫ਼ਸਰਾਂ ਨੂੰ ਨਿਯੁਕਤੀਆਂ ਵਿੱਚ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕੈਬਨਿਟ ਵਿੱਚ ਸਾਰੇ ਖ਼ਿੱਤਿਆਂ ਦੇ ਵਿਧਾਇਕਾਂ ਨੂੰ ਬਰਾਬਰ ਮੌਕਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕੈਪਟਨ ਨੇ ਆਖਿਆ ਕਿ ਮੌਜੂਦਾ ਪੁਲਿਸ ਮੁਖੀ ਡੀਜੀਪੀ ਸੁਰੇਸ਼ ਅਰੋੜਾ ਨੂੰ ਇਸ ਕਰਕੇ ਅਹੁਦੇ ਉੱਤੇ ਰਹਿਣ ਦਿੱਤਾ ਗਿਆ ਕਿਉਂਕਿ ਉਹ ਯੋਗ ਅਫ਼ਸਰ ਹਨ।

Check Also

ਮੁੱਖ ਮੰਤਰੀ ਭਗਵੰਤ ਮਾਨ ਨਵੀਂ ਦਿੱਲੀ ’ਚ ‘ਆਪ’ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ

ਕੁਲਦੀਪ ਕੁਮਾਰ ਅਤੇ ਸਾਹਰਾਮ ਪਹਿਲਵਾਨ ਦੇ ਰੋਡ ਸ਼ੋਅ ’ਚ ਵੀ ਹੋਣਗੇ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ …