35 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਵਿਸ਼ੇਸ਼ ਅਦਾਲਤ ਨੇ ਇਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਭਰ ਲਈ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇ ਐਸ ਸਿੱਧੂ ਨੇ ਅਤਿ ਸੁਰੱਖਿਆ ਵਾਲੀ ਬੁੜੈਲ ਜੇਲ੍ਹ ਵਿੱਚ ਇਹ ਸਜ਼ਾ ਸੁਣਾਈ। ਭਾਈ ਤਾਰਾ ਵੀ ਇਸੇ ਜੇਲ੍ਹ ਵਿੱਚ ਕੈਦ ਹੈ। ਇਹ ਜਾਣਕਾਰੀ ਭਾਈ ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਤਾਰਾ ਨੂੰ 35000 ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਾਰਾ ਇਸ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਨਹੀਂ ਦੇਵੇਗਾ। ਸੀਬੀਆਈ ਦੇ ਵਕੀਲ ਨੇ ਭਾਈ ਤਾਰਾ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਸੀ। ਭਾਈ ਤਾਰਾ ਖ਼ਿਲਾਫ਼ ਧਾਰਾ 302, 307 , 120 ਅਤੇ ਧਮਾਕਾਖੇਜ਼ ਸਮੱਗਰੀ ਰੱਖਣ ਨਾਲ ਸਬੰਧਤ ਹੋਰਨਾਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਸਾਲ ਜਨਵਰੀ ਵਿੱਚ ਉਸ ਨੇ ਅਦਾਲਤ ਵਿੱਚ ਕਬੂਲਨਾਮਾ ਦਾਖਲ ਕੀਤਾ ਸੀ, ਜਿਸ ਵਿੱਚ ਉਸ ਨੇ 1995 ਦੇ ਬੇਅੰਤ ਸਿੰਘ ਹੱਤਿਆਕਾਂਡ ਵਿੱਚ ਆਪਣੀ ਸ਼ਮੂਲੀਅਤ ਕਬੂਲੀ ਸੀ।
ਜ਼ਿਕਰਯੋਗ ਹੈ ਕਿ 31 ਅਗਸਤ, 1995 ਨੂੰ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਚੰਡੀਗੜ੍ਹ ਸਿਵਲ ਸਕੱਤਰੇਤ ਦੇ ਬਾਹਰ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ ਸਨ। ਇਸ ਹਮਲੇ ਵਿੱਚ 16 ਹੋਰਨਾਂ ਵਿਅਕਤੀਆਂ ਦੀਆਂ ਵੀ ਜਾਨਾਂ ਗਈਆਂ ਸਨ। ਪੰਜਾਬ ਪੁਲਿਸ ਦੇ ਮੁਲਾਜ਼ਮ ਦਿਲਾਵਰ ਸਿੰਘ ਨੇ ਇਸ ਘਟਨਾ ਵਿੱਚ ਮਨੁੱਖੀ ਬੰਬ ਦੀ ਭੂਮਿਕਾ ਨਿਭਾਈ ਸੀ। ਭਾਈ ਤਾਰਾ ਨੂੰ ਸਤੰਬਰ 1995 ਨੂੰ ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂਕਿ ਉਹ ਦੋ ਹੋਰਨਾਂ ਮੁਲਜ਼ਮਾਂ ਨਾਲ 2004 ਵਿੱਚ ਕੇਸ ਦੀ ਸੁਣਵਾਈ ਦੌਰਾਨ ਬੁੜੈਲ ਜੇਲ੍ਹ ਵਿਚੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੂੰ 2015 ਵਿੱਚ ਥਾਈਲੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਈ ਤਾਰਾ ਨੂੰ ਸਜ਼ਾ ਸੁਣਾਏ ਜਾਣ ਦੌਰਾਨ ਬੁੜ੍ਹੈਲ ਜੇਲ੍ਹ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਸਮੇਤ ਭਾਈ ਤਾਰਾ ਦੇ ਕਈ ਸਮਰਥਕ ਜੇਲ੍ਹ ਦੇ ਬਾਹਰ ਮੌਜੂਦ ਸੀ।
ਭਾਈ ਤਾਰਾ ਦੀ ਸਜ਼ਾ ‘ਤੇ ਸਿੱਖ ਜਥੇਬੰਦੀਆਂ ਦਾ ਤਿੱਖਾ ਪ੍ਰਤੀਕਰਮ
ਅੰਮ੍ਰਿਤਸਰ ઠ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿਚ ਸੀਬੀਆਈ ਅਦਾਲਤ ਵੱਲੋਂ ਜਗਤਾਰ ਸਿੰਘ ਤਾਰਾ ਨੂੰ ਜੀਵਨ ਭਰ ਉਮਰ ਕੈਦ ਦੀ ਦਿੱਤੀ ਗਈ ਸਜ਼ਾ ਦਾ ਸਿੱਖ ਜਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ ਹੈ ਅਤੇ ਉਸ ਦੀ ਰਿਹਾਈ ਦੀ ਮੰਗ ਕੀਤੀ ਹੈ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਖਿਆ ਕਿ ਸਜ਼ਾ ਨਾਲ ਸਿੱਖ ਕੌਮ ਅੰਦਰ ਭਾਰੀ ਰੋਸ ਹੈ। ਉਨ੍ਹਾਂ ਸਰਕਾਰ ਕੋਲੋਂ ਭਾਈ ਤਾਰਾ ਦੀ ਰਿਹਾਈ ਲਈ ਕਦਮ ਚੁੱਕਣ ਦੀ ਮੰਗ ਕੀਤੀ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਅਦਾਲਤ ਵਲੋਂ ਸੁਣਾਈ ਸਜ਼ਾ ਨਾਲ ਸਿੱਖ ਰਾਜ ਦੀ ਮੰਗ ਕਰਨ ਵਾਲਿਆਂ ਦੇ ਹੌਸਲੇ ਪਸਤ ਨਹੀਂ ਹੋਣਗੇ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਆਗੂ ਸਤਵਿੰਦਰ ਸਿੰਘ, ਸਤਵੰਤ ਸਿੰਘ ਮਾਣਕ, ਬਾਬਾ ਦਰਸ਼ਨ ਸਿੰਘ, ਕਾਬਲ ਸਿੰਘ, ਪ੍ਰਵੀਨ ਕੁਮਾਰ, ਕਿਰਪਾਲ ਸਿੰਘ ਰੰਧਾਵਾ ਆਦਿ ਨੇ ਭਾਈ ਤਾਰਾ ਤੇ ਉਸ ਵਰਗੇ ਹੋਰਨਾਂ ਸਿੱਖ ਨੌਜਵਾਨਾਂ ਵੱਲੋਂ ਕੀਤੀ ਕਾਰਵਾਈ ਨੂੰ ਜਾਇਜ਼ ਕਰਾਰ ਦਿੱਤਾ ਹੈ।
ਭਾਈ ਤਾਰਾ ਸਜ਼ਾ ਘੱਟ ਕਰਨ ਲਈ ਨਹੀਂ ਕਰਨਗੇ ਅਪੀਲ
ਅਦਾਲਤ ਵਲੋਂ ਭਾਈ ਤਾਰਾ ਨੂੰ ਕੁਦਰਤੀ ਮੌਤ ਤੱਕ ਜੇਲ੍ਹ ਦੀ ਸਜ਼ਾ ਸੁਣਾਏ ਜਾਣ ‘ਤੇ ਭਾਈ ਤਾਰਾ ਨੇ ਇਸ ਫ਼ੈਸਲੇ ਦੇ ਸਬੰਧ ਵਿਚ ਕਿਹਾ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਕੋਈ ਅਪੀਲ ਨਹੀਂ ਕਰਨਗੇ। ਭਾਈ ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸੀ.ਬੀ.ਆਈ. ਪੱਖ ਨੇ ਅਦਾਲਤ ਤੋਂ ਭਾਈ ਤਾਰਾ ਨੂੰ ਫਾਂਸੀ ਦੀ ਸਜ਼ਾ ਜਾਂ ਫਿਰ ਕੁਦਰਤੀ ਮੌਤ ਤੱਕ ਉਮਰ ਕੈਦ ਦੇਣ ਦੀ ਮੰਗ ਕੀਤੀ ਸੀ। ਸੀ.ਬੀ.ਆਈ. ਨੇ ਇਹ ਵੀ ਕਿਹਾ ਸੀ ਕਿ ਭਾਈ ਤਾਰਾ ਪਹਿਲਾਂ ਜੇਲ੍ਹ ਤੋੜ ਕੇ ਫ਼ਰਾਰ ਹੋ ਚੁੱਕਾ ਹੈ ਜਿਸ ਕਰਕੇ ਉਸ ਨੂੰ ਸਜ਼ਾ ਦੌਰਾਨ ਪੈਰੋਲ ਵੀ ਨਹੀਂ ਦਿੱਤੀ ਜਾਣੀ ਚਾਹੀਦੀ। ਜਵਾਬ ਵਿਚ ਭਾਈ ਤਾਰਾ ਨੇ ਕਿਹਾ ਕਿ ਜੇਲ੍ਹ ਤੋੜਨ ਦੇ ਬਾਅਦ ਉਨ੍ਹਾਂ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਕਾਰਨ ਕਿਸੇ ਦਾ ਨੁਕਸਾਨ ਹੋਇਆ ਹੋਵੇ।
ਭਾਈ ਤਾਰਾ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ
ਪੁਰਖਾਲੀ : ਭਾਈ ਜਗਤਾਰ ਸਿੰਘ ਤਾਰਾ ਵਾਸੀ ਡੇਕਵਾਲਾ ਨੇ ਸਜ਼ਾ ਸੁਣਨ ਤੋਂ ਪਹਿਲਾਂ ਆਪਣੀਆਂ ਭਤੀਜੀਆਂ ਨਾਲ ਬੁੜੈਲ ਜੇਲ੍ਹ ਵਿਚ ਮੁਲਾਕਾਤ ਕੀਤੀ। ਸਜ਼ਾ ਸੁਣਾਉਣ ਤੋਂ ਬਾਅਦ ਭਾਈ ਤਾਰਾ ਦਾ ਪਰਿਵਾਰ ਪਿੰਡ ਡੇਕਵਾਲਾ ਵਿਖੇ ਪੁੱਜਾ। ਆਪਣੇ ਘਰ ਵਿਖੇ ਭਾਈ ਤਾਰਾ ਦੀਆਂ ਭਰਜਾਈਆਂ ਬਲਜੀਤ ਕੌਰ, ਕਮਲਜੀਤ ਕੌਰ ਤੇ ਭਤੀਜੀਆਂ ਗਗਨਦੀਪ ਕੌਰ, ਪਵਨਦੀਪ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਭਾਈ ਤਾਰਾ ਪੂਰੀ ਚੜ੍ਹਦੀ ਕਲਾ ਵਿਚ ਸਨ ਤੇ ਉਨ੍ਹਾਂ ਚਿੱਟੇ ਰੰਗ ਦਾ ਕੁੜਤਾ ਪਜਾਮਾ ਤੇ ਕੇਸਰੀ ਦਸਤਾਰ ਸਜਾਈ ਹੋਈ ਸੀ।
ਭਾਈ ਤਾਰਾ ਜੇਲ੍ਹ ‘ਚ, ਬਾਹਰ ਖਾਲਿਸਤਾਨ ਦੇ ਨਾਅਰੇ
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਭਾਈ ਜਗਤਾਰ ਸਿੰਘ ਤਾਰਾ ਨੂੰ ਸਜ਼ਾ ਹੋਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਬੁੜੈਲ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਸਮਰਥਕ ਸਵੇਰ ਤੋਂ ਹੀ ਬੁੜੈਲ ਜੇਲ੍ਹ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਪੁਲਿਸ ਦੇ ਮੁਤਾਬਕ ਭਾਈ ਤਾਰਾ ਦੇ ਸਮਰਥਕਾਂ ਨੇ ਦੇਸ਼ ਵਿਰੋਧੀ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸਦੇ ਚੱਲਦਿਆਂ ਤਾਰਾ ਦੇ ਸਮਰਥਕਾਂ ਖਿਲਾਫ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ। ਭਾਈ ਤਾਰਾ ਦੇ ਸਮਰਥਕਾਂ ਦਾ ਪ੍ਰਦਰਸ਼ਨ ਸ਼ਾਂਤੀਪੂਰਵਕ ਸੀ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …