Breaking News
Home / ਪੰਜਾਬ / ‘ਆਪ’ ਸੁਖਪਾਲ ਖਹਿਰਾ ਅੱਗੇ ਝੁਕਣ ਦੇ ਰੌਂਅ ਵਿਚ ਨਹੀਂ

‘ਆਪ’ ਸੁਖਪਾਲ ਖਹਿਰਾ ਅੱਗੇ ਝੁਕਣ ਦੇ ਰੌਂਅ ਵਿਚ ਨਹੀਂ

ਬੈਂਸ ਭਰਾਵਾਂ ‘ਤੇ ਲੱਗ ਰਹੇ ਪਾਰਟੀ ਤੋੜਨ ਦੀ ਕੋਸ਼ਿਸ਼ ਦੇ ਦੋਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਅਤੇ ਕੇਂਦਰੀ ਲੀਡਰਸ਼ਿਪ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ઠਸੁਖਪਾਲ ਸਿੰਘ ਖਹਿਰਾ ਵੱਲੋਂ ਚੁੱਕੀਆਂ ਜਾ ਰਹੀਆਂ ਬਾਗੀ ਸੁਰਾਂ ਅੱਗੇ ਝੁਕਣ ਦੇ ਰੌਂਅ ਵਿੱਚ ਨਹੀਂ ਹੈ ਅਤੇ ਪਾਰਟੀ ਨੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਬੈਂਸ ਭਰਾਵਾਂ ਉਪਰ ਪਾਰਟੀ ਨੂੰ ਤੋੜਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ।ਸੂਤਰਾਂ ਅਨੁਸਾਰ ਪਾਰਟੀ ਦੀ ਲੀਡਰਸ਼ਿਪ ਨੇ ਸੁਖਪਾਲ ਸਿੰਘ ਖਹਿਰਾ ਅਤੇ ਕੁੱਝ ਵਿਧਾਇਕਾਂ ਦੀਆਂ ਸਰਗਰਮੀਆਂ ਉਪਰ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਕੁੱਝ ਵਿਧਾਇਕਾਂ ਨਾਲ ਸੰਪਰਕ ਵੀ ਸਾਧਿਆ ਹੈ। ਪਾਰਟੀ ਲੀਡਰਸ਼ਿਪ ਹੈਰਾਨ ਹੈ ਕਿ ਖਹਿਰਾ ਦੀ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਹੋਏ 8 ਵਿਧਾਇਕਾਂ ਵਿੱਚੋਂ ਤਿੰਨ ਵਿਧਾਇਕਾਂ ਨੇ ਖਹਿਰਾ ਦੀ ਥਾਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਦੀ ਬਕਾਇਦਾ ਲਿਖਤੀ ਸਹਿਮਤੀ ਦਿੱਤੀ ਸੀ। ਸੂਤਰਾਂ ਅਨੁਸਾਰ ਸਿਖ਼ਰਲੀ ਲੀਡਰਸ਼ਿਪ ਨੇ ਨਿਤ ਦਿਨ ਆਪਣੀ ਹੀ ਲੀਡਰਸ਼ਿਪ ਨੂੰ ਨਿੰਦਣ ਦੀ ਮੁਹਿੰਮ ਚਲਾਉਣ ਵਾਲੇ ਕੁੱਝ ਆਗੂਆਂ ਨਾਲ ਸਖਤੀ ਨਾਲ ਨਿਪਟਣ ਦਾ ਮਨ ਬਣਾ ਲਿਆ ਹੈ। ਦੱਸਣਯੋਗ ਹੈ ਕਿ ਖਹਿਰਾ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ 19 ਵਿਧਾਇਕ ਸਿਆਸਤ ਵਿੱਚ ਨਵੇਂ ਹਨ। ਸੂਤਰਾਂ ਅਨੁਸਾਰ ਪਾਰਟੀ ਦੇ ਕੁੱਝ ਵਿਧਾਇਕਾਂ ਵੱਲੋਂ ਹਾਈਕਮਾਂਡ ਅਤੇ ਪਾਰਟੀ ਦੇ ਆਗੂਆਂ ਉਪਰ ਚਿੱਕੜ ਉਛਾਲੀ ਕਰਨ ਤੋਂ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰੇਸ਼ਾਨ ਹਨ।
ਦੂਜੇ ਪਾਸੇ ਪਾਰਟੀ ਦੇ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਡਾ. ਰਵਜੋਤ ਸਿੰਘ, ਦਲਬੀਰ ਸਿੰਘ ਢਿੱਲੋਂ ਤੇ ਗੁਰਦਿੱਤ ਸਿੰਘ ਸੇਖੋਂ, ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਮਹਿਲਾ ਵਿੰਗ ਦੀ ਪ੍ਰਧਾਨ ਰਾਜ ਲਾਲੀ ਗਿੱਲ ਤੇ ઠਉਦਯੋਗ ਦੇ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਨੇ ਦਲਿਤ ਪਰਿਵਾਰ ਨਾਲ ਸਬੰਧਤ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਲਈ ਪਾਰਟੀ ਦੇ ਵਿਧਾਇਕਾਂ ਦਾ ਧੰਨਵਾਦ ਕੀਤਾ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਨਾਲ ਗਏ ਸੱਤ ਵਿਧਾਇਕਾਂ ਨਾਲ ਮੀਟਿੰਗ ਕੀਤੀ। ਦੋਵਾਂ ਧਿਰਾਂ ਵਿਚਕਾਰ ਗੱਲ ਟੁੱਟਣ ਕਾਰਨ ਪਾਰਟੀ ਦੇ ਦੋਫਾੜ ਹੋਣ ਦੀ ਸੰਭਾਵਨਾ ਬਣ ਗਈ ਹੈ। ਮੀਟਿੰਗ ਬੇਸਿੱਟਾ ਰਹਿਣ ਮਗਰੋਂ ਖਹਿਰਾ ਨੇ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ ਉੱਪਰ ਪਹਿਰਾ ਦੇਣਗੇ।
‘ਆਪ’ ਹਾਈਕਮਾਨ ਨੇ ਪੰਜਾਬ ਦੇ ਆਗੂਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ : ਡਾ. ਗਾਂਧੀ
ਪੰਜਾਬ ਦੀ ਖ਼ੁਦਮੁਖਤਾਰੀ ਲਈ ਅੰਦੋਲਨ ਚਲਾਉਣ ਦਾ ਕੀਤਾ ਐਲਾਨ
ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਝਾੜੂ ਦੇ ਤੀਲਾ ਤੀਲਾ ਹੋਣ ਦਾ ਹੁਣ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ। ਪ੍ਰੈੱਸ ਕਲੱਬ ਵਿੱਚ ਗੱਲਬਾਤ ਦੌਰਾਨ ਡਾ. ਗਾਂਧੀ ਨੇ ਕਿਹਾ ਕਿ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਪੰਜਾਬ ਦੇ ਆਗੂਆਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਕਾਰਨ ਪੰਜਾਬ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦਾ ਆਧਾਰ ਘਟਦਾ ਹੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਤੋਂ ਉਤਾਰਿਆ ਗਿਆ ਹੈ ਉਹ ਕਿਸੇ ਵੀ ਤਰ੍ਹਾਂ ਜਮਹੂਰੀਅਤ ਦੇ ਢੰਗ ਵਾਲਾ ਨਹੀਂ। ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਵਿਧਾਇਕਾਂ ਦੀ ਮੀਟਿੰਗ ਕੀਤੇ ਤੋਂ ਬਿਨਾਂ ਹੀ ਵਿਰੋਧੀ ਧਿਰ ਦੇ ਆਗੂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੋਵੇ। ਰਿਫਰੈਂਡਮ 2020 ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਬੋਲਣ ਤੇ ਆਪਣੀ ਗੱਲ ਕਹਿਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ। ਡਾ.ਗਾਂਧੀ ਨੇ ਪੰਜਾਬ ਦੀ ਖ਼ੁਦਮੁਖਤਾਰੀ ਲਈ ਅੰਦੋਲਨ ਚਲਾਉਣ ਦਾ ਐਲਾਨ ਵੀ ਕੀਤਾ।
ਭ੍ਰਿਸ਼ਟਾਚਾਰ ਮਾਮਲੇ ‘ਚ ਏਆਈਜੀ ਸੰਧੂ ਦੋਸ਼ੀ ਕਰਾਰ
ਚੰਡੀਗੜ੍ਹ : ਚੰਡੀਗੜ੍ਹ ਦੀ ਸੀ. ਬੀ. ਆਈ. ਅਦਾਲਤ ਨੇ ਪੰਜਾਬ ਪੁਲਿਸ ਦੇ ਏ. ਆਈ. ਜੀ. ਪੀਐੱਸ. ਸੰਧੂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ ਹੈ। ਪੀ. ਐੱਸ. ਸੰਧੂ ਨੂੰ ਸਜ਼ਾ 3 ਅਗਸਤ ਨੂੰ ਸੁਣਾਈ ਜਾਵੇਗੀ। ਚੇਤੇ ਰਹੇ ਕਿ ਸੰਧੂ ਦੇ ਖਿਲਾਫ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਤਹਿਤ ਸਾਲ 2011 ਵਿਚ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਸੀ. ਬੀ. ਆਈ. ਦੀ ਅਦਾਲਤ ਵਿਚ ਚੱਲ ਰਹੀ ਸੀ। ਜ਼ਿਕਰਯੋਗ ਹੈ ਕਿ 12 ਜੁਲਾਈ, 2011 ਵਿਚ ਅਦਾਲਤ ਨੇ ਪੀ. ਐੱਸ. ਸੰਧੂ ਨੂੰ ਇਕ ਦੁਕਾਨ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਸੀ। ਸੰਧੂ ‘ਤੇ ਸ਼ਿਕਾਇਤ ਕਰਤਾ ਨਿਸ਼ਾਂਤ ਸ਼ਰਮਾ ਦੇ ਖਿਲਾਫ ਦਰਜ ਧੋਖਾਧੜੀ ਦੇ ਕੇਸ ਵਿਚ ਉਨ੍ਹਾਂ ਦੇ ਪੱਖ ਵਿਚ ਰਿਪੋਰਟ ਬਣਾਉਣ ਲਈ 50 ਹਜ਼ਾਰ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਹੈ।

Check Also

ਕਾਂਗਰਸ ਦੇ ਕਲੇਸ਼ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ: ਭਗਵੰਤ ਮਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ …