ਸਬੂਤ ਛੇਤੀ ਜਨਤਕ ਕਰਨ ਦੀ ਗੱਲ ਆਖੀ
ਲੁਧਿਆਣਾ : ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੀ ਪਤਨੀ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਸਵਿਸ ਬੈਂਕਾਂ ਵਿਚ ਕਥਿਤ ਤੌਰ ‘ਤੇ 861 ਕਰੋੜ ਰੁਪਏ ਪਏ ਹਨ। ਕੈਪਟਨ ਪਰਿਵਾਰ ਦਾ ਇਹ ਸਾਰਾ ਪੈਸਾ ਕਥਿਤ ਤੌਰ ‘ਤੇ ਹਵਾਲਾ ਰਾਹੀਂ ਪਾਕਿਸਤਾਨ, ਦੁਬਈ ਅਤੇ ਯੂਰਪੀ ਦੇਸ਼ਾਂ ਵਿਚੋਂ ਹੁੰਦਾ ਹੋਇਆ ਸਵਿਸ ਬੈਂਕਾਂ ਵਿਚ ਪੁੱਜਿਆ ਹੈ। ਬਰਾੜ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੋਲ ਪੱਕੇ ਸਬੂਤ ਹਨ, ਜਿਨ੍ਹਾਂ ਨੂੰ ਉਹ ਛੇਤੀ ਜਨਤਕ ਕਰਨਗੇ। ਉਨ੍ਹਾਂ ਕਿਹਾ ਕਿ ਉਹ 15 ਅਗਸਤ ਨੂੰ ਪਿੰਡ ਸਰਾਭਾ ‘ਚ ਹੋਣ ਵਾਲੇ ਸਮਾਗਮ ਵਿੱਚ 2 ਸਫ਼ਿਆਂ ਦਾ ਇੱਕ ਪੱਤਰ ਵੀ ਜਾਰੀ ਕਰਨਗੇ। ਐਸਵਾਈਐਲ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਇੱਕ ਦੂਸਰੇ ‘ਤੇ ਦੋਸ਼ ਲਾ ਇਸ ਮਾਮਲੇ ਵਿਚ ਸਾਰਿਆਂ ਨੂੰ ਗੁੰਮਰਾਹ ਕਰ ਰਹੇ ਹਨ। ਚੋਣਾਂ ਨੇੜੇ ਆਉਂਦੀਆਂ ਦੇਖ ਦੋਵੇਂ ਪਾਰਟੀਆਂ ਨੇ ਇੱਕ ਦੂਸਰੇ ‘ਤੇ ਦੋਸ਼ ਮੜ੍ਹਨੇ ਸ਼ੁਰੂ ਕਰ ਦਿੱਤੇ ਹਨ। ਜਗਮੀਤ ਬਰਾੜ ਨੇ ਕਿਹਾ ਕਿ ਉਹ 15 ਅਗਸਤ ਨੂੰ ਪਿੰਡ ਸਰਾਭਾ ਵਿਚ ਪੰਜਾਬ ਲੋਕ ਹਿੱਤ ਅਭਿਆਨ ਸ਼ੁਰੂ ਕਰਨ ਜਾ ਰਹੇ ਹਨ, ਜਿਸ ਲਈ ਉਨ੍ਹਾਂ ਨੇ 21 ਮੈਂਬਰੀ ਕਮੇਟੀ ਬਣਾਈ ਹੈ। ਇਸ ਸਮਾਗਮ ਵਿਚ ਆਜ਼ਾਦੀ ਲਈ ਚੱਲੀਆਂ ਸਾਰੀਆਂ ਲਹਿਰਾਂ ਨਾਲ ਸਬੰਧ ਰੱਖਣ ਵਾਲੇ ਪਰਿਵਾਰ ਵੀ ਸ਼ਾਮਲ ਹੋਣਗੇ।ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਸਰਕਾਰ ਦੀ ਕਥਿਤ ਦਖ਼ਲਅੰਦਾਜ਼ੀ ਕਾਰਨ ਪਿੰਡ ਸਰਾਭਾ ਦੇ ਗਰਾਊਂਡ ਦੇ ਪ੍ਰਬੰਧਕਾਂ ਨੇ ਕਿਹਾ ਕਿ ਗਰਾਊਂਡ ਦੀ ਉਸਾਰੀ ਕਾਰਨ ਸਮਾਗਮ ਉਥੇ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਉਥੇ ਸਮਾਗਮ ਕਰਨ ਦੀ ਆਗਿਆ ਦਿੱਤੀ ਹੈ। ਆਮ ਆਦਮੀ ਪਾਰਟੀ ਵਿਚ ਜਾਣ ਬਾਰੇ ਪੁੱਛਣ ‘ਤੇ ਬਰਾੜ ਨੇ ਕਿਹਾ ਕਿ ਹਾਲੇ ਉਨ੍ਹਾਂ ਨੇ ‘ਆਪ’ ਦੇ ਆਗੂਆਂ ਨਾਲ ਸੰਪਰਕ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਅਤੇ ਉਨ੍ਹਾਂ ਦੇ ਮੁੱਦੇ ਮਿਲਦੇ ਜੁਲਦੇ ਹਨ ਤੇ ਉਹ ਪੰਜਾਬੀਆਂ ਦੇ ਹਿੱਤਾਂ ਲਈ ਕੁਝ ਵੀ ਕਰ ਸਕਦੇ ਹਨ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …