ਕਿਸਾਨ ਜਥੇਬੰਦੀਆਂ ਨੇ ਜਲੰਧਰ ਫਗਵਾੜਾ ਹਾਈਵੇ ਅਣਮਿੱਥੇ ਸਮੇਂ ਲਈ ਕੀਤਾ ਜਾਮ
ਗੰਨੇ ਦੇ ਭਾਅ ਵਿਚ ਵਾਧਾ ਕਰਨ ਦੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਮੰਗ
ਜਲੰਧਰ/ਬਿਊਰੋ ਨਿਊਜ਼ :
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਜਤਾਉਂਦੇ ਹੋਏ ਜਲੰਧਰ-ਫਗਵਾੜਾ ਹਾਈਵੇ ਨੂੰ ਅਣਮਿੱਥੇ ਸਮੇਂ ਲਈ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੰਜਾਬ ਸਰਕਾਰ ਨੇ ਗੰਨੇ ਦੇ ਮੁੱਲ ਵਿਚ ਵਾਧਾ ਨਾ ਕਰਕੇ ਕਿਸਾਨਾਂ ਨਾਲ ਇਕ ਵਾਰ ਫ਼ਿਰ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵੀ ਕਿਸਾਨ ਵਿਰੋਧੀ ਹੋ ਚੁੱਕੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਵਲੋਂ ਗੰਨੇ ਦੇ ਭਾਅ ਵਿਚ ਵਾਧਾ ਕਰਨ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਤੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਕਿਸਾਨਾਂ ਨੇ ਜਲੰਧਰ-ਲੁਧਿਆਣਾ ਹਾਈਵੇ ਦੀ ਇਕ ਸਾਈਡ ’ਤੇ ਟੈਂਟ ਲਗਾ ਲਏ ਹਨ ਅਤੇ ਦੂਰੋਂ-ਦੂਰੋਂ ਕਿਸਾਨ ਜਥੇਬੰਦੀਆਂ ਧਰਨੇ ਵਿਚ ਪਹੁੰਚੀਆਂ। ਉਥੇ ਹੀ ਪੁਲਿਸ ਨੇ ਟੈ੍ਰਫਿਕ ਨੂੰ ਡਾਇਵਰਟ ਕਰ ਦਿੱਤਾ ਹੈ ਅਤੇ ਹਾਈਵੇ ਜਾਮ ਹੋਣ ਕਾਰਨ ਸ਼ਹਿਰ ’ਚ ਵੀ ਟ੍ਰੈਫਿਕ ਦਾ ਬੁਰਾ ਹਾਲ ਹੈ। ਕਿਸਾਨ ਆਗੂਆਂ ਵੱਲੋਂ ਧਰਨੇ ਵਿਚ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਸੀ ਅਤੇ ਇਹ ਵਿਰੋਧ ਪ੍ਰਦਰਸ਼ਨ ਧਾਨੋਵਾਲੀ ਗੇਟ ਦੇ ਕੋਲ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਜਲੰਧਰ-ਫਗਵਾੜਾ, ਲੁਧਿਆਣਾ ਮੁੱਖ ਮਾਰਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਕੋਈ ਵੀ ਕਿਸਾਨ ਆਗੂ ਜਾਂ ਕਿਸਾਨ ਹਾਈਵੇ ਬੰਦ ਕਰਨ ਦੇ ਹੱਕ ਵਿਚ ਨਹੀਂ ਪੰ੍ਰਤੂ ਸਰਕਾਰ ਨੂੰ ਨੀਂਦ ’ਚੋਂ ਜਗਾਉਣ ਲਈ ਅਜਿਹੇ ਕਦਮ ਚੁੱਕਣੇ ਪੈਂਦੇ ਹਨ।