Breaking News
Home / ਪੰਜਾਬ / ਪੰਜਾਬੀ ਵਿਆਹਾਂ ਦੀ ਰੌਣਕ ਵਧਾ ਰਹੀਆਂ ਹਨ ਗੋਰੀਆਂ

ਪੰਜਾਬੀ ਵਿਆਹਾਂ ਦੀ ਰੌਣਕ ਵਧਾ ਰਹੀਆਂ ਹਨ ਗੋਰੀਆਂ

ਵਿਦੇਸ਼ੀ ਮਿਊਜ਼ਿਕ ਤੇ ਡਾਂਸ ਗਰੁੱਪ ਪੰਜਾਬੀ ਵਿਆਹਾਂ ਦਾ ਬਣੇ ਸ਼ਿੰਗਾਰ, ਦੋ ਘੰਟੇ ਦੇ ਪ੍ਰੇਗਰਾਮ ਲਈ 30 ਤੋਂ 40 ਹਜ਼ਾਰ ਦੀ ਹੁੰਦੀ ਹੈ ਅਦਾਇਗੀ
ਬਠਿੰਡਾ : ਸਾਰੀ ਦੁਨੀਆ ‘ਚ ਆਪਣਾ ਪਰਚਮ ਲਹਿਰਾਉਣ ਵਾਲੇ ਪੰਜਾਬੀਆਂ ਨੂੰ ਹੁਣ ਇਕ ਨਵਾਂ ਸ਼ੌਕ ਜਾਗਿਆ ਹੈ। ਵਿਆਹ ਸਮਾਗਮਾਂ ਵਿਚ ਜਿੱਥੇ ਪਹਿਲਾਂ ਦੇਸੀ ਮੁੰਡੇ ਕੁੜੀਆਂ ਡੀਜੇ ਦੀਆਂ ਧੁੰਨਾਂ ‘ਤੇ ਨੱਚ ਕੇ ਆਏ ਮਹਿਮਾਨਾਂ ਦਾ ਦਿਲ ਪ੍ਰਚਾਵਾ ਕਰਦੇ ਸਨ, ਉਥੇ ਹੁਣ ਇਨ੍ਹਾਂ ਦੀ ਥਾਂ ਗੋਰੀਆਂ ਨੇ ਲੈ ਲਈ ਹੈ। ਭਾਵੇਂ ਇਹ ਸ਼ੌਕ ਕਾਫੀ ਮਹਿੰਗਾ ਹੈ ਪਰ ਵਿਆਹ ਸਮਾਗਮਾਂ ਵਿਚ ਖੁੱਲ੍ਹ ਕੇ ਖਰਚਾ ਕਰਨ ਦੇ ਆਦੀ ਪੰਜਾਬੀ ਇਸ ਵਿਚ ਵੀ ਪਿੱਛੇ ਨਹੀਂ ਰਹਿਣਾ ਚਾਹੁੰਦੇ। ਇਹੀ ਕਾਰਨ ਹੈ ਕਿ ਹੁਣ ਪੰਜਾਬੀ ਵਿਆਹਾਂ ਵਿਚ ਰੂਸ ਅਤੇ ਹੋਰ ਦੇਸ਼ਾਂ ਦੀਆਂ ਲੜਕੀਆਂ ਨਾ ਸਿਰਫ ਡਾਂਸ ਕਰਦੀਆਂ ਹਨ ਬਲਕਿ ਕਈ ਤਰ੍ਹਾਂ ਦੇ ਸਾਜ਼ਾਂ ਅਤੇ ਹੋਰ ਕਰਤਬਾਂ ਨਾਲ ਲੋਕਾਂ ਦਾ ਮਨੋਰੰਜਨ ਵੀ ਕਰਦੀਆਂ ਹਨ।
ਬਠਿੰਡਾ ਵਿਚ ਹੋਏ ਅਜਿਹੇ ਹੀ ਇਕ ਵਿਆਹ ਦੌਰਾਨ ਅਜਿਹਾ ਮਿਊਜ਼ਿਕ ਗਰੁੱਪ ਵਿਸ਼ੇਸ਼ ਤੌਰ ‘ਤੇ ਦਿੱਲੀ ਤੋਂ ਆਇਆ ਸੀ। ਇਸ ਗਰੁੱਪ ਵਿਚ ਅੱਠ ਦੇ ਕਰੀਬ ਰੂਸ ਦੀਆਂ ਲੜਕੀਆਂ ਸਨ ਅਤੇ ਹਰ ਲੜਕੀ ਨੂੰ ਦੋ ਘੰਟੇ ਦੇ ਪ੍ਰੋਗਰਾਮ ਲਈ 30 ਤੋਂ 40 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ। ਇਸ ਤੋਂ ਇਲਾਵਾ ਬਠਿੰਡਾ ਦੇ ਹੀ ਇਕ ਹੋਟਲ ਵਪਾਰੀ ਸਤੀਸ਼ ਕੁਮਾਰ ਅਰੋੜਾ ਨੇ ਵੀ ਆਪਣੇ ਪੁੱਤਰ ਦੇ ਵਿਆਹ ਮੌਕੇ ਦਿੱਲੀ ਤੋਂ ਵਿਦੇਸ਼ੀ ਲੜਕੀਆਂ ਦਾ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦੌਰਾਨ ਲੜਕੀਆਂ ਨੇ ਕਾਫੀ ਤਰ੍ਹਾਂ ਦੇ ਨਾਮੀ ਹਿੰਦੀ ਗੀਤਾਂ ‘ਤੇ ਡਾਂਸ ਵੀ ਕੀਤਾ। ਰੂਸ ਤੋਂ ਇਲਾਵਾ ਮਲੇਸ਼ੀਆ, ਮੈਕਸੀਕੋ, ਥਾਈਲੈਂਡ ਅਤੇ ਫਿਨਲੈਂਡ ਦੀਆਂ ਲੜਕੀਆਂ ਵਲੋਂ ਅਜਿਹੇ ਗਰੁੱਪ ਤਿਆਰ ਕੀਤੇ ਗਏ ਹਨ। ਇਹ ਲੜਕੀਆਂ ਸਾਲ ਦੇ ਸਿਰਫ ਤਿੰਨ ਮਹੀਨੇ ਹੀ ਭਾਰਤ ਰਹਿੰਦੀਆਂ ਹਨ ਅਤੇ ਉਨ੍ਹਾਂ ਵਲੋਂ ਦਿੱਲੀ ਵਿਖੇ ਹੋਟਲ ਬੁੱਕ ਕਰਵਾ ਲਏ ਜਾਂਦੇ ਹਨ।
ਇਹ ਤਿੰਨ ਮਹੀਨੇ ਦਸੰਬਰ, ਜਨਵਰੀ ਅਤੇ ਫਰਵਰੀ ਦੇ ਮਹੀਨੇ ਹਨ। ਇਹ ਸਮਾਂ ਵਿਆਹਾਂ ਦਾ ਹੁੰਦਾ ਹੈ ਅਤੇ ਤਿੰਨੇ ਮਹੀਨੇ ਪ੍ਰੋਗਰਾਮ ਲਗਾ ਕੇ ਉਹ ਵਾਪਸ ਚਲੀਆਂ ਜਾਂਦੀਆਂ ਹਨ ਅਤੇ ਫਿਰ ਅਗਲੇ ਸਾਲ ਆਉਂਦੀਆਂ ਹਨ।
ਵਿਰਸੇ ‘ਤੇ ਭਾਰੀ ਪੈ ਰਹੇ ਹਨ ਇਹ ਸ਼ੌਕ : ਖਾਲਸਾ
ਮਾਲਵਾ ਹੈਰੀਟੇਜ਼ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਅਸੀਂ ਪੰਜਾਬੀ ਲੋਕ ਤਾਂ ਪਹਿਲਾਂ ਹੀ ਆਪਣੇ ਵਿਆਹ ਸਮਾਗਮਾਂ ਮੌਕੇ ਆਪਣੇ ਰੀਤੀ ਰਿਵਾਜ਼ਾਂ ਨੂੰ ਭੁਲਾਉਂਦੇ ਜਾ ਰਹੇ ਹਾਂ ਤੇ ਬਾਹਰੀ ਕਲਾਕਾਰ ਹੀ ਸਾਡੇ ਵਿਆਹਾਂ ਦਾ ਸ਼ਿੰਗਾਰ ਬਣ ਰਹੇ ਹਨ।
ਮਨੋਰੰਜਨ ਏਜੰਸੀਆਂ ਹਾਇਰ ਕਰਦੀਆਂ ਹਨ ਅਜਿਹੇ ਕਲਾਕਾਰ
ਇਹ ਵਿਦੇਸ਼ੀ ਕਲਾਕਾਰ ਅਤੇ ਖਾਸ ਕਰ ਕੇ ਵਿਦੇਸ਼ੀ ਡਾਂਸਰ ਲੜਕੀਆਂ ਨੂੰ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਸਥਿਤ ਮਨੋਰੰਜਨ ਕੰਪਨੀਆਂ ਆਪਣੇ ਕੋਲ ਆਪਣੇ ਖਰਚੇ ‘ਤੇ ਬੁਲਾਉਂਦੀਆਂ ਹਨ। ਹਰ ਲੜਕੀ ਨੂੰ ਪੂਰੇ ਸੀਜ਼ਨ ਦੇ ਹਿਸਾਬ ਨਾਲ ਰੁਪਏ ਦਿੱਤੇ ਜਾਂਦੇ ਹਨ ਅਤੇ ਫਿਰ ਉਹ ਜਿਸ ਏਜੰਸੀ ਨਾਲ ਜੁੜੀ ਹੁੰਦੀ ਹੈ, ਉਸ ਏਜੰਸੀ ਦੇ ਗਰੁੱਪ ਵਿਚ ਹੀ ਕੰਮ ਕਰਦੀ ਹੈ। ਇਸ ਤੋਂ ਇਲਾਵਾ ਕੁਝ ਲੜਕੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਆਪਣੇ ਵੱਖਰੇ ਗਰੁੱਪ ਬਣਾਏ ਹਨ ਅਤੇ ਇਹ ਗਰੁੱਪ ਇਕ ਪ੍ਰੋਗਰਾਮ ਦਾ ਦੋ ਤੋਂ ਢਾਈ ਲੱਖ ਰੁਪਏ ਤੱਕ ਲੈਂਦੇ ਹਨ।
ਸਰਕਸ ਦੇ ਜੌਹਰ ਵੀ ਦਿਸਦੇ ਹਨ ਵਿਆਹਾਂ ‘ਚ
ਇਨ੍ਹਾਂ ਵਿਦੇਸ਼ੀ ਕਲਾਕਾਰਾਂ ਵਲੋਂ ਨਾ ਸਿਰਫ ਪੰਜਾਬੀ ਹਿੰਦੀ ਗੀਤਾਂ ‘ਤੇ ਡਾਂਸ ਕੀਤਾ ਜਾਂਦਾ ਹੈ ਸਗੋਂ ਅਜਿਹੇ ਕਲਾਕਾਰਾਂ ਦੇ ਗਰੁੱਪਾਂ ਵਲੋਂ ਕੁਝ ਅਜਿਹੇ ਹੈਰਤਅੰਗੇਜ਼ ਕਰਤਬ ਵੀ ਦਿਖਾਏ ਜਾਂਦੇ ਹਨ ਜੋ ਅਸੀਂ ਸਰਕਲ ਵਿਚ ਦੇਖਦੇ ਹਾਂ। ਆਏ ਹੋਏ ਮਹਿਮਾਨਾਂ ਲਈ ਇਸ ਨਾਲ ਦੇਖਣ ਵਾਲਿਆਂ ਨੂੰ ਇਕ ਵੱਖਰਾ ਹੀ ਰੰਗ ਬੰਨ੍ਹਿਆ ਜਾਂਦਾ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …