ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਆਰ.ਕੇ.ਐੱਸ. ਭਦੌਰੀਆ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਮੌਜੂਦਗੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
ਭਾਜਪਾ ਆਗੂਆਂ ਨੇ ਕਿਹਾ ਕਿ ਭਦੌਰੀਆ ਨੇ ਕਰੀਬ 40 ਸਾਲ ਭਾਰਤੀ ਹਵਾਈ ਸੈਨਾ ਵਿੱਚ ਸੇਵਾਵਾਂ ਨਿਭਾਈਆਂ ਹਨ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਆਤਮ-ਨਿਰਭਰ ਭਾਰਤ’ ਪ੍ਰੋਗਰਾਮ ਵਿੱਚ ਯੋਗਦਾਨ ਪਾਇਆ।
ਭਦੌਰੀਆ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ। ਭਾਜਪਾ ਨੇ ਲੋਕ ਸਭਾ ਚੋਣਾਂ ਲਈ ਅਜੇ ਉੱਤਰ ਪ੍ਰਦੇਸ਼ ਦੀਆਂ ਕਈ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰਨਾ ਹੈ।
ਭਦੌਰੀਆ ਰਾਫਾਲ ਜੰਗੀ ਜਹਾਜ਼ਾਂ ਨੂੰ ਚਲਾਉਣ ਵਾਲੇ ਭਾਰਤੀ ਹਵਾਈ ਸੈਨਾ ਦੇ ਮੋਹਰੀ ਅਧਿਕਾਰੀਆਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਉੱਨਤ ਜਹਾਜ਼ਾਂ ਲਈ ਫਰਾਂਸ ਦੇ ਨਾਲ ਹੋਏ ਸਮਝੌਤੇ ਨੂੰ ਅੰਤਿਮ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਸਤੰਬਰ 2019 ਤੋਂ ਸਤੰਬਰ 2021 ਤੱਕ ਭਾਰਤੀ ਹਵਾਈ ਸੈਨਾ ਦੇ ਮੁਖੀ ਵਜੋਂ ਸੇਵਾ ਨਿਭਾਈ।
ਹਵਾਈ ਸੈਨਾ ਦੇ ਮੁਖੀ ਵਜੋਂ ਆਪਣੀ ਨਿਯੁਕਤੀ ਤੋਂ ਪਹਿਲਾਂ, ਭਦੌਰੀਆ ਨੇ ਮਾਰਚ 2017 ਤੋਂ ਅਗਸਤ 2018 ਤੱਕ ਦੱਖਣੀ ਹਵਾਈ ਕਮਾਂਡ ਦੇ ਏਅਰ ਆਫਿਸਰ ਕਮਾਂਡਿੰਗ-ਇਨ-ਚੀਫ਼ ਅਤੇ ਬਾਅਦ ਵਿੱਚ ਸਿਖਲਾਈ ਦੇ ਏਓਸੀ-ਇਨ-ਸੀ ਸਮੇਤ ਮਹੱਤਵਪੂਰਨ ਕਮਾਡਾਂ ਸੰਭਾਲੀਆਂ। ਅਗਸਤ 2018 ਤੋਂ ਮਈ 2019 ਤੱਕ ਉਨ੍ਹਾਂ ਵਾਈਸ ਚੀਫ਼ ਆਫ਼ ਏਅਰ ਸਟਾਫ਼ ਵਜੋਂ ਹਵਾਈ ਸੈਨਾ ਦੀ ਕਮਾਂਡ ਸੰਭਾਲੀ।