15 C
Toronto
Saturday, October 18, 2025
spot_img
Homeਭਾਰਤਭਾਜਪਾ ਲਈ ਅੰਮ੍ਰਿਤਸਰ 'ਚ ਸੌਖਾ ਨਹੀਂ ਹੋਵੇਗਾ ਰਾਹ

ਭਾਜਪਾ ਲਈ ਅੰਮ੍ਰਿਤਸਰ ‘ਚ ਸੌਖਾ ਨਹੀਂ ਹੋਵੇਗਾ ਰਾਹ

ਨੌਂ ਵਿਧਾਨ ਸਭਾ ਹਲਕਿਆਂ ‘ਚ ਪਾਰਟੀ ਦਾ ਇੱਕ ਵੀ ਵਿਧਾਇਕ ਨਹੀਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਜਪਾ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਪਿਛਲੇ ਸਮਿਆਂ ਦੌਰਾਨ ਉੱਚੇ ਰੁਤਬੇ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਨੂੰ ਆਪਣੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਜਾਂਦਾ ਰਿਹਾ ਹੈ ਜਿਸ ਤਹਿਤ ਇਸ ਵਾਰ ਵੀ ਨਵੇਂ ਚਿਹਰੇ ਨੂੰ ਮੈਦਾਨ ਵਿੱਚ ਉਤਾਰਨ ਦੀ ਸੰਭਾਵਨਾ ਹੈ ਪਰ ਭਾਜਪਾ ਉਮੀਦਵਾਰ ਵਾਸਤੇ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਜਿੱਤ ਹਾਸਲ ਕਰਨਾ ਸੌਖਾ ਨਹੀਂ ਹੋਵੇਗਾ। ਚਰਚਾ ਚੱਲ ਰਹੀ ਹੈ ਕਿ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਇਸ ਵਾਰ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਹੋ ਸਕਦੇ ਹਨ।
ਇਸ ਸੰਸਦੀ ਹਲਕੇ ਤੋਂ ਭਾਜਪਾ ਵੱਲੋਂ 2014 ਵਿੱਚ ਅਰੁਣ ਜੇਤਲੀ ਅਤੇ 2019 ਵਿੱਚ ਸਾਬਕਾ ਰਾਜਦੂਤ ਹਰਦੀਪ ਸਿੰਘ ਪੁਰੀ ਨੂੰ ਭਾਜਪਾ ਉਮੀਦਵਾਰ ਵਜੋਂ ਉਤਾਰਿਆ ਗਿਆ ਸੀ। ਇਸ ਤੋਂ ਪਹਿਲਾਂ 2004 ਵਿੱਚ ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਉਮੀਦਵਾਰ ਵਜੋਂ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ। ਇਸ ਸੰਸਦੀ ਹਲਕੇ ਦੇ ਇਤਿਹਾਸ ‘ਤੇ ਜੇਕਰ ਇੱਕ ਝਾਤ ਮਾਰੀ ਜਾਵੇ ਤਾਂ ਹੁਣ ਤੱਕ ਹੋਈਆਂ 20 ਵਾਰ ਲੋਕ ਸਭਾ ਚੋਣਾਂ ਅਤੇ ਉਪ ਚੋਣਾਂ ਦੌਰਾਨ ਭਾਜਪਾ ਨੇ ਸਿਰਫ ਛੇ ਵਾਰ ਚੋਣ ਜਿੱਤੀ ਹੈ। ਇਨ੍ਹਾਂ ਵਿੱਚ ਤਿੰਨ ਵਾਰ ਨਵਜੋਤ ਸਿੰਘ ਸਿੱਧੂ ਅਤੇ ਇੱਕ ਵਾਰ ਦਇਆ ਸਿੰਘ ਸੋਢੀ ਨੇ ਬਤੌਰ ਭਾਜਪਾ ਉਮੀਦਵਾਰ ਚੋਣ ਜਿੱਤੀ ਸੀ ਜਦੋਂਕਿ ਇਸ ਤੋਂ ਪਹਿਲਾਂ 1967 ਵਿੱਚ ਭਾਰਤੀ ਜਨ ਸੰਘ ਦੇ ਉਮੀਦਵਾਰ ਵਜੋਂ ਯੱਗ ਦੱਤ ਸ਼ਰਮਾ ਤੇ 1977 ਵਿੱਚ ਜਨਤਾ ਪਾਰਟੀ ਵੱਲੋਂ ਬਲਦੇਵ ਪ੍ਰਕਾਸ਼ ਨੇ ਚੋਣ ਜਿੱਤੀ ਸੀ। ਇਹ ਹਲਕਾ ਕਾਂਗਰਸ ਦਾ ਗੜ੍ਹ ਰਿਹਾ ਜਿੱਥੇ ਕਾਂਗਰਸੀ ਉਮੀਦਵਾਰਾਂ ਨੇ 13 ਵਾਰ ਲੋਕ ਸਭਾ ਚੋਣ ਜਿੱਤੀ ਹੈ।
ਇਸ ਵੇਲੇ ਭਾਜਪਾ ਦਾ ਦਿਹਾਤੀ ਹਲਕਿਆਂ ਵਿੱਚ ਕੋਈ ਵੱਡਾ ਆਧਾਰ ਨਹੀਂ ਹੈ ਅਤੇ ਇਸ ਸੰਸਦੀ ਹਲਕੇ ਦੇ ਨੌਂ ਵਿਧਾਨ ਸਭਾ ਹਲਕਿਆਂ ਵਿੱਚ ਚਾਰ ਹਲਕੇ ਦਿਹਾਤੀ ਹਲਕੇ ਹਨ। ਇਸ ਵੇਲੇ ਇਨ੍ਹਾਂ ਨੌਂ ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਦਾ ਇੱਕ ਵੀ ਵਿਧਾਇਕ ਨਹੀਂ ਹੈ ਅਤੇ ਨੌਂ ਵਿਧਾਨ ਸਭਾ ਹਲਕਿਆਂ ਵਿੱਚੋਂ ਸੱਤ ਵਿੱਚ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ। ਮੌਜੂਦਾ ਸਥਿਤੀ ਵਿੱਚ ਭਾਜਪਾ ਉਮੀਦਵਾਰ ਵਾਸਤੇ ਇਸ ਹਲਕੇ ਤੋਂ ਚੋਣ ਜਿੱਤਣਾ ਸੌਖਾ ਨਹੀਂ ਹੈ। ਭਾਜਪਾ ਵੱਲੋਂ ਐੱਨਡੀਏ ਦੇ ਆਪਣੇ ਪੁਰਾਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਗੱਠਜੋੜ ਬਾਰੇ ਗੱਲਬਾਤ ਚੱਲ ਰਹੀ ਹੈ।
ਭਾਜਪਾ ਸੰਧੂ ਸਣੇ ਕਈ ਉਮੀਦਵਾਰਾਂ ਦੇ ਨਾਵਾਂ ‘ਤੇ ਕਰ ਰਹੀ ਹੈ ਵਿਚਾਰ : ਭਾਜਪਾ ਦੇ ਸੰਭਾਵੀ ਉਮੀਦਵਾਰਾਂ ਵਿੱਚ ਤਰਨਜੀਤ ਸਿੰਘ ਸੰਧੂ ਤੋਂ ਇਲਾਵਾ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ। ਰਾਜਿੰਦਰ ਮੋਹਨ ਸਿੰਘ ਛੀਨਾ 2017 ਵਿੱਚ ਸੰਸਦੀ ਉਪ ਚੋਣ ਲੜ ਚੁੱਕੇ ਹਨ ਅਤੇ ਉਨ੍ਹਾਂ ਨੇ 3 ਲੱਖ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ ਪਰ ਉਹ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੋਂ ਹਾਰ ਗਏ ਸਨ ਜਿਸ ਨੇ ਲਗਪਗ 5 ਲੱਖ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ।

 

RELATED ARTICLES
POPULAR POSTS