ਛੇ ਮੰਤਰੀਆਂ ਨੇ ਵੀ ਚੁੱਕੀ ਸਹੁੰ ੲ ਦਿੱਲੀ ਦੇ ਵਿਕਾਸ ਲਈ ਮੋਦੀ ਦਾ ਵੀ ਮੰਗਿਆ ਅਸ਼ੀਰਵਾਦ
ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਇਤਿਹਾਸਕ ਰਾਮਲੀਲਾ ਮੈਦਾਨ ‘ਚ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ‘ਚ ਵਧੀਆ ਸ਼ਾਸਨ ਦੇਣ ਲਈ ਕੇਂਦਰ ਨਾਲ ਤਾਲਮੇਲ ਕਰਕੇ ਕੰਮ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਬਿਨਾਂ ਕਿਸੇ ਰੁਕਾਵਟ ਦੇ ਸਰਕਾਰ ਚਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸ਼ੀਰਵਾਦ ਵੀ ਮੰਗਿਆ। ਇਸ ਤੋਂ ਪਹਿਲਾਂ ਉਪ ਰਾਜਪਾਲ ਅਨਿਲ ਬੈਜਲ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ ਸੀ। ਫਿਰ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਗੌਤਮ ਨੇ ਸਹੁੰ ਚੁੱਕੀ। ਗੋਪਾਲ ਰਾਏ ਨੇ ਸ਼ਹੀਦਾਂ ਦੇ ਨਾਂ ‘ਤੇ ਵੀ ਸਹੁੰ ਚੁੱਕੀ ਜਦਕਿ ਇਮਰਾਨ ਹੁਸੈਨ ਨੇ ਅੱਲ੍ਹਾ ਤੇ ਈਸ਼ਵਰ ਦੇ ਨਾਂ ‘ਤੇ ਹਲਫ਼ ਲਿਆ। ਹਲਫ਼ ਲੈਣ ਮਗਰੋਂ ਕੇਜਰੀਵਾਲ ਨੇ ਕਿਹਾ ਕਿ ਹੁਣ ਚੋਣਾਂ ਖ਼ਤਮ ਹੋ ਗਈਆਂ ਹਨ ਅਤੇ ਵਿਰੋਧੀਆਂ ਨੇ ਪ੍ਰਚਾਰ ਦੌਰਾਨ ਉਨ੍ਹਾਂ ਬਾਰੇ ਜੋ ਕੁਝ ਵੀ ਕਿਹਾ, ਉਸ ਲਈ ਉਨ੍ਹਾਂ ਵਿਰੋਧੀਆਂ ਨੂੰ ‘ਮੁਆਫ਼’ ਕਰ ਦਿੱਤਾ ਹੈ। ਖ਼ੁਦ ਨੂੰ ਦਿੱਲੀ ਦਾ ਬੇਟਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਜਿੱਤ ਇਕ-ਇਕ ਦਿੱਲੀ ਵਾਸੀ, ਵਿਦਿਆਰਥੀ, ਅਧਿਆਪਕ, ਅਫ਼ਸਰ, ਇੰਜਨੀਅਰ, ਆਟੋ ਵਾਲੇ, ਬੱਸ ਚਾਲਕਾਂ, ਰੇਹੜੀ ਵਾਲਿਆਂ ਅਤੇ ਵਪਾਰੀਆਂ ਦੀ ਜਿੱਤ ਹੈ ਜੋ ਦਿੱਲੀ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਰਾਜਧਾਨੀ ਨੂੰ ਨਿਰਮਾਣ ਕਰਨ ਵਾਲੇ ਚਲਾਉਂਦੇ ਰਹਿੰਦੇ ਹਨ। ਇਸੇ ਕਰਕੇ 50 ‘ਦਿੱਲੀ ਨਿਰਮਾਤਾ’ ਮੁੱਖ ਮਹਿਮਾਨ ਬਣੇ ਹਨ। ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਦੇ ਸਾਰੇ 2 ਕਰੋੜ ਵਾਸੀਆਂ ਦੇ ਮੁੱਖ ਮੰਤਰੀ ਹਨ। ਉਹ ਭਾਜਪਾ, ਕਾਂਗਰਸ ਤੇ ਹੋਰ ਪਾਰਟੀਆਂ ਨੂੰ ਵੋਟਾਂ ਦੇਣ ਵਾਲਿਆਂ ਲਈ ਜਾਤ-ਧਰਮ ਤੋਂ ਉਪਰ ਉੱਠ ਕੇ ਕੰਮ ਕਰਨਗੇ ਅਤੇ ਪਹਿਲਾਂ ਵੀ ਕਿਸੇ ਨਾਲ ਮਤਰੇਆ ਸਲੂਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੇ ਨਵੀਂ ਰਾਜਨੀਤੀ ਸ਼ੁਰੂ ਕੀਤੀ ਹੈ ਜੋ ‘ਕੰਮ ਦੀ ਰਾਜਨੀਤੀ’ ਹੈ ਜਿਸ ਕਰਕੇ ਦੇਸ਼ ਦੀ ਰਾਜਨੀਤੀ ਬਦਲ ਰਹੀ ਹੈ।ਉਨ੍ਹਾਂ ਕਿਹਾ ਕਿ ਦਿੱਲੀ ਦੇ ਬੇਟੇ ਨੇ ਤੀਜੀ ਵਾਰ ਸਹੁੰ ਚੁੱਕੀ ਹੈ ਅਤੇ ਇਹ ਜਿੱਤ ਉਨ੍ਹਾਂ ਦੀ ਨਹੀਂ ਇਕ-ਇਕ ਦਿੱਲੀ ਵਾਲੇ ਦੀ ਹੈ। ‘ਪਿਛਲੇ 5 ਸਾਲਾਂ ਦੌਰਾਨ ਇਹੀ ਕੋਸ਼ਿਸ਼ ਕੀਤੀ ਕਿ ਦਿੱਲੀ ਵਾਲਿਆਂ ਦੀ ਜ਼ਿੰਦਗੀ ‘ਚ ਖੁਸ਼ਹਾਲੀ ਲਿਆ ਸਕੀਏ ਤੇ ਰਾਜਧਾਨੀ ਦਾ ਖੂਬ ਵਿਕਾਸ ਹੋਵੇ। ਇਹੀ ਕੋਸ਼ਿਸ਼ ਅਗਲੇ 5 ਸਾਲ ਵੀ ਜਾਰੀ ਰਹੇਗੀ।’ ਉਨ੍ਹਾਂ ਕਿਹਾ, ”ਸਾਰੇ ਲੋਕ ਆਪਣੇ ਪਿੰਡਾਂ ‘ਚ ਫੋਨ ਕਰਕੇ ਆਖ ਦੇਣ ਕਿ ਤੁਹਾਡਾ ਬੇਟਾ ਮੁੱਖ ਮੰਤਰੀ ਬਣ ਗਿਆ ਹੈ ਅਤੇ ਚਿੰਤਾ ਦੀ ਲੋੜ ਨਹੀਂ ਹੈ।” ਭਵਿੱਖ ਦੀ ਰਣਨੀਤੀ ਦੇ ਸੰਕੇਤ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਦਿੱਲੀ ਲਈ ਬਹੁਤ ਵੱਡੇ ਕੰਮ ਕਰਨੇ ਹਨ ਜੋ ਉਹ ਇਕੱਲੇ ਨਹੀਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਦਿੱਲੀ ਨੂੰ ਦੁਨੀਆਂ ਦਾ ਸਭ ਤੋਂ ਵਧੀਆ ਸ਼ਹਿਰ ਬਣਾਉਣਾ ਚਾਹੁੰਦੇ ਹਨ। ‘ਮੈਂ ਪ੍ਰਧਾਨ ਮੰਤਰੀ ਨੂੰ ਵੀ ਸੱਦਾ ਭੇਜਿਆ ਸੀ ਪਰ ਉਹ ਕਿਤੇ ਰੁੱਝੇ ਹੋਏ ਹਨ ਤੇ ਆ ਨਹੀਂ ਸਕੇ। ਪਰ ਇਸ ਮੰਚ ਤੋਂ ਦਿੱਲੀ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਦਾ ਆਸ਼ੀਰਵਾਦ ਵੀ ਚਾਹੁੰਦਾ ਹਾਂ।’ ਕੇਜਰੀਵਾਲ ਦੇ ਭਾਸ਼ਨ ਦੌਰਾਨ ਤਾੜੀਆਂ ਵਜਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਸ਼ੁਰੂ ਹੋਈ ਨਵੀਂ ਰਾਜਨੀਤੀ ਦਾ ਡੰਕਾ ਪੂਰੇ ਦੇਸ਼ ‘ਚ ਵੱਜ ਰਿਹਾ ਹੈ।
ਦਿੱਲੀ ਕੈਬਨਿਟ ‘ਚ ਵਿਭਾਗਾਂ ਦੀ ਵੰਡ
ਕੇਜਰੀਵਾਲ ਨੇ ਆਪਣੇ ਕੋਲ ਨਹੀਂ ਰੱਖਿਆ ਕੋਈ ਮੰਤਰਾਲਾ
ਨਵੀਂ ਦਿੱਲੀ : ਦਿੱਲੀ ਦੀ ਨਵੀਂ ਚੁਣੀ ਗਈ ਸਰਕਾਰ ਦੇ ਸਾਰੇ ਮੰਤਰੀਆਂ ਨੇ ਸਕੱਤਰੇਤ ਵਿਖੇ ਜਾ ਕੇ ਆਪਣੇ ਅਹੁਦੇ ਸੰਭਾਲ ਲਏ। ਇਸ ਦੇ ਨਾਲ ਹੀ ਕੇਜਰੀਵਾਲ ਦੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਵੀ ਹੋ ਗਈ ਹੈ। ਇਸ ‘ਚ ਸਭ ਤੋਂ ਖ਼ਾਸ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ, ਉਹ ਇਹ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੋਲ ਕੋਈ ਵੀ ਵਿਭਾਗ ਨਹੀਂ ਰਹੇਗਾ। ਪਿਛਲੀ ਸਰਕਾਰ ‘ਚ ਉਹ ਜਲ ਬੋਰਡ ਦੇ ਚੇਅਰਮੈਨ ਸਨ ਪਰ ਇਸ ਵਾਰ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਸਤੇਂਦਰ ਜੈਨ ਨੂੰ ਦਿੱਤੀ ਹੈ। ਉੱਥੇ ਹੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਜ਼ਿੰਮੇਵਾਰੀ ਰਾਜੇਂਦਰ ਪਾਲ ਗੌਤਮ ਨੂੰ ਦਿੱਤੀ ਗਈ ਹੈ। ਨਾਲ ਹੀ ਵਾਤਾਵਰਨ ਮੰਤਰਾਲਾ ਕੈਲਾਸ਼ ਗਹਿਲੋਤ ਦੀ ਥਾਂ ਗੋਪਾਲ ਰਾਏ ਨੂੰ ਦਿੱਤਾ ਗਿਆ ਹੈ।
ਦਿੱਲੀ ਫਤਿਹ ਦਾ ਅਸਰ ਪੰਜਾਬ ‘ਤੇ ਪਵੇਗਾ: ਭਗਵੰਤ ਮਾਨ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਦਿੱਲੀ ਵਿਚ ‘ਆਪ’ ਦੀ ਵੱਡੀ ਜਿੱਤ ਦਾ ਅਸਰ ਪੰਜਾਬ ਦੀ ਰਾਜਨੀਤੀ ‘ਤੇ ਪਵੇਗਾ ਕਿਉਂਕਿ ਲੋਕਾਂ ਦਾ ‘ਆਪ’ ‘ਤੇ ਯਕੀਨ ਬਣਿਆ ਹੈ ਕਿ ‘ਆਪ’ ਪਾਰਟੀ ਨੂੰ ਸਰਕਾਰ ਬਣਾਉਣੀ ਵੀ ਆਉਂਦੀ ਹੈ ਅਤੇ ਚਲਾਉਣੀ ਵੀ ਆਉਂਦੀ ਹੈ। ਮਾਨ ਇੱਥੇ ਆਪਣੇ ਦਫ਼ਤਰ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਮਾਨ ਨੇ ਕਿਹਾ ਕਿ ਦਿੱਲੀ ਚੋਣਾਂ ‘ਚ ‘ਆਪ’ ਦੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਝੂਠ ਦੀ ਰਾਜਨੀਤੀ ਨਹੀਂ ਚੱਲਣੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦਾ ਮਾਡਲ ਹੁਣ ਪੂਰਾ ਦੇਸ਼ ਅਪਣਾਏਗਾ। ਮਾਨ ਨੇ ਕਿਹਾ ਕਿ ਦਿੱਲੀ ਵਿਚ ਆਮ ਲੋਕਾਂ ਦੀ ਅਤੇ ਧਰਮ ਨਿਰਪੱਖਤਾ ਦੀ ਜਿੱਤ ਹੋਈ ਹੈ। ਮਾਨ ਨੇ ਸਾਬਕਾ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਪੰਜਾਬ ਦੇ ਲੋਕ ਨਵਜੋਤ ਸਿੱਧੂ ਨੂੰ ਪਿਆਰ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਰਾਜਨੀਤੀ ਸਾਫ਼-ਸੁਥਰੀ ਹੈ ਪਰ ਫਿਲਹਾਲ ਨਵਜੋਤ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਹਿੱਤ ਵਿਚ ਹਨ, ਪੰਜਾਬ ਲਈ ਵਫ਼ਾਦਾਰ ਹਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਨਿਰਸਵਾਰਥ ‘ਆਪ’ ਵਿਚ ਆਉਣਾ ਚਾਹੁੰਦੇ ਹਨ, ਉਨ੍ਹਾਂ ਲਈ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਹਿੱਤ ਬਹੁਤ ਛੋਟੇ ਹਨ ਅਤੇ ਪੰਜਾਬ ਦੇ ਹਿੱਤ ਵੱਡੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਜਿਹੜੇ ਆਗੂਆਂ ਨੇ ਲਾਈਨ ਤੋੜੀ ਹੈ, ਉਹ ਲਾਈਨ ‘ਚ ਲੱਗ ਕੇ ਆ ਜਾਣ ਪਰ ਲਾਈਨ ‘ਚ ਪਿਛਲੇ ਪਾਸੇ ਹੀ ਲੱਗਣਾ ਪਵੇਗਾ।
ਪੰਜਾਬ ਦੇ ਆਗੂਆਂ ਨੂੰ ਪਹਿਲੀ ਕਤਾਰ ‘ਚ ਬਿਠਾ ਕੇ ਦਿੱਤੀ ਅਹਿਮੀਅਤ
ਨਵੀਂ ਦਿੱਲੀ: ਹਲਫ਼ਦਾਰੀ ਸਮਾਗਮ ਦੌਰਾਨ ਪੰਜਾਬ ਦੀ ‘ਆਪ’ ਲੀਡਰਸ਼ਿਪ ਨੂੰ ਪਹਿਲੀ ਕਤਾਰ ਵਿੱਚ ਥਾਂ ਦਿੱਤੀ ਗਈ। ਇਸ ਤੋਂ ਸਪੱਸ਼ਟ ਸੰਕੇਤ ਦਿੱਤੇ ਗਏ ਕਿ ‘ਆਪ’ ਹੁਣ ਪੰਜਾਬ ਵੱਲ ਉਚੇਚੇ ਤੌਰ ‘ਤੇ ਧਿਆਨ ਦੇਵੇਗੀ। ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸਾਰਾ ਸਮਾਂ ਮੀਡੀਆ ਦੀ ਨਜ਼ਰ ਹੇਠ ਰਹੇ। ਹਰਪਾਲ ਸਿੰਘ ਚੀਮਾ ਸਮੇਤ ਪੰਜਾਬ ਤੋਂ ‘ਆਪ’ ਦੇ ਵਿਧਾਇਕਾਂ ਕੁਲਵੰਤ ਪੰਡੋਰੀ, ਜੈਕਿਸ਼ਨ ਰੋੜੀ, ਰੁਪਿੰਦਰ ਕੌਰ ਰੂਬੀ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਬਲਵਿੰਦਰ ਕੌਰ ਤੇ ਸਰਬਜੀਤ ਕੌਰ ਮਾਣੂਕੇ ਸਮੇਤ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਸਮਾਗਮ ਵਿੱਚ ਹਾਜ਼ਰ ਰਹੇ। ਭਗਵੰਤ ਮਾਨ ਨੇ ਨੰਨ੍ਹੇ ਕੇਜਰੀਵਾਲ ਨਾਲ ਹੱਥ ਮਿਲਾਇਆ ਜੋ ਕਿ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਸੱਦੇ ਉਪਰ ਰਾਮਲੀਲਾ ਮੈਦਾਨ ਪੁੱਜਿਆ ਸੀ। ਦਿੱਲੀ ਤੋਂ ਬਾਅਦ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ‘ਆਪ’ ਦੇ ਵਿਧਾਇਕ ਚੋਣ ਜਿੱਤੇ ਹਨ।
Check Also
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਮੁੜ ਤੋਂ ਪੈਦਾ ਹੋਈ ਖਟਾਸ
ਦੋਵੇਂ ਦੇਸ਼ਾਂ ਨੇ ਆਪੋ-ਆਪਣੇ ਡਿਪਲੋਮੈਟਸ ਨੂੰ ਵਾਪਸ ਸੱਦਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਕੈਨੇਡਾ …