Breaking News
Home / ਭਾਰਤ / ਪਰਿਵਾਰ ਵਿਰੋਧ ‘ਚ ਸੀ ਤਾਂ ਬੰਬੇ ਹਾਈਕੋਰਟ ਦੇ ਦਖਲ ਨਾਲ ਹੀ ਸਵਾਤੀ ਦੀ ਸਰਜਰੀ ਕਰਵਾਉਣ ਦਾ ਰਸਤਾ ਹੋਇਆ ਸੀ ਸਾਫ਼

ਪਰਿਵਾਰ ਵਿਰੋਧ ‘ਚ ਸੀ ਤਾਂ ਬੰਬੇ ਹਾਈਕੋਰਟ ਦੇ ਦਖਲ ਨਾਲ ਹੀ ਸਵਾਤੀ ਦੀ ਸਰਜਰੀ ਕਰਵਾਉਣ ਦਾ ਰਸਤਾ ਹੋਇਆ ਸੀ ਸਾਫ਼

ਅਸਾਮ ਦੀ ਪਹਿਲੀ ਟਰਾਂਸਜੈਂਡਰ ਜੱਜ ਸਵਾਤੀ ਬਰੂਆ ਨੇ ਸੰਭਾਲਿਆ ਕੰਮ, 6 ਸਾਲ ਪਹਿਲਾਂ ਕੋਰਟ ਦੀ ਮਦਦ ਨਾਲ ਹੀ ਲੜਕੇ ਤੋਂ ਲੜਕੀ ਬਣੀ ਸੀ
ਇਸ ਤੋਂ ਪਹਿਲਾਂ ਪੱਛਮੀ ਬੰਗਾਲ ਅਤੇ ਮਹਾਂਰਾਸ਼ਟਰ ‘ਚ ਹੀ ਟਰਾਂਸਰਜੈਂਡਰ ਨੂੰ ਜੱਜ ਬਣਾਇਆ ਗਿਆ ਹੈ
ਗੁਹਾਟੀ : ਟਰਾਂਸਜੈਂਡਰ ਨੂੰ ਜੱਜ ਬਣਾਉਣ ਵਾਲਾ ਅਸਾਮ ਪੂਰਬ-ਉਤਰ ਦਾ ਪਹਿਲਾ ਅਤੇ ਦੇਸ਼ ਦਾ ਤੀਜਾ ਰਾਜ ਬਣ ਗਿਆ ਹੈ। ਸ਼ਨੀਵਾਰ ਨੂੰ ਗੁਹਾਟੀ ਦੇ ਕਾਮਰੂਪ ਜ਼ਿਲ੍ਹੇ ਦੀ ਲੋਕ ਅਦਾਲਤ ‘ਚ ਸਵਾਤੀ ਵਿਧਾਨ ਬਰੂਆ ਨੇ ਕੰਮ-ਕਾਜ ਸੰਭਾਲ ਲਿਆ। ਅਦਾਲਤ ਦੀ 20 ਜੱਜਾਂ ਦੀ ਬੈਂਚ ‘ਚ ਸਵਾਤੀ ਇਕ ਹੈ। ਸਵਾਤੀ 2012 ਤੱਕ ਪੁਰਸ਼ ਸੀ। ਨਾਮ ਸੀ ਬਿਧਾਨ। ਇਸ ਤੋਂ ਬਾਅਦ ਸਰਜਰੀ ਕਰਵਾਈ ਅਤੇ ਨਵਾਂ ਨਾਮ ਸਵਾਤੀ ਅਪਣਾਇਆ। ਬੀਕਾਮ ਤੋਂ ਬਾਅਦ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਹੁਣ ਅਦਾਲਤ ‘ਚ ਪੈਸੇ ਦੇ ਲੈਣ-ਦੇਣ ਨਾਲ ਜੁੜੇ ਮਾਮਲੇ ਦੇਖੇਗੀ। ਅਸਮ ਤੋਂ ਪਹਿਲਾਂ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ‘ਚ ਹੀ ਕਿਸੇ ਅਦਾਲਤ ‘ਚ ਟਰਾਂਸਜੈਂਡਰ ਨੂੰ ਜੱਜ ਦੀ ਕੁਰਸੀ ‘ਤੇ ਬਿਠਾਇਆ ਗਿਆ ਹੈ। ਸਭ ਤੋਂ ਪਹਿਲਾਂ ਪੱਛਮੀ ਬੰਗਾਲ ਨੇ ਜੁਲਾਈ 2017 ‘ਚ ਦੇਸ਼ ਦੇ ਪਹਿਲੇ ਟਰਾਂਸਜੈਂਡਰ ਜੱਜ ਦੇ ਰੂਪ ‘ਚ ਜਾਇਤਾ ਮੰਡਲ ਨੂੰ ਨਿਯੁਕਤ ਕੀਤਾ ਸੀ। ਇਸ ਤੋਂ ਬਾਅਦ ਮਹਾਰਾਸ਼ਟਰ ਨੇ ਨਾਗ ਕਾਮਬਲ ਨੂੰ ਨਾਗਪੁਰ ਦੀ ਲੋਕ ਅਦਾਲਤ ‘ਚ ਨਿਯੁਕਤ ਕੀਤਾ। ਟਰਾਂਸਜੈਂਡਰ ਐਕਟੀਵਿਸਟ ਸਵਾਤੀ ਬਰੂਆ ਦੇ ਇਥੇ ਤੱਕ ਪਹੁੰਚਣ ਦੀ ਕਹਾਣੀ ਵੀ ਦਿਲਚਸਪ ਹੈ। 2012 ‘ਚ ਸਵਾਤੀ (ਹੁਣ ਬਿਧਾਨ) ਨੇ ਨਵੀਂ ਪਹਿਚਾਣ-ਅਪਣਾਉਣ ਦਾ ਫੈਸਲਾ ਕੀਤਾ ਸੀ। ਇਸ ਦੇ ਲਈ ਸਰਜਰੀ ਕਰਵਾਉਣ ਦੀ ਠਾਣੀ, ਤਾਂ ਉਸ ਦਾ ਪਰਿਵਾਰ ਹੀ ਵਿਰੋਧੀ ਹੋ ਗਿਆ। ਸਵਾਤੀ ਮੁੰਬਈ ‘ਚ ਨੌਕਰੀ ਕਰ ਰਹੀ ਸੀ। ਪਰਿਵਾਰ ਨੇ ਉਸ ਨੂੰ ਜਬਰਦਸਤੀ ਗੁਹਾਟੀ ਵਾਪਸ ਬੁਲਾ ਲਿਆ। ਨੌਕਰੀ ਕਰਕੇ ਉਸ ਨੇ ਸਰਜਰੀ ਦੇ ਲਈ ਪੈਸੇ ਇਕੱਠੇ ਕਰ ਲਏ ਸਨ। ਸਰਜਰੀ ਨਾ ਹੋ ਸਕੇ, ਇਸ ਲਈ ਪਰਿਵਰ ਨੇ ਸਵਾਤੀ ਦੇ ਬੈਂਕ ਅਕਾਊਂਟ ਹੀ ਬਲਾਕ ਕਰਵਾ ਦਿੱਤੇ। ਇਸ ਤੋਂ ਬਾਅਦ ਬਰੂਆ ਬੰਬੇ ਹਾਈ ਕੋਰਟ ਪਹੁੰਚੀ। ਕੋਰਟ ਨੇ ਉਨ੍ਹਾਂ ਦੀ ਸਰਜਰੀ ਦਾ ਰਸਤਾ ਕਰ ਦਿੱਤਾ। ਇਸ ਤੋਂ ਬਾਅਦ ਹੀ ਬਿਧਾਨ ਨੇ ਸਵਾਤੀ ਦੇ ਰੂਪ ‘ਚ ਨਵੀਂ ਪਹਿਚਾਣ ਅਪਣਾਈ। ਹੁਣ ਸਵਾਤੀ ਦੇ ਪਰਿਵਾਰ ਨੂੰ ਵੀ ਉਸ ਨਾਲ ਕੋਈ ਗਿਲਾ-ਸ਼ਿਕਵਾ ਨਹੀਂ ਹੈ। ਉਹ ਕਹਿੰਦੀ ਹੈ ਕਿ ਮੈਨੂੰ ਉਮੀਦ ਹੈ ਕਿ ਬਤੌਰ ਜੱਜ ਮੇਰੀ ਨਿਯੁਕਤੀ ਲੋਕਾਂ ਨੂੰ ਅਹਿਸਾਸ ਕਰਵਾਏਗੀ ਕਿ ਟਰਾਂਸਜੈਂਡਰ ਵੀ ਸਮਾਜ ਦਾ ਹਿੱਸਾ ਹਨ। ਕੁਝ ਨੀਤੀਆਂ ਦੇ ਅਸਫ਼ਲ ਹੋਣ ਦੀ ਵਜ੍ਹਾ ਨਾਲ ਹੀ ਉਸ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਟਰਾਂਸਜੈਂਡਰ ਵੀ ਸਮਾਜ ਦੇ ਲਈ ਕੰਮ ਕਰ ਸਕਦੇ ਹਨ।
ਸਵਾਤੀ ਨੇ ਕਿਹਾ ਟਰਾਂਸਜੈਂਡਰ ਨੂੰ ਵੀ ਮਿਲੇ ਪੱਕੀ ਨੌਕਰੀ
ਇਕ ਰਿਪੋਰਟ ਦੇ ਮੁਤਾਬਕ ਅਸਮ ‘ਚ 5 ਹਜ਼ਾਰ ਤੋਂ ਜ਼ਿਆਦਾ ਟਰਾਂਸਜੈਂਡਰ ਹਨ। ਇਸ ਨੂੰ ਦੇਖਦੇ ਹੋਏ ਸਵਾਤੀ ਨੇ 2017 ‘ਚ ਗੁਹਾਟੀ ਹਾਈ ਕੋਰਟ ‘ਚ ਜਨਹਿਤ ਪਟੀਸ਼ਨ ਦਾਖਲ ਕੀਤੀ ਸੀ। ਉਨ੍ਹਾਂ ਨੇ ਟਰਾਂਸਜੈਂਡਰ ਦੇ ਲਈ ਸਰਕਾਰ ਨੂੰ ਪਾਲਿਸੀ ਬਣਾਉਣ ਦਾ ਹੁਕਮ ਦੇਣ ਦੀ ਮੰਗ ਕੀਤੀ ਸੀ। ਬਰੂਆ ਆਲ ਅਸਮ ਟਰਾਂਸਜੈਂਡਰ ਆਗੂ ਵੀ ਹੈ। ਬਰੂਆ ਕਹਿੰਦੀ ਹੈ ਕਿ ‘ਟਰਾਂਸਜੈਂਡਰ ਜਨਤਕ ਸਥਾਨਾਂ ‘ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਨੂੰ ਅਪਮਾਨਿਤ ਕੀਤਾ ਜਾਂਦਾ। ਇਸ ਨੂੰ ਰੋਕਣ ਦੀ ਜ਼ਰੂਰਤ ਹੈ। ਇਹ ਠੀਕ ਨਹੀਂ ਹੈ। ਆਪਣੇ ਮਿਸ਼ਨ ਨੂੰ ਉਦੋਂ ਪੂਰਾ ਮੰਨਾਂਗੀ ਜਦ ਇਹ ਦਿਖੇਗਾ ਕਿ ਟਰਾਂਸਜੈਂਡਰ ਨੂੰ ਭੇਦਭਾਵ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਉਨ੍ਹਾਂ ਨੂੰ ਪੱਕੀਆਂ ਨੌਕਰੀਆਂ ਮਿਲ ਰਹੀਆਂ ਹਨ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …