21.8 C
Toronto
Monday, September 15, 2025
spot_img
Homeਹਫ਼ਤਾਵਾਰੀ ਫੇਰੀ'ਪਰਵਾਸੀ' ਦੀ ਇਕ ਹੋਰ ਪੁਲਾਂਘ : ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ...

‘ਪਰਵਾਸੀ’ ਦੀ ਇਕ ਹੋਰ ਪੁਲਾਂਘ : ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸ਼ੀਰਵਾਦ ਲੈ ਡਿਕਸੀ ਗੁਰੂਘਰ ਤੋਂ ‘ਏਬੀਪੀ ਸਾਂਝਾ’ ਚੈਨਲ ਸ਼ੁਰੂ

‘ਏਬੀਪੀ ਸਾਂਝਾ’ ਦੀ ਕੈਨੇਡਾ ਵਿਚ ਹੋਈ ਸ਼ੁਰੂਆਤ
ਟੋਰਾਂਟੋ/ਪਰਵਾਸੀ ਬਿਊਰੋ : ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸ਼ੀਰਵਾਦ ਲੈ ਕੇ ਵਿੱਢੇ ਕਾਜ ਸਫ਼ਲ ਹੁੰਦਿਆਂ ਡਿਕਸੀ ਗੁਰੂਘਰ ਤੋਂ ‘ਏਬੀਪੀ ਸਾਂਝਾ’ ਚੈਨਲ ਦੀ ਸ਼ੁਰੂਆਤ ਹੋਈ। ਅਦਾਰਾ ‘ਪਰਵਾਸੀ’ ਦੀ ਇਕ ਇਹ ਨਵੀਂ ਪੁਲਾਂਘ ਹੈ ਕਿ ‘ਏਬੀਪੀ ਸਾਂਝਾ’ ਦੀ ਆਮਦ ਕੈਨੇਡਾ ਵਿਚ ਹੋ ਗਈ ਹੈ। ਲੰਘੀ 15 ਜੁਲਾਈ ਨੂੰ ਜਿੱਥੇ ਡਿਕਸੀ ਗੁਰੂਘਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਜੇ ਕੀਰਤਨ ਦਰਬਾਰ ਤੋਂ ਬਾਅਦ ਚੈਨਲ ਦੀ ਸ਼ੁਰੂਆਤ ਅਤੇ ਸਫ਼ਲਤਾ ਲਈ ਅਰਦਾਸ ਕੀਤੀ ਗਈ, ਉਥੇ ਵੀਰਵਾਰ ਦੀ ਰਾਤ ਨੂੰ ਕੀਤੇ ਉਚੇਚੇ ਸਮਾਗਮ ਦੌਰਾਨ ‘ਏਬੀਪੀ ਸਾਂਝਾ’ ਚੈਨਲ ਕੈਨੇਡਾ ਵਿਚ ਘਰ-ਘਰ ਚੱਲਣ ਲੱਗਾ। ਜਿਸ ਨੂੰ ਕੈਨੇਡਾ ਦੇ ਵਾਸੀ ‘ਬੈਲ ਟੀਵੀ’ ‘ਤੇ ਚੈਨਲ ਨੰਬਰ 2329 ਰਾਹੀਂ ਵੇਖ ਸਕਦੇ ਹਨ।
ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਦੀ ਦੇਖ-ਰੇਖ ਹੇਠ ਡਿਕਸੀ ਗੁਰੂਘਰ ਵਿਖੇ ਸਜਾਏ ਗਏ ਕੀਰਤਨ ਦਰਬਾਰ ਵਿਚ ਹਾਜ਼ਰ ਸਮੂਹ ਸੰਗਤਾਂ ਨੇ ਸਭ ਤੋਂ ਪਹਿਲਾਂ ਗੁਰਬਾਣੀ ਸਰਵਣ ਕੀਤੀ। ਕੀਰਤਨ ਰੂਪੀ ਅੰਮ੍ਰਿਤ ਦਾ ਆਨੰਦ ਮਾਣਿਆ ਤੇ ਫਿਰ ਅਰਦਾਸ ਕਰਕੇ ‘ਏਬੀਪੀ ਸਾਂਝਾ’ ਦੀ ਸ਼ੁਰੂਆਤ ਕੀਤੀ। ਡਿਕਸੀ ਗੁਰੂਘਰ ਵਿਖੇ ਸਜੇ ਇਸ ਕੀਰਤਨ ਦਰਬਾਰ ਵਿਚ ਪ੍ਰੋਵਿੰਸ਼ੀਅਲ ਸਰਕਾਰ ਦੇ ਜੇਲ੍ਹ ਮੰਤਰੀ ਮਾਈਕਲ ਟੁਵੈਲੋ ਨੇ ਆਈ ਹੋਈ ਸਮੂਹ ਸੰਗਤ ਨੂੰ ਜੀ ਆਇਆਂ ਆਖਦਿਆਂ ਅਦਾਰਾ ‘ਪਰਵਾਸੀ ਤੇ ਏਬੀਪੀ ਸਾਂਝਾ’ ਨੂੰ ਵਧਾਈ ਦਿੱਤੀ। ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਪ੍ਰੋਵਿੰਸ਼ੀਅਲ ਸਰਕਾਰ ਦੇ ਵਾਤਾਵਰਨ ਮੰਤਰੀ ਰੋਡ ਫਿਲਿਪਸ ਨੇ ਆਖਿਆ ਕਿ ਅਦਾਰਾ ‘ਪਰਵਾਸੀ’ ਨਾਲ ‘ਏਬੀਪੀ ਸਾਂਝਾ’ ਦਾ ਜੁੜਨਾ ਇਕੱਲੇ ਭਾਰਤੀ ਭਾਈਚਾਰੇ ਲਈ ਹੀ ਨਹੀਂ ਬਲਕਿ ਸਮੁੱਚੇ ਕੈਨੇਡਾ ਲਈ ਮਾਣ ਵਾਲੀ ਗੱਲ ਹੈ। ਇਸ ਸਮਾਗਮ ਵਿਚ ਐਮ ਪੀ ਰਾਜ ਗਰੇਵਾਲ, ਐਮ ਪੀ ਰੂਬੀ ਸਹੋਤਾ, ਐਮ ਪੀ ਸੋਨੀਆ ਸਿੱਧੂ ਜਿੱਥੇ ਹਾਜ਼ਰ ਰਹੇ, ਉਥੇ ਹੀ ਕੈਨੇਡੀਅਨ ਮੰਤਰੀ ਨਵਦੀਪ ਬੈਂਸ ਹੁਰਾਂ ਨੇ ਆਪਣਾ ਵਧਾਈ ਸੰਦੇਸ਼ ਵੀ ਭੇਜਿਆ। ਇਸ ਅਰਦਾਸ ਸਮਾਗਮ ਵਿਚ ਪਾਰਲੀਮੈਂਟ ਸਕੱਤਰ ਪ੍ਰਭਮੀਤ ਸਰਕਾਰੀਆ, ਐਮ ਪੀ ਪੀ ਦੀਪਕ ਆਨੰਦ, ਐਮ ਪੀ ਪੀ ਨੀਨਾ ਤਾਂਗੜੀ ਅਤੇ ਐਮ ਪੀ ਪੀ ਗੁਰਰਤਨ ਸਿੰਘ ਨੇ ਵੀ ਹਾਜ਼ਰੀ ਭਰੀ। ਇਸੇ ਤਰ੍ਹਾਂ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ, ਰੀਜਨਲ ਕੌਂਸਲਰ ਜੌਹਨ ਸੁਪਰੋਵਰੀ, ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ, ਸਕੂਲ ਟਰੱਸਟੀ ਹਰਕੀਰਤ ਸਿੰਘ ਅਤੇ ਪੀਸੀ ਪਾਰਟੀ ਦੇ ਸਾਬਕਾ ਲੀਡਰ ਪੈਟਰਿਕ ਬ੍ਰਾਊਨ ਵੀ ਸੰਗਤ ਵਿਚ ਮੌਜੂਦ ਰਹੇ।
ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਹੁਰਾਂ ਨੇ ਜਿੱਥੇ ਸਮੂਹ ਸੰਗਤ ਦਾ ਧੰਨਵਾਦ ਕੀਤਾ, ਉਥੇ ਸਿਆਸਤ ਅਤੇ ਜਥੇਬੰਦੀਆਂ ਨਾਲ ਸਬੰਧਤ ਆਏ ਵੱਖੋ-ਵੱਖ ਮਹਿਮਾਨਾਂ ਦਾ ਵੀ ਧੰਨਵਾਦ ਕਰਦਿਆਂ ਉਨ੍ਹਾਂ ‘ਪਰਵਾਸੀ’ ਵੱਲੋਂ ਇਸ ਸਮਾਗਮ ਵਿਚ ‘ਏਬੀਪੀ ਸਾਂਝਾ’ ਚੈਨਲ ਦੀ ਨੁਮਾਇੰਦਗੀ ਕਰ ਰਹੇ ਚੈਨਲ ਦੇ ਐਗਜੀਕਿਊਟਿਵ ਐਡੀਟਰ ਜਗਵਿੰਦਰ ਪਟਿਆਲ ਹੁਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸੇ ਪ੍ਰਕਾਰ ‘ਏਬੀਪੀ ਸਾਂਝਾ’ ਚੈਨਲ ਦੇ ਸੀਓਓ ਅਵਿਨਾਸ਼ ਪਾਂਡੇ ਅਤੇ ਇੰਟਰਨੈਸ਼ਨਲ ਬਿਜਨਸ ਹੈਡ ਅਭਿਸ਼ੇਕ ਕੌਲ ਹੁਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਸਿੱਖ ਭਾਈਚਾਰੇ ਦੀ ਨਾਮਵਰ ਹਸਤੀ ਇੰਦਰਜੀਤ ਸਿੰਘ ਬੱਲ ਹੁਰਾਂ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਡਿਕਸੀ ਗੁਰੂਘਰ ਦੇ ਸੈਕਟਰੀ ਰਣਜੀਤ ਸਿੰਘ ਦੁਲੇ ਹੁਰਾਂ ਨੇ ਕੀਤਾ। ਧਿਆਨ ਰਹੇ ਕਿ ਇਸ ਮੌਕੇ ਦੋ ਜਥਿਆਂ ਵੱਲੋਂ ਰੂਹਾਨੀ ਕੀਰਤਨ ਕੀਤਾ ਗਿਆ, ਜਿਨ੍ਹਾਂ ਵਿਚੋਂ ਇਕ ਜਥੇ ਨੇ ਤਾਂ ਤੰਤੀ ਸਾਜਾਂ ਨਾਲ ਕੀਰਤਨ ਕਰਕੇ ਪੂਰੇ ਮਾਹੌਲ ਵਿਚ ਰੂਹਾਨੀਅਤ ਭਰ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ‘ਪਰਵਾਸੀ’ ਰੇਡੀਓ ਦੇ ਸਰੋਤੇ, ‘ਪਰਵਾਸੀ’ ਅਖਬਾਰ ਦੇ ਪਾਠਕ, ਬਿਜਨਸ ਸਹਿਯੋਗੀ, ਪਰਿਵਾਰਕ ਸਹਿਯੋਗੀ, ਸਮੁੱਚੀ ‘ਪਰਵਾਸੀ’ ਦੀ ਟੀਮ ਅਤੇ ਸਮੁੱਚਾ ਸੈਣੀ ਪਰਿਵਾਰ ਵੀ ਮੌਜੂਦ ਸੀ। ਆਈ ਸੰਗਤ ਦਾ ਵਿਦਾਇਗੀ ਮੌਕੇ ਹੱਥ ਜੋੜ ਕੇ ਧੰਨਵਾਦ ਪਰਵਾਸੀ ਮੀਡੀਆ ਗਰੁੱਪ ਦੀ ਵਾਈਸ ਪ੍ਰੈਜੀਡੈਂਟ ਮੀਨਾਕਸ਼ੀ ਸੈਣੀ ਨੇ ਕੀਤਾ ਤੇ ਸੰਗਤਾਂ ਵੱਲੋਂ ‘ਏਬੀਪੀ ਸਾਂਝਾ’ ਚੈਨਲ ਸ਼ੁਰੂ ਹੋਣ ‘ਤੇ ਦਿੱਤੀਆਂ ਵਧਾਈਆਂ ਵੀ ਕਬੂਲੀਆਂ।

RELATED ARTICLES
POPULAR POSTS