ਟਰੱਕਰਜ਼ ਦੇ ਮੁਜ਼ਾਹਰੇ ਰੋਕਣ ਦਾ ਕਰਾਂਗੇ ਯਤਨ : ਜਸਟਿਨ ਟਰੂਡੋ
ਪ੍ਰੋਵਿੰਸ਼ੀਅਲ ਤੇ ਮਿਊਂਸੀਪਲ ਸਰਕਾਰਾਂ ਨਾਲ ਲਿਬਰਲ ਸਰਕਾਰ ਕਰੇਗੀ ਤਾਲਮੇਲ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਰੱਕਰ ਕੌਨਵੌਏ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਵਿੱਚ ਇਹ ਮੁਜ਼ਾਹਰੇ ਦੂਜੇ ਹਫਤੇ ਵਿੱਚ ਪਹੁੰਚ ਗਏ ਹਨ। ਹਾਊਸ ਆਫ ਕਾਮਨਜ਼ ਵਿੱਚ ਐਮਰਜੈਂਸੀ ਬਹਿਸ ਵਿੱਚ ਹਿੱਸਾ ਲੈਂਦਿਆਂ ਟਰੂਡੋ ਨੇ ਆਖਿਆ ਕਿ ਇਨ੍ਹਾਂ ਮੁਜ਼ਾਹਰਿਆਂ ਨੂੰ ਰੋਕਣਾ ਹੀ ਹੋਵੇਗਾ। ਹਾਊਸ ਆਫ ਕਾਮਨਜ਼ ਦੀ ਇਹ ਬਹਿਸ ਐਨਡੀਪੀ ਵੱਲੋਂ ਸੱਦੀ ਗਈ ਸੀ। ਦੁਨੀਆਂ ਭਰ ਦੀਆਂ ਨਜਰਾਂ ਓਟਵਾ ਉੱਤੇ ਹੋਣ ਕਾਰਨ ਐਨਡੀਪੀ ਨੇ ਆਖਿਆ ਕਿ ਹੁਣ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ। ਇਸ ਉਪਰੰਤ ਟਰੂਡੋ ਨੇ ਆਖਿਆ ਕਿ ਕੋਵਿਡ ਤੋਂ ਹਰ ਕੋਈ ਪ੍ਰੇਸ਼ਾਨ ਹੈ ਪਰ ਇਹ ਮੁਜ਼ਾਹਰੇ ਇਸ ਤੋਂ ਪਾਰ ਪਾਉਣ ਦਾ ਰਾਹ ਨਹੀਂ ਹਨ। ਟਰੂਡੋ ਨੇ ਇਹ ਵੀ ਆਖਿਆ ਕਿ ਓਟਵਾ ਵੱਲੋਂ ਸਹਿਯੋਗ ਲਈ ਕੀਤੀ ਜਾ ਰਹੀ ਮੰਗ ਨੂੰ ਫੈਡਰਲ ਸਰਕਾਰ ਜ਼ਰੂਰ ਪੂਰਾ ਕਰੇਗੀ। ਸ਼ਹਿਰ ਵਿੱਚ ਮੁੜ ਅਮਨ ਤੇ ਸ਼ਾਂਤੀ ਨੂੰ ਬਹਾਲ ਕਰਨ ਲਈ ਹਰ ਪੱਧਰ ਉੱਤੇ ਅਥਾਰਟੀਜ਼ ਦੀ ਇੱਕ ਰਾਇ ਹੋਣਾ ਬਹੁਤ ਜ਼ਰੂਰੀ ਹੈ।
ਟਰੂਡੋ ਨੇ ਆਖਿਆ ਕਿ ਆਪਣੇ ਹੀ ਆਲੇ ਦੁਆਲੇ ਵਿੱਚ ਓਟਵਾ ਦੇ ਲੋਕ ਟਰੱਕਰਜ਼ ਦੇ ਇਸ ਰੋਸ ਮੁਜ਼ਾਹਰੇ ਕਾਰਨ ਪ੍ਰੇਸ਼ਾਨ ਹਨ। ਸਿਰਫ ਇਸ ਲਈ ਕਿ ਉਹ ਮਾਸਕ ਪਾ ਰਹੇ ਹਨ ਤੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ, ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਆਖਿਆ ਕਿ ਮਹਾਂਮਾਰੀ ਸਬੰਧੀ ਇਹ ਪਾਬੰਦੀਆਂ ਸਦਾ ਨਹੀਂ ਰਹਿਣ ਵਾਲੀਆਂ। ਟਰੱਕਰਜ਼ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ ਦੇ ਦੂਜੇ ਵੀਕੈਂਡ ਵੀ ਜਾਰੀ ਰਹਿਣ ਤੇ ਹਿੰਸਕ ਘਟਨਾਵਾਂ ਮਗਰੋਂ ਗ੍ਰਿਫਤਾਰੀਆਂ ਦੇ ਮੱਦੇਨਜਰ ਐਤਵਾਰ ਨੂੰ ਓਟਵਾ ਦੇ ਮੇਅਰ ਵੱਲੋਂ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਸੀ। ਸੋਮਵਾਰ ਸ਼ਾਮ ਤੱਕ ਸੈਂਕੜੇ ਟਰੱਕ ਓਟਵਾ ਦੀਆਂ ਸੜਕਾਂ ਉੱਤੇ ਘੁੰਮ ਰਹੇ ਸਨ ਤੇ ਆਰਗੇਨਾਈਜਰਜ਼ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ਨਾਲ ਨਜਿੱਠਣ ਲਈ ਸਾਹਮਣੇ ਆਉਣ ਜਾਂ ਕੋਈ ਪਹਿਲਕਦਮੀ ਕਰਨ ਤੋਂ ਟਲਣ ਕਾਰਨ ਵਿਰੋਧੀ ਧਿਰਾਂ ਵੱਲੋਂ ਟਰੂਡੋ ਉੱਤੇ ਦੋਸ਼ ਲਾਏ ਜਾ ਰਹੇ ਸਨ ਕਿ ਉਹ ਲੁਕਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸਥਿਤੀ ਤੋਂ ਬਚਣ ਲਈ ਸਾਹਮਣੇ ਨਹੀਂ ਆ ਰਹੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਫੈਡਰਲ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ ਤੇ ਟਰੱਕਰਜ਼ ਨੂੰ ਮੁਜ਼ਾਹਰੇ ਬੰਦ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਫੈਡਰਲ ਅਧਿਕਾਰੀਆਂ ਨੇ ਪ੍ਰੋਵਿੰਸ਼ੀਅਲ ਤੇ ਮਿਊਂਸਪਲ ਸਰਕਾਰਾਂ ਨਾਲ ਤਾਲਮੇਲ ਕਰਕੇ ਅਗਲੇ ਕਦਮ ਉਲੀਕਣ ਦਾ ਤਹੱਈਆ ਵੀ ਪ੍ਰਗਟਾਇਆ।
ਓਟਵਾ ਦੇ ਮੇਅਰ ਨੇ ਐਲਾਨੀ ਸਟੇਟ ਆਫ ਐਮਰਜੈਂਸੀ
ਓਟਵਾ/ਬਿਊਰੋ ਨਿਊਜ਼ : ਟਰੱਕਰਜ਼ ਵੱਲੋਂ ਜਾਰੀ ਮੁਜ਼ਾਹਰਿਆਂ ਦੇ ਚੱਲਦਿਆਂ ਓਟਵਾ ਦੇ ਮੇਅਰ ਜਿੰਮ ਵਾਟਸਨ ਨੇ ਐਤਵਾਰ ਨੂੰ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ। ਇਨ੍ਹਾਂ ਮੁਜ਼ਾਹਰਿਆਂ ਕਾਰਨ ਲੋਕਲ ਸਰੋਤਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਲੋਕਲ ਰੈਜੀਡੈਂਟਸ ਇਨ੍ਹਾਂ ਮੁਜ਼ਾਹਰਿਆਂ ਤੋਂ ਅੱਕ ਚੁੱਕੇ ਹਨ। ਇੱਕ ਰਲੀਜ਼ ਵਿੱਚ ਸਿਟੀ ਨੇ ਆਖਿਆ ਕਿ ਇਨ੍ਹਾਂ ਮੁਜ਼ਾਹਰਿਆਂ ਕਾਰਨ ਲੋਕਲ ਰੈਜੀਡੈਂਟਸ ਦੀ ਸੇਫਟੀ ਤੇ ਸਕਿਊਰਿਟੀ ਨੂੰ ਕਾਫੀ ਖਤਰਾ ਹੈ। ਇਸ ਕਦਮ ਨਾਲ ਸਿਟੀ ਨੂੰ ਥੋੜ੍ਹੀ ਫਲੈਕਸੀਬਿਲਿਟੀ ਮਿਲ ਜਾਵੇਗੀ ਤੇ ਉਹ ਫਰੰਟਲਾਈਨ ਵਰਕਰਜ਼ ਤੇ ਫਰਸਟ ਰਿਸਪਾਂਡਰਜ਼ ਲਈ ਲੋੜੀਂਦਾ ਸਾਜੋ ਸਮਾਨ ਖਰੀਦ ਸਕੇਗੀ। ਪਰ ਇਸ ਤੋਂ ਇਲਾਵਾ ਹੋਰ ਕੀ ਫਾਇਦਾ ਹੋਵੇਗਾ ਇਸ ਬਾਰੇ ਕੋਈ ਗੱਲ ਸਪੱਸ਼ਟ ਨਹੀਂ ਹੋ ਸਕੀ। ਇਸ ਨਾਲ ਪੁਲਿਸ ਨੂੰ ਜਾਂ ਸਿਟੀ ਨੂੰ ਕੋਈ ਨਵੀਆਂ ਕਾਨੂੰਨੀ ਸ਼ਕਤੀਆਂ ਨਹੀਂ ਮਿਲਣ ਵਾਲੀਆਂ। ਵਾਟਸਨ ਦੇ ਇਸ ਐਲਾਨ ਨਾਲ ਹੀ ਫਰੀਡਮ ਕੌਨਵੌਏ ਦੇ ਡਾਊਨਟਾਊਨ ਓਟਵਾ ਵਿੱਚ ਬਣੇ ਰਹਿਣ ਦੇ ਦੂਜੇ ਹਫਤੇ ਦਾ ਭੋਗ ਪਿਆ। ਟਰੱਕ ਅਜੇ ਵੀ ਓਟਵਾ ਦੀਆਂ ਸੜਕਾਂ ਉੱਤੇ ਨਜ਼ਰ ਆ ਰਹੇ ਹਨ ਤੇ ਮੁਜ਼ਾਹਰਾਕਾਰੀਆਂ ਨੇ ਪਾਰਲੀਮੈਂਟ ਹਿੱਲਜ਼ ਦੇ ਸਾਹਮਣੇ ਵਾਲੀਆਂ ਸਾਈਡਵਾਕਜ਼ ਉੱਤੇ ਅਤੇ ਨੇੜਲੇ ਰਿਹਾਇਸ਼ੀ ਇਲਾਕਿਆਂ ਵਿੱਚ ਅਜੇ ਵੀ ਡੇਰੇ ਲਾਏ ਹੋਏ ਹਨ।
ਸੜਕਾਂ ‘ਤੇ ਬੈਠੇ ਟਰੱਕਰਜ਼ ਨੂੰ ਹਟਾਉਣ ਤੋਂ ਟੋਅ ਟਰੱਕ ਕੰਪਨੀਆਂ ਨੇ ਕੀਤਾ ਇਨਕਾਰ
ਓਟਵਾ/ਬਿਊਰੋ ਨਿਊਜ਼ : ਲਗਾਤਾਰ ਦੂਜੇ ਹਫਤੇ ਓਟਵਾ ਦੇ ਡਾਊਨਟਾਊਨ ਵਿੱਚ ਸੜਕਾਂ ਨੂੰ ਬਲਾਕ ਕਰੀ ਬੈਠੇ ਵੱਡੇ ਟਰੱਕਾਂ ਨੂੰ ਹਟਾਉਣ ਤੋਂ ਉਨ੍ਹਾਂ ਟੋਅ ਟਰੱਕ ਕੰਪਨੀਆਂ ਨੇ ਇਨਕਾਰ ਕਰ ਦਿੱਤਾ ਹੈ ਜਿਨ੍ਹਾਂ ਦਾ ਸਿਟੀ ਨਾਲ ਕੰਟਰੈਕਟ ਸੀ। ਇਹ ਜਾਣਕਾਰੀ ਓਟਵਾ ਸਿਟੀ ਦੇ ਮੈਨੇਜਰ ਨੇ ਦਿੱਤੀ। ਸਟੀਵ ਕੈਨੇਲਾਕੌਸ ਨੇ ਆਖਿਆ ਕਿ ਇਨ੍ਹਾਂ ਕੰਪਨੀਆਂ ਵੱਲੋਂ ਅਜਿਹਾ ਫੈਸਲਾ ਇਸ ਲਈ ਵੀ ਕੀਤਾ ਗਿਆ ਮੰਨਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਦਾ ਬਹੁਤਾ ਕਾਰੋਬਾਰ ਇਸ ਹੈਵੀ ਟਰੱਕ ਇੰਡਸਟਰੀ ਦੇ ਸਿਰ ਉੱਤੇ ਹੀ ਚੱਲਦਾ ਹੈ ਤੇ ਇਸੇ ਲਈ ਉਹ ਇਹ ਕਦਮ ਚੁੱਕ ਕੇ ਆਪਣੇ ਢਿੱਡ ਉੱਤੇ ਲੱਤ ਨਹੀਂ ਮਾਰਨੀ ਚਾਹੁੰਦੀਆਂ। ਉਨ੍ਹਾਂ ਆਖਿਆ ਕਿ ਅਜਿਹੇ ਕਸੂਤੇ ਹਾਲਾਤ ਵਿੱਚ ਇਨ੍ਹਾਂ ਕੰਪਨੀਆਂ ਨਾਲ ਕੀਤੇ ਕੰਟਰੈਕਟਸ ਦਾ ਸਿਟੀ ਵੱਲੋਂ ਮੁਲਾਂਕਣ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਵੈਕਸੀਨ ਲਾਜ਼ਮੀ ਕੀਤੇ ਜਾਣ ਸਬੰਧੀ ਨਿਯਮ ਦਾ 28 ਜਨਵਰੀ ਤੋਂ ਇਨ੍ਹਾਂ ਟਰੱਕਰਜ਼ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਦੋਂ ਤੋਂ ਹੀ ਟਰੱਕ ਸਿਟੀ ਦੀਆਂ ਸੜਕਾਂ ਘੇਰੀ ਬੈਠੇ ਹਨ ਤੇ ਦਿਨ ਰਾਤ ਇਨ੍ਹਾਂ ਟਰੱਕਾਂ ਵੱਲੋਂ ਹੌਰਨ ਵਜਾਏ ਜਾ ਰਹੇ ਹਨ। ਇਸ ਦੌਰਾਨ ਓਟਵਾ ਦੇ ਮੇਅਰ ਵੱਲੋਂ ਓਨਟਾਰੀਓ ਦੀਆਂ ਹੋਰਨਾਂ ਸਿਟੀਜ਼ ਤੋਂ ਵੀ ਮਦਦ ਮੰਗੀ ਜਾ ਰਹੀ ਹੈ। ਕੈਨੇਲਾਕੌਸ ਨੇ ਆਖਿਆ ਕਿ ਇਹ ਟੋਅ ਕੰਪਨੀਆਂ ਓਟਵਾ ਸਿਟੀ ਲਈ ਹੋਰ ਕੰਮ ਕਰ ਰਹੀਆਂ ਹਨ ਤੇ ਰੋਜ਼ਾਨਾ ਟੋਅ ਕੀਤੀਆਂ ਜਾਣ ਵਾਲੀਆਂ ਗੱਡੀਆਂ ਨੂੰ ਟੋਅ ਵੀ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਓਟਵਾ ਦੇ ਡਿਪਟੀ ਪੁਲਿਸ ਚੀਫ ਨੇ ਮੰਗਲਵਾਰ ਨੂੰ ਆਖਿਆ ਕਿ ਸਿਟੀ ਦੇ ਡਾਊਨਟਾਊਨ ਵਿੱਚ ਖੜ੍ਹੇ ਇਨ੍ਹਾਂ 418 ਟਰੱਕਾਂ ਵਿੱਚ ਬੱਚੇ ਵੀ ਮੌਜੂਦ ਹਨ। ਸਟੀਵ ਬੈੱਲ ਨੇ ਆਖਿਆ ਕਿ ਬੱਚਿਆਂ ਨੂੰ ਹਟਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਪਰ ਉਨ੍ਹਾਂ ਆਖਿਆ ਕਿ ਠੰਢ ਤੇ ਖਰਾਬ ਮੌਸਮ ਦੇ ਬੱਚਿਆਂ ਉੱਤੇ ਪੈਣ ਵਾਲੇ ਅਸਰ ਨੂੰ ਲੈ ਕੇ ਉਹ ਪ੍ਰੇਸ਼ਾਨ ਹਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਮੁਜ਼ਾਹਰਿਆਂ ਦੇ ਸਬੰਧ ਵਿੱਚ 22 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 1300 ਟਿਕਟਾਂ ਵੀ ਜਾਰੀ ਕੀਤੀਆਂ ਗਈਆਂ ਹਨ।