5.2 C
Toronto
Wednesday, November 12, 2025
spot_img
Homeਪੰਜਾਬਚੰਨੀ ਨੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਮਾਲਵਾ ਖੇਤਰ ਦਾ ਕੀਤਾ ਦੌਰਾ

ਚੰਨੀ ਨੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਮਾਲਵਾ ਖੇਤਰ ਦਾ ਕੀਤਾ ਦੌਰਾ

ਕਿਹਾ – ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ
ਬਠਿੰਡਾ/ਬਿਊਰੋ ਨਿਊਜ਼ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ। ਉਨ੍ਹਾਂ ਪਿੰਡ ਕਟਾਰ ਸਿੰਘ ਵਾਲਾ ‘ਚ ਖੇਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਉਨ੍ਹਾਂ ਨਾਲ ਸਨ। ਚੰਨੀ ਨੇ ਗੁਲਾਬੀ ਸੁੰਡੀ ਦੇ ਖ਼ਾਤਮੇ ਲਈ ਨਰਮੇ ‘ਤੇ ਸਰਕਾਰ ਤਰਫ਼ੋਂ ਕੀੜੇਮਾਰ ਦਵਾਈਆਂ ਦੇ ਮੁਫ਼ਤ ਛਿੜਕਾਅ ਦੀ ਗੱਲ ਕਰਦਿਆਂ ਕਿਹਾ ਕਿ ਇਸ ਮਕਸਦ ਤਹਿਤ 5000 ਹਜ਼ਾਰ ਹੈਕਟੇਅਰ ਲਈ ਦਵਾਈ ਪੁੱਜ ਚੁੱਕੀ ਹੈ। ਮੁੱਖ ਮੰਤਰੀ ਨੇ ਮੌਕੇ ‘ਤੇ ਹਾਜ਼ਰ ਖੇਤੀਬਾੜੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਸਾਵਧਾਨੀ ਨਾਲ ਕੰਮ ਕੀਤਾ ਜਾਵੇ ਅਤੇ ਜਾਂਚ ਕਰਨ ਮਗਰੋਂ ਹੀ ਖੇਤਾਂ ਵਿੱਚ ਦਵਾਈ ਛਿੜਕੀ ਜਾਵੇ। ਉਨ੍ਹਾਂ ਆਖਿਆ ਕਿ ਪੈਸੇ ਦੀ ਕੋਈ ਪ੍ਰਵਾਹ ਨਹੀਂ ਪਰ ਇਹ ਗੱਲ ਯਕੀਨੀ ਹੋਣੀ ਚਾਹੀਦੀ ਹੈ ਕਿ ਕਿਸਾਨ ਦੀ ਫ਼ਸਲ ਨਹੀਂ ਮਰਨੀ ਚਾਹੀਦੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਜਦੋਂ ਇੱਕ ਨਰਮੇ ਦੇ ਖੇਤ ‘ਚ ਪੁੱਜੇ ਤਾਂ ਸੁਰੱਖਿਆ ਅਮਲੇ ਨੇ ਖੇਤ ਦੇ ਕਿਸਾਨ ਬਲਵਿੰਦਰ ਸਿੰਘ ਨੂੰ ਮੁੱਖ ਮੰਤਰੀ ਨੂੰ ਮਿਲਣ ਤੋਂ ਰੋਕਿਆ। ਇਸ ਕਾਰਵਾਈ ਤੋਂ ਖ਼ਫ਼ਾ ਕਿਸਾਨ ਉੱਚੀ-ਉੱਚੀ ਬੋਲਣ ਲੱਗਾ। ਆਵਾਜ਼ ਸੁਣ ਕੇ ਮੁੱਖ ਮੰਤਰੀ ਉਸ ਨੂੰ ਆਪਣੇ ਕੋਲ ਲਿਆਏ ਤੇ ਸਮੱਸਿਆ ਦੱਸਣ ਲਈ ਕਿਹਾ। ਕਿਸਾਨ ਨੇ ਕਿਹਾ ਕਿ ਉਸ ਦੇ 55 ਹਜ਼ਾਰ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ‘ਤੇ ਲੈ ਕੇ ਨਰਮਾ ਬੀਜਿਆ ਸੀ, ਜੋ ਸੁੰਡੀ ਕਾਰਨ ਤਬਾਹ ਹੋ ਗਿਆ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਦੀ ਫ਼ਸਲ ‘ਤੇ ਚਿੱਟੀ ਮੱਖੀ ਦਾ ਹਮਲਾ ਹੋਇਆ ਸੀ ਤਾਂ ਮੁਆਵਜ਼ੇ ਵਜੋਂ 8 ਹਜ਼ਾਰ ਰੁਪਏ ਮਿਲੇ ਸਨ। ਉਸ ਸਮੇਂ ਨਰਮੇ ਦੀ ਥਾਂ ਝੋਨੇ ਦੀ ਕਾਸ਼ਤ ਕਰਨ ਵਾਲੇ ਹੀ ਮੁਆਵਜ਼ੇ ਲੈ ਗਏ।
ਮੁੱਖ ਮੰਤਰੀ ਨੇ ਕਿਸਾਨ ਵੱਲੋਂ ਉਠਾਏ ਗਏ ਤੌਖ਼ਲੇ ਦੇ ਉੱਤਰ ‘ਚ ਕਿਹਾ ਕਿ ਇਸ ਵਾਰ ਅਜਿਹਾ ਨਹੀਂ ਹੋਵੇਗਾ ਅਤੇ ਪੂਰੀ ਪਾਰਦਰਸ਼ਤਾ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਗਿਰਦਾਵਰੀ ਦੇ ਹੁਕਮਾਂ ਪਹਿਲਾਂ ਹੀ ਜਾਰੀ ਕੀਤੇ ਜਾਣ ਬਾਰੇ ਦੱਸਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ ਅਤੇ ਜੋ ਵੀ ਨੁਕਸਾਨ ਹੋਇਆ ਹੈ, ਉਸ ਦੀ ਬਣਦੇ ਮਾਪ-ਦੰਡਾਂ ਮੁਤਾਬਿਕ ਰਾਹਤ ਦਿੱਤੀ ਜਾਵੇਗੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਿੰਡ ਕੈਲੇਵਾਂਦਰ (ਨਸੀਬਪੁਰਾ) ਵੀ ਪਹੁੰਚੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਨਸੀਬਪੁਰਾ ਦੇ ਨਰਮੇ ਵਾਲੇ ਖੇਤਾਂ ਵਿੱਚ ਪਹੁੰਚ ਕੇ ਖ਼ਰਾਬ ਹੋਈ ਫਸਲ ਦਾ ਜਾਇਜ਼ਾ ਲਿਆ ਤੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨਾਂ ਨੂੰ ਨੁਕਸਾਨੀ ਫ਼ਸਲ ਦਾ ਪੂਰਾ ਮੁਆਵਜ਼ਾ ਦੇਣ ਦੇ ਨਾਲ ਕਣਕ ਦਾ ਬੀਜ ਸਬਸਿਡੀ ‘ਤੇ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ।

 

RELATED ARTICLES
POPULAR POSTS