ਸ਼ਹੀਦਾਂ ਕੋਲੋਂ ਮੰਗੀ ਮੁਆਫੀ, ਸਾਕੇ ਨੂੰ ‘ਪਾਪ’ ਕਰਾਰ ਦਿੱਤਾ
ਅੰਮ੍ਰਿਤਸਰ/ਬਿਊਰੋ ਨਿਊਜ਼
ਐਂਗਲੀਕਨ ਚਰਚ ਦੇ ਮੁਖੀ ਆਰਕ ਬਿਸ਼ਪ ਨੇ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੌ ਸਾਲ ਪਹਿਲਾਂ ਇਥੇ ਵਾਪਰੇ ਸਾਕੇ ਨੂੰ ‘ਪਾਪ’ ਕਰਾਰ ਦਿੱਤਾ ਅਤੇ ਇਸ ਵਾਸਤੇ ਦੁੱਖ ਤੇ ਸ਼ਰਮਿੰਦਗੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸ਼ਹੀਦੀ ਸਮਾਰਕ ਵਿਖੇ ਦੰਡਵਤ ਹੁੰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪੀੜਤ ਪਰਿਵਾਰਾਂ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ। ਸ਼ਹੀਦੀ ਸਮਾਰਕ ਵਿਖੇ ਫੁੱਲ ਮਾਲਾ ਭੇਟ ਕਰਦਿਆਂ ਉਨ੍ਹਾਂ ਨੇ ਸੌ ਸਾਲ ਪਹਿਲਾਂ ਵਾਪਰੇ ਇਸ ਸਾਕੇ ਬਾਰੇ ਜਨਤਕ ਤੌਰ ਉੱਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਸ਼ਹੀਦਾਂ ਅਤੇ ਸਾਕੇ ਪ੍ਰਤੀ ਆਖਿਆ ਕਿ ਸੌ ਸਾਲ ਪਹਿਲਾਂ ਜੋ ਕੁੱਝ ਇਥੇ ਵਾਪਰਿਆ ਸੀ, ਉਹ ਅਣਮਨੁੱਖੀ ਸੀ। ਉਨ੍ਹਾਂ ਇਸ ਨੂੰ ਪਾਪ ਅਤੇ ਜੁਰਮ ਦਾ ਨਾਂਅ ਦਿੰਦਿਆਂ ਆਖਿਆ ਕਿ ਉਹ ਇਸ ਵਾਸਤੇ ਸ਼ਰਮਿੰਦਗੀ ਅਤੇ ਦੁੱਖ ਮਹਿਸੂਸ ਕਰ ਰਹੇ ਹਨ ਪਰ ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਉਹ ਕੋਈ ਸਿਆਸੀ ਆਗੂ ਨਹੀਂ ਹਨ ਸਗੋਂ ਇੱਕ ਧਾਰਮਿਕ ਆਗੂ ਵਜੋਂ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।
ਇਸੇ ਦੌਰਾਨ ਆਰਕ ਬਿਸ਼ਪ ਨੇ ਆਪਣੀ ਪਤਨੀ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ ਅਤੇ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਦਾ ਸਨਮਾਨ ਵੀ ਕੀਤਾ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …