ਕਿਹਾ : ਤੱਕੜੀ ਕਿਸੇ ਹੋਰ ਕੋਲ ਅਤੇ ਸੁਖਬੀਰ ਕਿਸੇ ਹੋਰ ਦੇ ਹੱਕ ’ਚ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਵਿਚ ਪਿਆ ਸਿਆਸੀ ਕਲੇਸ਼ ਅੱਜ ਕੱਲ੍ਹ ਸਿਖਰਾਂ ’ਤੇ ਹੈ। ਅਕਾਲੀ ਦਲ ਦੇ ਕਈ ਸੀਨੀਅਰ ਆਗੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ ਅਤੇ ਕਈ ਸੀਨੀਅਰ ਆਗੂ ਸੁਖਬੀਰ ਬਾਦਲ ਦੇ ਹੱਕ ਵਿਚ ਵੀ ਡਟੇ ਹੋਏ ਹਨ। ਇਸ ਦੇ ਚੱਲਦਿਆਂ ਸ਼ੋ੍ਰਮਣੀ ਅਕਾਲੀ ਦਲ ’ਚ ਪਏ ਸਿਆਸੀ ਕਲੇਸ਼ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਤਨਜ਼ ਕੱਸਿਆ ਹੈ। ਧਿਆਨ ਰਹੇ ਕਿ 10 ਜੁਲਾਈ ਨੂੰ ਹੋਣ ਵਾਲੀ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਅਕਾਲੀ ਦਲ ਵਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਤੋਂ ਅਕਾਲੀ ਦਲ ਨੇ ਹੀ ਪਾਸਾ ਵੱਟ ਲਿਆ ਹੈ ਅਤੇ ਬਸਪਾ ਉਮੀਦਵਾਰ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਇਸ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਕਿਸੇ ਹੋਰ ਕੋਲ ਹੈ ਅਤੇ ਸੁਖਬੀਰ ਬਾਦਲ ਕਿਸੇ ਹੋਰ ਦੇ ਹੱਕ ਵਿਚ ਹਨ। ਭਗਵੰਤ ਮਾਨ ਨੇ ਕਿਹਾ ਕਿ ਕੀ ਸੁਖਬੀਰ ਬਾਦਲ ਹੁਣ ਜਲੰਧਰ ’ਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਲਈ ਵੋਟਾਂ ਮੰਗਣਗੇ। ਜ਼ਿਕਰਯੋਗ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਅਧਿਕਾਰਤ ਤੌਰ ’ਤੇ ਆਪਣੀ ਹੀ ਪਾਰਟੀ ਦੀ ਉਮੀਦਵਾਰ ਸੁਰਜੀਤ ਕੌਰ ਦਾ ਸਮਰਥਨ ਨਾ ਕਰਨ ਦਾ ਐਲਾਨ ਕੀਤਾ ਹੈ।