ਕਿਹਾ : ਪਿੰਡਾਂ ਅਤੇ ਸ਼ਹਿਰਾਂ ’ਚੋਂ ਸਰਕਾਰ ਚਲਾਉਣ ਦਾ ਸੁਪਨਾ ਹੋਇਆ ਪੂਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ’ਚ ਅੱਜ ਤੋਂ ‘ਪੰਜਾਬ ਸਰਕਾਰ ਆਪ ਕੇ ਦੁਆਰ’ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। 23 ਜ਼ਿਲ੍ਹਿਆਂ ਦੀਆਂ ਸਬ ਡਵੀਜ਼ਨਾਂ ’ਚ ਮੰਤਰੀਆਂ ਅਤੇ ਵਿਧਾਇਕਾਂ ਨੇ ਮੋਰਚਾ ਸੰਭਾਲਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਨਾਲ ਹੀ 45 ਸਹੂਲਤਾਂ ਜਿਨ੍ਹਾਂ ਲਈ ਲੋਕਾਂ ਨੂੰ ਸੇਵਾ ਕੇਂਦਰਾਂ ’ਚ ਜਾਣਾ ਪੈਂਦਾ ਸੀ ਉਹ ਮੌਕੇ ’ਤੇ ਉਪਲਬਧ ਕਰਵਾਈਆਂ ਗਈਆਂ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਕੈਂਪ ਦਾ ਦੌਰਾ ਕਰਨ ਲਈ ਜ਼ੀਰਕਪੁਰ ਦੇ ਪਿੰਡ ਭਾਂਖਰਪੁਰ ਵਿਖੇ ਪਹੁੰਚੇ। ਇਥੇ ਉਨ੍ਹਾਂ ਕੈਂਪ ਦੌਰਾਨ ਹੋਣ ਵਾਲੇ ਕੰਮਾਂ ਦਾ ਜਾਇਜਾ ਲਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਆਗੂ ਤੁਹਾਡੇ ਘਰ ਆਉਂਦੇ ਸਨ ਅਤੇ ਬਾਅਦ ’ਚ ਤੁਹਾਨੂੰ ਆਪਣੇ ਕੰਮ ਕਰਵਾਉਣ ਦੇ ਲਈ ਚੰਡੀਗੜ੍ਹ ਆਉਣਾ ਪੈਂਦਾ ਸੀ। ਕੋਈ ਕਾਗਜ਼ ਪੱਤਰ ਘਰ ਰਹਿ ਜਾਂਦਾ ਤਾਂ ਵਾਪਸ ਪਿੰਡ ਮੁੜਨਾ ਪੈਂਦਾ ਸੀ ਅਤੇ ਪੂਰੀ ਦਿਹਾੜੀ ਖ਼ਰਾਬ ਹੋ ਜਾਂਦੀ ਸੀ ਪ੍ਰੰਤੂ ਹੁਣ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਵੋਟਾਂ ਮੰਗਣ ਲਈ ਘਰ-ਘਰ ਜਾਇਆ ਜਾ ਸਕਦਾ ਹੈ ਤਾਂ ਸਰਕਾਰ ਲੋਕਾਂ ਦੇ ਕੰਮ ਕਰਨ ਲਈ ਵੀ ਘਰ ਆ ਸਕਦੀ ਹੈ। ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਹੈ। ਚੋਣਾਂ ਦੌਰਾਨ ਮੈਂ ਆਪਣੇ ਸੰਗਰੂਰ ਸਥਿਤ ਘਰ ਤੋਂ ਕਿਹਾ ਸੀ ਕਿ ਸਾਡੀ ਸਰਕਾਰ ਸ਼ਹਿਰਾਂ, ਕਸਬਿਆਂ ਤੋਂ ਪਿੰਡਾਂ ਤੋਂ ਚੱਲੇਗੀ ਅਤੇ ਅੱਜ ਉਹੀ ਹੋ ਰਿਹਾ ਹੈ। ਹੁਣ ਤੁਹਾਨੂੰ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ’ਚ ਧੱਕੇ ਨਹੀਂ ਖਾਣੇ ਪੈਣਗੇ ਬਲਕਿ ਸਰਕਾਰੀ ਅਧਿਕਾਰੀ ਤੁਹਾਡਾ ਕੰਮ ਕਰਨ ਲਈ ਤੁਹਾਡੇ ਪਿੰਡਾਂ ਅਤੇ ਸ਼ਹਿਰ ’ਚ ਆਇਆ ਕਰਨਗੇ।