14 ਦਸੰਬਰ ਨੂੰ ‘ਆਪ’ ਵਲੋਂ ਕੀਤੀ ਜਾਵੇਗੀ ਮਜੀਠਾ ‘ਚ ਰੈਲੀ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟਿਕਟਾਂ ਦੀ ਵੰਡ ਨੂੰ ਲੈ ਕੇ ਚੁਫੇਰਿਓਂ ਉੱਠ ਰਹੀਆਂ ਬਗ਼ਾਵਤੀ ਸੁਰਾਂ ਦਰਮਿਆਨ 9 ਦਸੰਬਰ ਤੋਂ ਮੁੜ ਪੰਜਾਬ ਦਾ ਦੌਰਾ ਕਰਨਗੇ। ‘ਆਪ’ ਵੱਲੋਂ 14 ਦਸੰਬਰ ਨੂੰ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ ਵਿੱਚ ਰੈਲੀ ਵੀ ਕੀਤੀ ਜਾਵੇਗੀ, ਜਿਸ ਵਿੱਚ ਵੱਡੀ ਗਿਣਤੀ ਵਰਕਰਾਂ ਨੂੰ ਪੁੱਜਣ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ ਕੇਜਰੀਵਾਲ ਰੈਲੀ ਦੌਰਾਨ ਮਜੀਠਾ ਹਲਕੇ ਤੋਂ ਪਾਰਟੀ ਉਮੀਦਵਾਰ ਦਾ ਐਲਾਨ ਵੀ ਕਰ ਸਕਦੇ ਹਨ। ‘ਆਪ’ ਕਾਂਗਰਸ ਸਮੇਤ ਕੁਝ ਹੋਰ ਪਾਰਟੀਆਂ ਦੇ ਅਹਿਮ ਆਗੂਆਂ ਦੇ ਸੰਪਰਕ ਵਿੱਚ ਹੈ ਅਤੇ ਲੀਡਰਸ਼ਿਪ ਵੱਲੋਂ ਮਜੀਠੀਆ ਖ਼ਿਲਾਫ਼ ਕਿਸੇ ਵਿਆਪਕ ਆਧਾਰ ਵਾਲੇ ਆਗੂ ਨੂੰ ਖੜ੍ਹਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਯਾਦ ਰਹੇ ਕਿ ਪਿਛਲੇ ਸਮੇਂ ਦੌਰਾਨ ਮਜੀਠੀਆ ਖ਼ਿਲਾਫ਼ ਪਾਰਟੀ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੂੰ ਚੋਣ ਲੜਾਉਣ ਦੀ ਚਰਚਾ ਚੱਲਦੀ ਰਹੀ ਹੈ। ਤਕਰੀਬਨ ਹਰੇਕ ਜ਼ਿਲ੍ਹੇ ਅਤੇ ਹਲਕੇ ਵਿੱਚ ਵਾਲੰਟੀਅਰਾਂ ਵੱਲੋਂ ਬਗ਼ਾਵਤ ਕਰਨ ਅਤੇ ਖ਼ਾਸ ਕਰਕੇ ਪਾਰਟੀ ਦੇ ਦੋ ਸਿਖ਼ਰਲੇ ਆਗੂਆਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਉਪਰ ਨੋਟਾਂ ਬਦਲੇ ਸੀਟਾਂ ਦੇਣ ਦੇ ਲਾਏ ਜਾ ਰਹੇ ਦੋਸ਼ਾਂ ਕਾਰਨ ਕੇਜਰੀਵਾਲ ਖ਼ੁਦ ਪ੍ਰੇਸ਼ਾਨ ਹਨ। ਇਸੇ ਕਾਰਨ ਹੀ ਉਹ ਮੁੜ-ਮੁੜ ਪੰਜਾਬ ਆ ਕੇ ਪਾਰਟੀ ਦੀ ਖੁਰਦੀ ਸਾਖ਼ ਨੂੰ ਬਚਾਉਣ ਲਈ ਯਤਨਸ਼ੀਲ ਹਨ। ਪਾਰਟੀ ਵੱਲੋਂ ਨਕੋਦਰ ਤੋਂ ਐਨਆਰਆਈ ਵਿੰਗ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ, ਬੱਲੂਆਣਾ ਤੋਂ ਗਿਰੀ ਰਾਜ ਰਾਜੌਰਾ, ਧਰਮਕੋਟ ਤੋਂ ਡਾਕਟਰ ਰਣਜੋਧ ਸਿੰਘ ਤੇ ਭੋਆ ਤੋਂ ਵਿਨੋਦ ਕੁਮਾਰ ਦੀਆਂ ਟਿਕਟਾਂ ਖੋਹ ਕੇ ਨਾਟਕੀ ਢੰਗ ਨਾਲ ਨਵੇਂ ਉਮੀਦਵਾਰ ਖੜ੍ਹੇ ਕਰਨ ਕਾਰਨ ਵੱਡੀ ਗਿਣਤੀ ਉਮੀਦਵਾਰਾਂ ਵਿੱਚ ਬੇਚੈਨੀ ਹੈ।
ਜਾਣਕਾਰੀ ਅਨੁਸਾਰ ਹਾਈਕਮਾਂਡ ਵੱਲੋਂ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਪ੍ਰਾਜੈਕਟਰ ਅਤੇ ਹੋਰ ਕਈ ਤਰ੍ਹਾਂ ਦੀ ਮਹਿੰਗੀ ਚੋਣ ਸਮੱਗਰੀ ਖ਼ਰੀਦਣ ਦੇ ਫ਼ਰਮਾਨ ਜਾਰੀ ਕਰਨ ਅਤੇ ਚੋਣ ਪ੍ਰਚਾਰ ਦਾ ਪਲ ਪਲ ਦਾ ਪ੍ਰੋਗਰਾਮ ਤਲਬ ਕਰਨ ਉਪਰੰਤ ਘੁਰਕੀਆਂ ਮਾਰਨ ਕਰਕੇ ਕਈ ਉਮੀਦਵਾਰ ਕਸੂਤੇ ਫਸੇ ਮਹਿਸੂਸ ਕਰ ਰਹੇ ਹਨ। ਹਾਈਕਮਾਂਡ ਨੇ ਭਾਵੇਂ ਸੰਘੇੜਾ ਨੂੰ ਪਾਰਟੀ ਦੀ ਵੱਡੀ ਜ਼ਿੰਮੇਵਾਰੀ ਦੇਣ ਦਾ ਦਾਅਵਾ ਕਰਕੇ ਉਨ੍ਹਾਂ ਕੋਲੋਂ ਟਿਕਟ ਖੋਹੀ ਹੈ, ਪਰ ਸੂਤਰਾਂ ਅਨੁਸਾਰ ਪਾਰਟੀ ਮੁੱਢ ਤੋਂ ਹੀ ਸੰਘੇੜਾ ਨੂੰ ਟਿਕਟ ਦੇਣ ਦੇ ਰੌਂਅ ਵਿੱਚ ਨਹੀਂ ਸੀ। ਸੰਘੇੜਾ ਨੂੰ ਸੁੱਚਾ ਸਿੰਘ ਛੋਟੇਪੁਰ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਭਾਵੇਂ ਉਹ ਛੋਟੇਪੁਰ ਨੂੰ ਪਾਰਟੀ ਵਿੱਚੋਂ ਕੱਢਣ ਦੇ ਬਾਵਜੂਦ ਪਾਰਟੀ ਨਾਲ ਖੜ੍ਹੇ ਰਹੇ ਹਨ, ਪਰ ਕੁਝ ਨੇਤਾ ਉਨ੍ਹਾਂ ਨੂੰ ਸ਼ੱਕੀ ਨਜ਼ਰ ਨਾਲ ਦੇਖਦੇ ਆ ਰਹੇ ਸਨ। ਸੰਪਰਕ ਕਰਨ ‘ਤੇ ਸੰਘੇੜਾ ਨੇ ਪਾਰਟੀ ਵਿਰੁੱਧ ਟਿੱਪਣੀ ਕਰਨ ਦੀ ਥਾਂ ਏਨਾ ਹੀ ਕਿਹਾ, ‘ਪਾਰਟੀ ਨੇ ਟਿਕਟ ਵਾਪਸ ਲੈਣ ਦਾ ਫ਼ੈਸਲਾ ਆਪਣੇ ਪੱਧਰ ‘ਤੇ ਕੀਤਾ ਹੈ।’
ਬਾਬਾ ਬਕਾਲਾ ਤੋਂ ਹੋਵੇਗੀ ਰੈਲੀਆਂ ਦੀ ਸ਼ੁਰੂਆਤ: ਅਰਵਿੰਦ ਕੇਜਰੀਵਾਲ ਵੱਲੋਂ 9 ਦਸੰਬਰ ਨੂੰ ਬਾਬਾ ਬਕਾਲਾ ਤੇ ਜੰਡਿਆਲਾ ਗੁਰੂ, 10 ਨੂੰ ਕਰਤਾਰਪੁਰ ਤੇ ਆਦਮਪੁਰ ਅਤੇ ਨਵਾਂ ਸ਼ਹਿਰ ਤੇ ਬਲਾਚੌਰ, 11 ਨੂੰ ਜਗਰਾਉਂ, ਲੁਧਿਆਣਾ ਤੇ ਖੰਨਾ, 12 ਨੂੰ ਚੱਬੇਵਾਲ ਤੇ ਗੜ੍ਹਸ਼ੰਕਰ ਅਤੇ ਸ਼ਾਮ ਚੌਰਾਸੀ, ਟਾਂਡਾ ਅਤੇ ਹੁਸ਼ਿਆਰਪੁਰ, 13 ਨੂੰ ਖਡੂਰ ਸਾਹਿਬ ਤੇ ਤਰਨਤਾਰਨ ਅਤੇ ਪਠਾਨਕੋਟ ਅਤੇ 14 ਦਸੰਬਰ ਨੂੰ ਮਜੀਠਾ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ।
ਆਮ ਆਦਮੀ ਪਾਰਟੀ ਨੇ ਪਰਵਾਸੀ ਪੰਜਾਬੀਆਂ ਲਈ ਸ਼ੁਰੂ ਕੀਤੀ ‘ਚਲੋ ਪੰਜਾਬ ਮੁਹਿੰਮ’
ਚੰਡੀਗੜ੍ਹ : ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਪਰਵਾਸੀ ਪੰਜਾਬੀਆਂ ਲਈ ‘ਚਲੋ ਪੰਜਾਬ ਮੁਹਿੰਮ’ ਸ਼ੁਰੂ ਕੀਤੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਉਹ ਵੱਧ ਤੋਂ ਵੱਧ ਪੰਜਾਬ ਆਉਣ ਅਤੇ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ।
ਪਾਰਟੀ ਨੇ ‘ਚਲੋ ਪੰਜਾਬ ਮੁਹਿੰਮ’ ਲਈ ਖ਼ਾਸ ਐਪ ਵੀ ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਇੱਕ ਟੀ ਸ਼ਰਟ ਵੱਖਰੇ ਤੌਰ ਉੱਤੇ ਪਰਵਾਸੀ ਪੰਜਾਬੀਆਂ ਨੂੰ ਪ੍ਰੇਰਿਤ ਕਰਨ ਲਈ ਤਿਆਰ ਕੀਤੀ ਹੈ। ਗੁਰਪ੍ਰੀਤ ਸਿੰਘ ਵੜੈਚ ਨੇ ਦੱਸਿਆ ਕਿ ਆਗਾਮੀ ਚੋਣਾਂ ਵਿੱਚ ਲਗਭਗ 2 ਲੱਖ ਪੰਜਾਬੀ ਐਨਆਰਆਈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬੈਠੇ ਪੰਜਾਬੀ ਪਹੁੰਚ ਰਹੇ ਹਨ।
Check Also
ਰਾਜਾ ਵੜਿੰਗ ਦਾ ਤਨਜ : ਕਿਹਾ, ਸੁਖਬੀਰ ਸਿੰਘ ਬਾਦਲ ਜਲਦ ਹੀ ਭਾਰਤੀ ਜਨਤਾ ਪਾਰਟੀ ’ਚ ਹੋ ਸਕਦੇ ਹਨ ਸ਼ਾਮਲ
ਬਰਨਾਲਾ/ਬਿਊਰੋ ਨਿਊਜ਼ ਸੁਖਬੀਰ ਸਿੰਘ ਬਾਦਲ ਨੇ ਲੰਘੇ ਕੱਲ੍ਹ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ …