
ਮਿਲਕਫੈਡ ਤੋਂ ਖਰੀਦਦਾਰੀ ਬੰਦ ਕਰਨ ਨਾਲ ਮਿਲਕਫੈਡ ਨੂੰ ਪਵੇਗਾ ਕਰੋੜਾਂ ਦਾ ਘਾਟਾ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵਾਰ ਦੇਸੀ ਘਿਓ ਤੇ ਹੋਰ ਦੁੱਧ ਵਸਤਾਂ ਦੀ ਖਰੀਦ ਲਈ ਪੰਜਾਬ ਦੀ ਥਾਂ ਮਹਾਰਾਸ਼ਟਰ ਦੀ ਇਕ ਕੰਪਨੀ ਚੁਣੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਧਾਮਾਂ ਵਿਖੇ ਕੜਾਹ ਪ੍ਰਸਾਦ ਤੇ ਲੰਗਰ ਘਰ ਵਾਸਤੇ ਦੇਸੀ ਘਿਓ ਤੇ ਹੋਰ ਦੁੱਧ ਵਸਤਾਂ ਵੱਡੇ ਪੱਧਰ ‘ਤੇ ਖਰੀਦੀਆਂ ਜਾਂਦੀਆਂ ਹਨ। ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਵਲੋਂ ਇਹ ਦੁੱਧ ਵਸਤਾਂ ਪੰਜਾਬ ਦੀ ਸਹਿਕਾਰੀ ਸੰਸਥਾ ਮਿਲਕਫੈੱਡ ਤੋਂ ਹੀ ਖਰੀਦੀਆਂ ਜਾ ਰਹੀਆਂ ਸਨ। ਹੁਣ ਸਿੱਖ ਸੰਸਥਾ ਨੇ ਮਿਲਕਫੈੱਡ ਨਾਲੋਂ ਰੇਟ ਘੱਟ ਹੋਣ ਕਰਕੇ ਪੁਣੇ ਦੀ ਸੋਨਾਈ ਡੇਅਰੀ ਨੂੰ ਦੁੱਧ ਵਸਤਾਂ ਦੀ ਖਰੀਦ ਲਈ ਆਰਡਰ ਦਿੱਤਾ ਹੈ। ਇਸ ਸਬੰਧੀ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦਾ ਦੁੱਧ ਵਸਤਾਂ ਦਾ ਆਰਡਰ ਮਿਲਕਫੈੱਡ ਦੀ ਥਾਂ ਹੋਰ ਕੰਪਨੀ ਨੂੰ ਜਾਣ ਨਾਲ ਮਿਲਕਫੈੱਡ ਦੀ ਆਮਦਨ ‘ਤੇ ਕਰੋੜਾਂ ਰੁਪਏ ਦਾ ਅਸਰ ਪਵੇਗਾ।