ਪੰਜਾਬ ਕਲਾ ਪ੍ਰੀਸ਼ਦ ਨੂੰ ਸਭਿਆਚਾਰ ਪਾਰਲੀਮੈਂਟ ਬਣਾਉਣ ਦਾ ਟੀਚਾ
ਚੰਡੀਗੜ੍ਹ : ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ ਵਿਦੇਸ਼ ਉਡਾਰੀਆਂ ਮਾਰਨ ਲਈ ਉਤਾਵਲੇ ਪੰਜਾਬੀ ਗੱਭਰੂਆਂ ਨੂੰ ਵਿਲੱਖਣ ਢੰਗ ਨਾਲ ‘ਅਸੀਂ ਇੱਥੇ ਵੱਸਣਾ’ ਦਾ ਹੋਕਾ ਦੇਣਗੇ। ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ‘ਸੱਭਿਆਚਾਰ ਤੋਂ ਰੁਜ਼ਗਾਰ’ ਅਤੇ ‘ਹੁਨਰ ਸੇ ਰੁਜ਼ਗਾਰ’ ਮੁਹਿੰਮ ਚਲਾਉਣਗੇ। ਪਾਤਰ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਸਭ ਤੋਂ ਪਹਿਲਾਂ ਪੰਜਾਬ ਕਲਾ ਪ੍ਰੀਸ਼ਦ ਨੂੰ ‘ਸੱਭਿਆਚਾਰ ਪਾਰਲੀਮੈਂਟ’ ਬਣਾਉਣ ਦਾ ਟੀਚਾ ਮਿੱਥਿਆ ਹੈ, ਜਿਸ ਤਹਿਤ ਪ੍ਰੀਸ਼ਦ ਦੇ ਸਾਬਕਾ ਸਕੱਤਰ ਜਨਰਲ ਪ੍ਰੋ. ਰਾਜਪਾਲ ਸਿੰਘ ਅਤੇ ਪੰਜਾਬੀ ਲੋਕ ਗਾਇਕ ਸੁੱਖੀ ਬਰਾੜ ਤੇ ਪੰਮੀ ਬਾਈ ਨੂੰ ਇਸ ਪਾਰਲੀਮੈਂਟ ਦੀ ਸਿਰਜਣਾ ਕਰਨ ਦੀ ਜ਼ਿੰਮੇਵਾਰੀ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਲਈ ਉਹ ਪਾਰਦਰਸ਼ੀ ਢੰਗ ਨਾਲ ਕਲਾਕਾਰਾਂ ਦੀ ਚੋਣ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਤਜਵੀਜ਼ ਤਿਆਰ ਕੀਤੀ ਹੈ ਕਿ ਬਲਾਕ ਪੱਧਰ ਤੱਕ ਕਲਾਕਾਰਾਂ ਦੇ ਮੁਕਾਬਲੇ ਕਰਵਾਉਣ ਉਪਰੰਤ ਹੀ ਹੁਨਰਮੰਦ ਕਲਾਕਾਰਾਂ ਨੂੰ ਪਾਰਲੀਮੈਂਟ ਦਾ ਹਿੱਸਾ ਬਣਾਇਆ ਜਾਵੇ। ਪਾਤਰ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਪੰਜਾਬ ਭਰ ਵਿੱਚ ਸੱਭਿਆਚਾਰ ਦੀ ਇੱਕ ਨਵੀਂ ਲਹਿਰ ਵੀ ਚੱਲੇਗੀ ਅਤੇ ਪ੍ਰਤਿਭਾ ਭਰਪੂਰ ਅਣਗੌਲੇ ਕਲਾਕਾਰਾਂ ਦੀ ਪ੍ਰਤਿਭਾ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਵੀ ਮਿਲੇਗਾ। ਫਿਲਹਾਲ ਇਸ ਤਜਵੀਜ਼ ਉਪਰ ਵਿਚਾਰ ਚੱਲ ਰਿਹਾ ਹੈ। ਪਾਤਰ ਨੇ ਕਿਹਾ ਕਿ ਅੱਜ ਪੰਜਾਬ ਨੂੰ ਚੁਫੇਰਿਓਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੌਜਵਾਨ ਆਪਣੀ ਧਰਤੀ ਛੱਡ ਕੇ ਹਰ ਹੀਲੇ ਵਿਦੇਸ਼ ਜਾਣ ਲਈ ਉਤਾਵਲੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ 2 ਤੋਂ 8 ਫਰਵਰੀ ਤੱਕ ਪੰਜਾਬ ਕਲਾ ਭਵਨ ਵਿੱਚ ਕਰਵਾਏ ਜਾ ਰਹੇ ‘ਰੰਧਾਵਾ ਫੈਸਟੀਵਲ’ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਦਿਆਂ ਨਾਲ ਸਬੰਧਤ ਸੈਮੀਨਾਰ ਤੇ ਨੁੱਕੜ ਨਾਟਕ ਕਰਵਾਏ ਜਾ ਰਹੇ ਹਨ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਤਲਬ
ਅਕਾਲੀ ਸਰਕਾਰ ਸਮੇਂ ਸਿਰਸਾ ਕੋਲ ਵੀ ਸੀ ਕੈਬਨਿਟ ਰੈਂਕ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ …