ਐਸਜੀਪੀਸੀ ਵਲੋਂ ਹੀ ਕੀਤਾ ਜਾਵੇਗਾ ਰਾਗੀਆਂ ਦੀ ਫੀਸ ਦਾ ਭੁਗਤਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਕੀਰਤਨ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਰਾਗੀ ਜਥਿਆਂ ਦੀਆਂ ਸੇਵਾਵਾਂ ਮੁਹੱਈਆ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤਹਿਤ 16 ਦਸੰਬਰ ਤੋਂ ਰਾਗੀ ਜਥੇ ਰੋਜ਼ਾਨਾ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਗੇ ਅਤੇ ਦਿਨ ਭਰ ਕੀਰਤਨ ਕਰਨ ਮਗਰੋਂ ਸ਼ਾਮ ਨੂੰ ਵਾਪਸ ਪਰਤ ਆਉਣਗੇ।
ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਮਗਰੋਂ ਉੱਥੇ ਸ਼ਰਧਾਲੂਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਰੋਜ਼ਾਨਾ ਭਾਰਤ ਵੱਲੋਂ ਔਸਤਨ 500 ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ ਪਰ ਉੱਥੇ ਫਿਲਹਾਲ ਰਾਗੀ ਜਥਿਆਂ ਦੀ ਘਾਟ ਹੈ।
ਪਾਕਿਸਤਾਨ ਵਿਚ ਸਿੱਖਾਂ ਦੀ ਵਸੋਂ ਘੱਟ ਹੋਣ ਕਾਰਨ ਉੱਥੇ ਕੀਰਤਨ ਕਰਨ ਵਾਲੇ ਸਿੱਖ ਜਥਿਆਂ ਦੀ ਵੀ ਘਾਟ ਹੈ। ਜੋ ਰਾਗੀ ਜਥੇ ਪਹਿਲਾਂ ਹੀ ਕੰਮ ਕਰ ਰਹੇ ਹਨ, ਉਹ ਉੱਥੇ ਵੱਖ ਵੱਖ ਗੁਰਦੁਆਰਿਆਂ ਵਿਚ ਨਿਰੰਤਰ ਸੇਵਾਵਾਂ ਨਿਭਾਅ ਰਹੇ ਹਨ। ਇਸ ਲਈ ਗੁਰਦੁਆਰਾ ਕਰਤਾਰਪੁਰ ਵਿਖੇ ਦਰਸ਼ਨ ਕਰਨ ਲਈ ਜਾਂਦੀ ਸੰਗਤ ਵੱਲੋਂ ਮਹਿਸੂਸ ਕੀਤਾ ਗਿਆ ਹੈ ਕਿ ਉੱਥੇ ਕੀਰਤਨ ਨਿਰੰਤਰ ਦਿਨ ਭਰ ਚੱਲਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿਚ ਸ਼੍ਰੋਮਣੀ ਕਮੇਟੀ ਨੇ ਰਾਗੀ ਜਥਿਆਂ ਦੀਆਂ ਸੇਵਾਵਾਂ ਮੁਹੱਈਆ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਰਾਗੀ ਜਥੇ ਭੇਜਣ ਦੀ ਸੇਵਾ 16 ਦਸੰਬਰ ਤੋਂ ਸ਼ੁਰੂ ਹੋਵੇਗੀ।
ਪਹਿਲੇ ਦਿਨ ਭਾਈ ਸ਼ੌਕੀਨ ਸਿੰਘ ਦਾ ਰਾਗੀ ਜਥਾ ਤੇ 17 ਦਸੰਬਰ ਨੂੰ ਭਾਈ ਗੁਰਮੇਲ ਸਿੰਘ ਦਾ ਰਾਗੀ ਜਥਾ ਉੱਥੇ ਜਾਵੇਗਾ। ਇਹ ਰਾਗੀ ਜਥੇ ਸਵੇਰੇ ਆਮ ਸ਼ਰਧਾਲੂਆਂ ਵਾਂਗ ਡੇਰਾ ਬਾਬਾ ਨਾਨਕ ਟਰਮੀਨਲ ਤੋਂ ਗੁਰਦੁਆਰਾ ਕਰਤਾਰਪੁਰ ਜਾਣਗੇ ਅਤੇ ਗੁਰਬਾਣੀ ਦੇ ਕੀਰਤਨ ਦੀ ਸੇਵਾ ਕਰਨ ਮਗਰੋਂ ਸ਼ਾਮ ਨੂੰ ਪਰਤ ਆਉਣਗੇ। ਇਨ੍ਹਾਂ ਰਾਗੀ ਜਥਿਆਂ ਦੀਆਂ ਡਿਊਟੀਆਂ ਸ਼੍ਰੋਮਣੀ ਕਮੇਟੀ ਵੱਲੋਂ ਲਾਈਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਰਾਗੀ ਜਥਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸ ਸਬੰਧੀ ਲੋੜੀਂਦੀ ਫ਼ੀਸ ਦਾ ਭੁਗਤਾਨ ਵੀ ਸ਼੍ਰੋਮਣੀ ਕਮੇਟੀ ਵੱਲੋਂ ਹੀ ਕੀਤਾ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵਧੀਕ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਕੀਰਤਨ ਕਰਨ ਲਈ ਹਾਰਮੋਨੀਅਮ, ਤਬਲਾ ਆਦਿ ਸਾਜ਼ੋ-ਸਾਮਾਨ ਪਹਿਲਾਂ ਹੀ ਗੁਰਦੁਆਰਾ ਕਰਤਾਰਪੁਰ ਵਿਖੇ ਭੇਟ ਕੀਤਾ ਜਾਵੇਗਾ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …