
ਖ਼ੁਦ ਭਾਜਪਾ ਨਾਲ ਜੁੜੇ ਰਹਿਣ ਦਾ ਪ੍ਰਗਟਾਵਾ
ਅੰਮ੍ਰਿਤਸਰ : ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਅੰਮ੍ਰਿਤਸਰ ਸ਼ਹਿਰ ਦੇ ਪੂਰਬੀ ਹਲਕੇ ਤੋਂ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਇੱਥੇ ਸਪਸ਼ਟ ਕੀਤਾ ਕਿ ਸਿੱਧੂ ਵੱਲੋਂ ਰਾਜ ਸਭਾ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨਾਲ ਆਖ਼ਰੀ ਪਾਰੀ ਦਾ ਅੰਤ ਹੋ ਗਿਆ ਹੈ, ਜਦੋਂਕਿ ਉਹ ਭਾਜਪਾ ਦੀ ਵਿਧਾਇਕਾ ਵਜੋਂ ਆਪਣਾ ਕੰਮ ਕਰਦੇ ਰਹਿਣਗੇ। ਸਿੱਧੂ ਵੱਲੋਂ ਰਾਜ ਸਭਾ ਤੋਂ ਅਸਤੀਫ਼ਾ ਦੇਣ ਤੋਂ ਇੱਕ ਦਿਨ ਬਾਅਦ ਡਾ. ਸਿੱਧੂ ਨੇ ਇੱਥੇ ਕਿਹਾ ਕਿ ਆਪਣੇ ਫ਼ੈਸਲੇ ਤੋਂ ਬਾਅਦ ਸਿੱਧੂ ਦਾ ਵਾਪਸ ਪਰਤਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਰਾਜ ਸਭਾ ਤੋਂ ਅਸਤੀਫ਼ਾ ਦੇਣ ਦਾ ਭਾਵ ਹੁਣ ਤਕਨੀਕੀ ਤੌਰ ‘ਤੇ ਉਹ ਪਾਰਟੀ ਦੇ ਅਹੁਦੇਦਾਰ ਨਹੀਂ ਰਹੇ।ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ”ਮੇਰਾ ਵਿਚਾਰ ਹੈ ਕਿ ਸਿੱਧੂ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਨੇ ਕੀ ਕਰਨਾ ਹੈ ਤੇ ਅਗਲੇ ਕੁਝ ਦਿਨਾਂ ਵਿੱਚ ਉਹ ਭਵਿੱਖੀ ਯੋਜਨਾ ਦਾ ਐਲਾਨ ਕਰ ਦੇਣਗੇ।” ਸਿੱਧੂ ਵੱਲੋਂ ਰਾਜ ਸਭਾ ਦੀ ਸੀਟ ਖਾਲੀ ਕਰਨ ਬਾਰੇ ਉਨ੍ਹਾਂ ਕਿਹਾ ਕਿ ਸਿੱਧੂ ਲਈ ਹੁਣ ਭਾਜਪਾ ਦੇ ਦਰਵਾਜ਼ੇ ਬੰਦ ਹੋ ਗਏ ਹਨ, ਕਿਉਂਕਿ ਭਾਜਪਾ ਨੇ ਉਨ੍ਹਾਂ ਦੇ ਆਗਾਮੀ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰਕੇ ਲੜਨ ਦੇ ਸੁਝਾਅ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਬਾਦਲ ਦੇ ਨੇੜਲਿਆਂ ਨੂੰ ਪਹਿਲ ਦਿੱਤੀ, ਇਸ ਲਈ ਸਿੱਧੂ ਨੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ।
ਮੁੱਖ ਸੰਸਦੀ ਸਕੱਤਰ ਡਾ. ਸਿੱਧੂ ਨੇ ਕਿਹਾ ਕਿ ਰਾਜ ਸਭਾ ਮੈਂਬਰ ਹੁੰਦਿਆਂ ਵੀ ਸਿੱਧੂ ਪੰਜਾਬ ਦੀ ਸੇਵਾ ਕਰਨ ਦੇ ਇੱਛੁਕ ਸਨ ਪਰ ਭਾਜਪਾ ਦੀਆਂ ਤਰਜੀਹਾਂ ਹੋਰ ਸਨ। ਇਸ ਲਈ ਸਿੱਧੂ ਨੇ ਅਜਿਹੇ ਮਾਹੌਲ ਵਿੱਚ ਘੁਟਣ ਮਹਿਸੂਸ ਕੀਤੀ ਅਤੇ ਰਾਜ ਸਭਾ ਦੀ ਮੈਂਬਰੀ ਛੱਡਣ ਨੂੰ ਪਹਿਲ ਦਿੱਤੀ। ਸਿੱਧੂ ਵੱਲੋਂ ਰਾਜ ਸਭਾ ਦੀ ਮੈਂਬਰੀ ਛੱਡਣ ਤੋਂ ਬਾਅਦ ਸਿੱਧੂ ਜੋੜੇ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਸੰਭਾਵਾਨਾ ਬਾਰੇ ਸ੍ਰੀਮਤੀ ਸਿੱਧੂ ਦਾ ਕਹਿਣਾ ਸੀ ਕਿ ਉਹ ਆਪ ਭਾਜਪਾ ਨਾਲ ਜੁੜੇ ਰਹਿਣਗੇ।ਡਾ. ਸਿੱਧੁ ਨੇ ਕਿਹਾ ਕਿ ਉਹ ਆਪ ਭਾਜਪਾ ਦੇ ਨਾਲ ਹਨ, ਕਿਉਂਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਵਿਧਾਇਕਾ ਚੁਣਿਆ ਹੈ ਤੇ ਲੋਕਾਂ ਦੀ ਸੇਵਾ ਕਰਨੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਸਿੱਧੂ ਲਈ ਕਾਂਗਰਸ ਦੇ ਦਰ ਖੁੱਲ੍ਹੇ: ਕੈਪਟਨ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜੇ ਭਾਜਪਾ ਆਗੂ ਅਤੇ ਅੰਮ੍ਰਿਤਸਰ ਤੋਂ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੁਣ ਤਾਂ ਪਾਰਟੀ ਵਿਚ ਉਨ੍ਹਾਂ ਦਾ ਸਵਾਗਤ ਹੈ। ਉਨ੍ਹਾਂ ਲਈ ਕਾਂਗਰਸ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।