ਆਪ ਨੇ ਕੀਤਾ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦਾ ਸਵਾਗਤ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਰਾਜ ਸਭਾ ਤੋਂ ਅਸਤੀਫ਼ਾ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਸਿੱਧੂ ਜੋੜੀ ਦੇ ‘ਆਪ’ ਵਿੱਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ।’ਆਪ’ ਪੰਜਾਬ ਦੇ ਇੰਚਾਰਜ ਅਤੇ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਨੇ ਰਾਜ ਸਭਾ ਤੋਂ ਅਸਤੀਫ਼ਾ ਦੇ ਕੇ ਹੌਂਸਲੇ ਭਰਿਆ ਕਦਮ ਚੁੱਕਿਆ ਹੈ ਅਤੇ ਉਹ ਉਨ੍ਹਾਂ ਦੇ ਇਸ ਕਦਮ ਦਾ ਸਵਾਗਤ ਕਰਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਸਿੱਧੂ ‘ਆਪ’ ਵਿੱਚ ਕਦੋਂ ਸ਼ਾਮਲ ਹੋ ਰਹੇ ਹਨ ਤਾਂ ਸੰਜੇ ਸਿੰਘ ਨੇ ਕਿਹਾ ਕਿ ਇਸ ਬਾਰੇ ਉਹ ਸਹੀ ਸਮਾਂ ਆਉਣ ‘ਤੇ ਹੀ ਕੁਝ ਦੱਸ ਸਕਦੇ ਹਨ। ਉਨ੍ਹਾਂ ਹੋਰ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕੀਤਾ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਿੱਧੂ ਕਿਸੇ ਵੇਲੇ ਵੀ ‘ਆਪ’ ਵਿੱਚ ਸ਼ਾਮਲ ਹੋ ਸਕਦੇ ਹਨ। ਸੂਤਰ ਦੱਸਦੇ ਹਨ ਕਿ ‘ਆਪ’ ਦੇ ਹਾਈਕਮਾਂਡ ਪੱਧਰ ‘ਤੇ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਚਰਚਾ ਹੋ ਚੁੱਕੀ ਹੈ। ਪਿਛਲੇ ਸਮੇਂ ਕੇਜਰੀਵਾਲ ਨੇ ਜਨਤਕ ਤੌਰ ‘ਤੇ ਕਿਹਾ ਸੀ ਕਿ ਸਿੱਧੂ ਦੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਉਹ ਸਵਾਗਤ ਕਰਨਗੇ। ‘ਆਪ’ ਦੇ ਸੂਤਰਾਂ ਅਨੁਸਾਰ ਸਿੱਧੂ ਜੋੜੀ ਦੀ ਪਿਛਲੇ ਸਮੇਂ ਦੌਰਾਨ ‘ਆਪ’ ਦੇ ਸਿਖਰਲੇ ਨੇਤਾਵਾਂ ਨਾਲ ਪੰਜਾਬ ਦੇ ਸਿਆਸੀ ਮਾਹੌਲ ‘ਤੇ ਲੰਮੀ-ਚੌੜੀ ਚਰਚਾ ਹੋ ਚੁੱਕੀ ਹੈ। ਦੂਜੇ ਪਾਸੇ ਪਿਛਲੇ ਸਮੇਂ ਦੌਰਾਨ ਸਿੱਧੂ ਦੀ ਪਤਨੀ ਅਤੇ ਅਕਾਲੀ ਦਲ-ਭਾਜਪਾ ਸਰਕਾਰ ਵਿੱਚ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਵੱਲੋਂ ਵੀ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿੱਚ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਗਈ ਸੀ। ਉਸ ਵੇਲੇ ਇਸ ਮੁਲਾਕਾਤ ਨੂੰ ਇਹ ਕਹਿ ਕੇ ਟਾਲ ਦਿੱਤਾ ਗਿਆ ਸੀ ਕਿ ਕੇਜਰੀਵਾਲ ਨਾਲ ਸਿਹਤ ਸਹੂਲਤਾਂ ਬਾਰੇ ਚਰਚਾ ਕੀਤੀ ਗਈ ਹੈ। ਇਸ ਤੋਂ ਇਲਾਵਾ ਡਾ. ਸਿੱਧੂ ਕਈ ਵਾਰ ਦੁਹਰਾ ਚੁੱਕੇ ਹਨ ਕਿ ਜੇਕਰ ਭਾਜਪਾ ਨੇ ਸਾਲ 2017 ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਨਾ ਤੋੜਿਆ ਤਾਂ ਉਹ ਇਸ ਗਠਜੋੜ ਵੱਲੋਂ ਚੋਣ ਨਹੀਂ ਲੜਨਗੇ ਅਤੇ ‘ਆਪ’ ਨੂੰ ਤਰਜੀਹ ਦੇਣਗੇ। ਡਾ. ਸਿੱਧੂ ਨੇ ਕੁਝ ਦਿਨ ਪਹਿਲਾਂ ਹੀ ਇਹ ਕਹਿ ਕੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਸੀ ਕਿ ਪੰਜਾਬ ਵਿੱਚ ਲਾਲ ਬੱਤੀ ਵਾਲੀਆਂ ਗੱਡੀਆਂ ਰਾਹੀਂ ਡਰੱਗ ਦੀ ਸਪਲਾਈ ਹੁੰਦੀ ਹੈ। ਦੱਸਣਯੋਗ ਹੈ ਕਿ ‘ਆਪ’ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਲਈ ਮੁੱਖ ਮੰਤਰੀ ਦੇ ਉਮੀਦਵਾਰ ਦੇ ਚਿਹਰੇ ਦੀ ਤਲਾਸ਼ ਕਰ ਰਹੀ ਸੀ। ઠਭਾਵੇਂ ਪੰਜਾਬ ਵਿੱਚ ਹੇਠਲੇ ਪੱਧਰ ‘ਤੇ ‘ਆਪ’ ਦੀ ਸਿਆਸੀ ਹਵਾ ਚੱਲਣ ਦੇ ਚਰਚੇ ਚੱਲਦੇ ਆ ਰਹੇ ਹਨ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …