21.1 C
Toronto
Saturday, September 13, 2025
spot_img
Homeਪੰਜਾਬਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਲੁਧਿਆਣਾ 'ਚ ਡੱਟਵਾਂ ਵਿਰੋਧ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਲੁਧਿਆਣਾ ‘ਚ ਡੱਟਵਾਂ ਵਿਰੋਧ

ਕੁਝ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਜਥੇਦਾਰ ਖਿਲਾਫ ਕੀਤੀ ਨਾਅਰੇਬਾਜ਼ੀ
ਲੁਧਿਆਣਾ : ਲੁਧਿਆਣਾ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਈ ਸਿੱਖ ਜਥੇਬੰਦੀਆਂ ਨੇ ਡਟਵਾਂ ਵਿਰੋਧ ਕੀਤਾ। ਸ਼ਹਿਰ ਦੇ ਅਰਬਨ ਅਸਟੇਟ ਇਲਾਕੇ ਵਿੱਚ ਗੁਰਦੁਆਰੇ ਦੇ ਬਾਹਰ ਸਿੱਖ ਸੰਗਤਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੱਥਾਂ ਵਿੱਚ ਬੈਨਰ ਫੜ ਕੇ ਵਿਰੋਧ ਕੀਤਾ। ਇਸ ਦੌਰਾਨ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਥੇਦਾਰ ਤੇ ਉਨ੍ਹਾਂ ਦੇ ਕਾਫ਼ਲੇ ਨੂੰ ਉੱਥੋਂ ਕਢਵਾਇਆ। ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅਰਬਨ ਅਸਟੇਟ ਵਿੱਚ ਸਥਿਤ ਗੁਰਦੁਆਰੇ ਵਿੱਚ ਜਿਵੇਂ ਹੀ ਪੁੱਜੇ ਤਾਂ ਪਿੱਛੇ ਸੰਗਤਾਂ ਬਾਹਰ ਉਨ੍ਹਾਂ ਦਾ ਵਿਰੋਧ ਕਰਨ ਪੁੱਜ ਗਈਆਂ। ਸਿੱਖ ਸੰਗਤਾਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ ਤੇ ਉਹ ਨਾਲ ਹੀ ਵਾਹਿਗੁਰੂ ਮੰਤਰ ਦਾ ਜਾਪ ਕਰ ਰਹੀਆਂ ਸਨ। ਸਿੱਖ ਸੰਗਤਾਂ ਨੇ ਹੱਥਾਂ ਵਿੱਚ ਜਿਹੜੇ ਬੈਨਰ ਫੜੇ ਸਨ, ਉਨ੍ਹਾਂ ‘ਤੇ ਲਿਖਿਆ ਸੀ ਕਿ ‘ਆਖ਼ਰ ਸੱਚਾ ਸੌਦਾ ਦੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਕਿਉਂ ਮੁਆਫ਼ੀ ਦਿੱਤੀ ਗਈ’,’ਕਦੋਂ ਤੱਕ ਸਿੱਖ ਕੌਮ ਦੇ ਜਥੇਦਾਰ ਬਾਦਲਾਂ ਦੇ ਗੁਲਾਮ ਰਹਿਣਗੇ’, ‘ਜਥੇਦਾਰ ਜੀ ਦੱਸਣ ਸਿੱਖ ਲਾਇਬਰੇਰੀ ਦਾ ਇਤਿਹਾਸ ਕਿਸ ਨੂੰ ਵੇਚਿਆ ਗਿਆ’ ਅਤੇ ‘ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਜਥੇਦਾਰ ਕਦੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨਗੇ’। ਅਜਿਹੇ ਹੋਰ ਕਈ ਬੈਨਰ ਲੈ ਕੇ ਸਿੱਖ ਸੰਗਤਾਂ ਜਥੇਦਾਰ ਦਾ ਵਿਰੋਧ ਕਰਨ ਪੁੱਜੀਆਂ। ਇਸ ਮੌਕੇ ਸਿੱਖ ਸੰਗਤਾਂ ਦਾ ਕਹਿਣਾ ਸੀ ਕਿ ਉਹ ਸਿੱਖ ਕੌਮ ਦੇ ਜਥੇਦਾਰ ਨੂੰ ਸ਼ੀਸ਼ਾ ਦਿਖਾਉਣ ਆਏ ਹਨ ਕਿ ਉਹ ਸਿੱਖਾਂ ਦੇ ਮਸਲਿਆਂ ਬਾਰੇ ਸੋਚਣ ਤੇ ਸਿਆਸੀ ਪਾਰਟੀਆਂ ਬਾਰੇ ਸੋਚਣਾ ਬੰਦ ਕਰ ਦੇਣ। ਇਸੇ ਦੌਰਾਨ ਸਿੱਖ ਸੰਗਤਾਂ ਦੇ ਵਿਰੋਧ ਕਰਨ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਰੋਧ ਕਰ ਰਹੇ ਲੋਕ ਸਿੱਧੇ ਤੌਰ ‘ਤੇ ਅਕਾਲ ਤਖ਼ਤ ਸਾਹਿਬ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਥੇਦਾਰ ਨੇ ਕਿਹਾ ਕਿ ਮਰਿਆਦਾ ਨੂੰ ਭੰਗ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲੇ ਲੋਕ ਕੌਣ ਹਨ, ਉਹ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਨ੍ਹਾਂ ਨਾਲ ਆ ਕੇ ਕੋਈ ਗੱਲ ਨਹੀਂ ਕੀਤੀ।

RELATED ARTICLES
POPULAR POSTS