
ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਮੁੱਖ ਮੰਤਰੀ ਦਾ ਚੱਲ ਰਿਹਾ ਸੀ ਇਲਾਜ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਭਗਵੰਤ ਮਾਨ ਨੂੰ ਪਿਛਲੇ ਹਫਤੇ ਥਕਾਵਟ ਅਤੇ ਦਿਲ ਦੀ ਧੜਕਣ ਆਮ ਨਾ ਹੋਣ ਕਰਕੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਮੁੱਖ ਮੰਤਰੀ ਮਾਨ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਹੁਣ ਠੀਕ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਰਿਪੋਰਟਾਂ ਵੀ ਨਾਰਮਲ ਆਈਆਂ ਹਨ, ਜਿਸ ਤੋਂ ਬਾਅਦ ਮੁੱਖ ਮੰਤਰੀ ਨੂੰ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਹੈ। ਡਾਕਟਰਾਂ ਨੇ ਸੀਐਮ ਮਾਨ ਨੂੰ ਅਜੇ ਕੁਝ ਦਿਨ ਘਰ ਵਿਚ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਮਾਨ ਨੇ ਹਸਪਤਾਲ ਵਿਚੋਂ ਹੀ ਵੀਡੀਓ ਕਾਨਫਰਸਿੰਗ ਜ਼ਰੀਏ ਕੈਬਨਿਟ ਮੀਟਿੰਗ ਦੀ ਅਗਵਾਈ ਕੀਤੀ ਸੀ। ਭਗਵੰਤ ਮਾਨ ਦੀ ਸਿਹਤ ਦਾ ਹਾਲ ਜਾਣਨ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਅਤੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਹਸਪਤਾਲ ਪਹੁੰਚੇ ਸਨ।

