Breaking News
Home / ਪੰਜਾਬ / ਦਿੱਲੀ ਦੀ ਜਿੱਤ ਨੇ ਆਮ ਆਦਮੀ ਪਾਰਟੀ ਪੰਜਾਬ ‘ਚ ਪਾਈ ਜਾਨ

ਦਿੱਲੀ ਦੀ ਜਿੱਤ ਨੇ ਆਮ ਆਦਮੀ ਪਾਰਟੀ ਪੰਜਾਬ ‘ਚ ਪਾਈ ਜਾਨ

ਮੁੱਖ ਵਿਰੋਧੀ ਧਿਰ ਹੋਣ ਦੇ ਬਾਵਜੂਦ ਚਲੀ ਗਈ ਸੀ ਹਾਸ਼ੀਏ ‘ਤੇ
ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਵਿਚ ਲਗਾਤਾਰ ਤੀਜੀ ਵਾਰ ਸ਼ਾਨਦਾਰ ਜਿੱਤ ਦਾ ਝੰਡਾ ਲਹਿਰਾਉਣ ਨਾਲ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਨੂੰ ਸੰਜੀਵਨੀ ਮਿਲ ਗਈ ਹੈ। ਰਾਜ ਵਿਚ ਮੁੱਖ ਵਿਰੋਧੀ ਧਿਰ ਹੋਣ ਦੇ ਬਾਵਜੂਦ ਹਾਸ਼ੀਏ ‘ਤੇ ਆਈ ‘ਆਪ’ ਹੁਣ ਪੰਜਾਬ ਵਿਚ ਫਿਰ ਤੋਂ ਸਰਗਰਮ ਹੋ ਜਾਵੇਗੀ। ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਨਵੀਂ ਰਣਨੀਤੀ ਨਾਲ ਪਾਰਟੀ ਮੈਦਾਨ ਵਿਚ ਉਤਰੇਗੀ। ਇਸ ਲਈ ਰਣਨੀਤੀ ਦਿੱਲੀ ਵਿਚ ਸਰਕਾਰ ਬਣਨ ਤੋਂ ਬਾਅਦ ਵਿਚ ਹੀ ਬਣੇਗੀ। ਸੂਤਰਾਂ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲਦ ਹੀ ਪੰਜਾਬ ਦਾ ਦੌਰਾ ਕਰਕੇ ਇਥੋਂ ਦੇ ਨੇਤਾਵਾਂ ਵਿਚ ਜੋਸ਼ ਭਰਨਗੇ। ‘ਆਪ’ ਪੰਜਾਬ ਦੇ ਆਗੂਆਂ ਨੇ ਦਿੱਲੀ ਦੀ ਜਿੱਤ ਨੂੰ ਵਿਕਾਸ ਦੀ ਜਿੱਤ ਕਰਾਰ ਦਿੰਦੇ ਹੋਏ ਕਿਹਾ ਕਿ ਪਾਰਟੀ ਹੁਣ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕਰੇਗੀ। ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫਤਰ ਵਿਚ ਲੱਡੂ ਵੰਡ ਕੇ ਪਾਰਟੀ ਦੀ ਜਿੱਤ ਦੀ ਖੁਸ਼ੀ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਵਲੰਟੀਅਰ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਨੇ ਦਿੱਲੀ ਵਿਚ ਇਤਿਹਾਸਕ ਜਿੱਤ ਦਰਜ ਕੀਤੀ ਹੈ ਅਤੇ ਭਾਰਤ ਵਿਚ ਨਵੇਂ ਯੁੱਗ ਦੀ ਰਾਜਨੀਤੀ ਦੀ ਸ਼ੁਰੂਆਤ ਹੋਈ ਹੈ। ਦਿੱਲੀ ਮਾਡਲ ਦੀ ਤਰਜ ‘ਤੇ ਪਾਰਟੀ ਦਾ ਅਗਲਾ ਨਿਸ਼ਾਨਾ ਹੁਣ ਪੰਜਾਬ ਹੀ ਹੋਵੇਗਾ। ਜਿਸ ਤਰ੍ਹਾਂ ਲੋਕਾਂ ਵਲੋਂ ਭਾਜਪਾ ਦੀ ਨਫਰਤ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਗਿਆ ਹੈ, ਉਸੇ ਤਰ੍ਹਾਂ ਪੰਜਾਬ ਵਿਚ ਵੀ ਹੁਣ ਝੂਠ ਅਤੇ ਖੋਖਲੇ ਦਾਅਵਿਆਂ ਦੀ ਰਾਜਨੀਤੀ ਨਹੀਂ ਚੱਲੇਗੀ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਦਿੱਲੀ ਵਿਚ ਲੋਕਾਂ ਨੇ ਕੇਜਰੀਵਾਲ ਦੇ ਵਿਕਾਸ ਮਾਡਲ ਅਤੇ ਕੰਮ ਦੀ ਰਾਜਨੀਤੀ ਨੂੰ ਵੋਟ ਦਿੱਤਾ ਹੈ, ਉਸੇ ਤਰ੍ਹਾਂ ਹੁਣ ਪੰਜਾਬ ਦੇ ਲੋਕਾਂ ਨੂੰ ਪਾਰਟੀ ਦੇ ਕੰਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
ਪਾਰਟੀ ਵਿਚ ਲਾਗੂ ਕੀਤਾ ਜਾਵੇਗਾ ਦਿੱਲੀ ਮਾਡਲ : ਅਮਨ ਅਰੋੜਾ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਰਾਜਨੀਤੀ ਦੀ ਅਰਵਿੰਦ ਕੇਜਰੀਵਾਲ ਨੇ ਮਿਸਾਲ ਪੇਸ਼ ਕੀਤੀ ਹੈ, ਲੋਕ ਹੁਣ ਅਜਿਹੀ ਰਾਜਲੀਤੀ ਕਰਨ ਵਾਲੇ ਆਗੂਆਂ ਨੂੰ ਹੀ ਅੱਗੇ ਲੈ ਕੇ ਆਉਣਗੇ। ਦਿੱਲੀ ਵਿਚ ਪਾਰਟੀ ਦੀ ਜਿੱਤ ਨੇ ਪੰਜਾਬ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਵਿਚ ਨਵਾਂ ਜੋਸ਼ ਭਰ ਦਿੱਤਾ ਹੈ। ਹੁਣ ਇਸੇ ਜੋਸ਼ ਨਾਲ ਪਾਰਟੀ ਪੰਜਾਬ ਵਿਚ ਵੀ ਜਿੱਤ ਦਾ ਝੰਡਾ ਲਹਿਰਾਵੇਗੀ। ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ‘ਆਪ’ ਪੂਰੇ ਵਿਸ਼ਵਾਸ ਨਾਲ ਪੰਜਾਬ ਵਿਚ ਜਿੱਤ ਹਾਸਲ ਕਰੇਗੀ ਅਤੇ ਫਿਰ ਦਿੱਲੀ ਦੇ ਵਿਕਾਸ ਮਾਡਲ ਨੂੰ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …